ਜੀਵਨ ਦਾ ਸੰਚਾਲਨ, ਪੋਸ਼ਣ ਆਦਿ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡੀਆਂ ਇੱਛਾਵਾਂ ਕੀ ਹਨ? ਜਿਸ ਤਰ੍ਹਾਂ ਦਾ ਸਾਡਾ ਮਨੋ-ਭਾਵ ਹੁੰਦਾ ਹੈ, ਅਸੀਂ ਵੈਸੀ ਹੀ ਕਾਮਨਾ ਕਰਦੇ ਹਾਂ। ਫਿਰ ਉਸ ਇੱਛਾ ਦੀ ਪ੍ਰਾਪਤੀ ਲਈ ਕਰਮ ਕਰਨ ਲੱਗ ਜਾਂਦੇ ਹਾਂ। ਇੱਛਾਵਾਂ ਕਦੇ-ਕਦਾਈਂ ਇੰਨੀਆਂ ਬਲਵਾਨ ਹੁੰਦੀਆਂ ਹਨ ਕਿ ਸਾਨੂੰ ਸਹੀ ਅਤੇ ਗ਼ਲਤ ਮਾਰਗ ਦੇ ਮੁਲਾਂਕਣ ਦੀ ਵੀ ਸੋਝੀ ਨਹੀਂ ਰਹਿ ਜਾਂਦੀ ਹੈ। ਕਈ ਵਾਰ ਅਸੀਂ ਆਪਣੀ ਅਵਸਥਾ, ਹਾਲਾਤ, ਸਮਰੱਥਾ ਤੋਂ ਪਰੇ ਵੀ ਲਾਲਸਾਵਾਂ ਪਾਲ ਲੈਂਦੇ ਹਾਂ ਜਿਨ੍ਹਾਂ ਦੇ ਪੂਰੀਆਂ ਨਾ ਹੋਣ ’ਤੇ ਤਣਾਅ ਤੇ ਕਈ ਹੋਰ ਨਾਂਹ-ਪੱਖੀ ਦੋਸ਼ਾਂ ਦੇ ਜਾਲ ਵਿਚ ਫਸ ਜਾਂਦੇ ਹਾਂ। ਇੱਛਾਵਾਂ ਜੇਕਰ ਸਾਡੇ ਮਨ, ਕਰਮ ਅਤੇ ਵਿਵੇਕ ਦੇ ਵਸ ਵਿਚ ਹਨ ਤਾਂ ਉਹ ਹਿਤਕਾਰੀ ਹੁੰਦੀਆਂ ਹਨ ਪਰ ਜੇਕਰ ਇਨ੍ਹਾਂ ਤੋਂ ਪਰੇ ਹਨ ਤਾਂ ਫਿਰ ਇਹ ਸਾਨੂੰ ਨਾਰਾਜ਼ ਕਰਨ ਵਾਲੀਆਂ ਤੇ ਤਬਾਹਕੁੰਨ ਸਾਬਿਤ ਹੋ ਸਕਦੀਆਂ ਹਨ। ਲੰਕਾ ਪਤੀ ਰਾਵਣ ਸਮਰੱਥਾ ਦੇ ਸਿਖ਼ਰ ’ਤੇ ਹੋਣ ਦੇ ਬਾਵਜੂਦ ਮਾਤਾ ਸੀਤਾ ਦੇ ਹਰਨ ਅਤੇ ਵਰਣ ਦੀ ਗ਼ੈਰ-ਵਾਜਿਬ ਇੱਛਾ ਦੀ ਮਾਇਆ ਵਿਚ ਫਸ ਗਿਆ। ਨਤੀਜੇ ਵਜੋਂ ਮਹਾ ਪੰਡਿਤ ਰਾਵਣ ਵੀ ਅਗਿਆਨਤਾ ਕਰ ਬੈਠਾ ਅਤੇ ਤਿਣਕੇ ਵਾਂਗ ਸਮਾਪਤ ਕਰ ਦਿੱਤਾ ਗਿਆ। ਓਥੇ ਹੀ ਮਾਤਾ ਸੀਤਾ ਆਪਣੀ ਤੇਜ਼ ਹਾਂ-ਪੱਖੀ ਇੱਛਾ-ਸ਼ਕਤੀ ਨਾਲ ਰਾਵਣ ਦੇ ਚੁੰਗਲ ’ਚ ਵੀ ਆਪਣੇ ਧਰਮ ਦੀ ਪਾਲਣਾ ਕਰਦੀ ਰਹੀ। ਉਨ੍ਹਾਂ ਦੀ ਲਾਲਸਾ ਕਿਸੇ ਦਾ ਨੁਕਸਾਨ ਕਰਨ ਵਾਲੀ ਨਹੀਂ, ਸਗੋਂ ਆਪਣੇ ਪਤੀ ਨਾਲ ਮਿਲਾਪ ਦੀ ਸੀ। ਆਖ਼ਰਕਾਰ ਉਨ੍ਹਾਂ ਦੀ ਮਨੋ-ਕਾਮਨਾ ਸਿੱਧ ਹੋਈ ਅਤੇ ਅੱਜ ਸਮੁੱਚੇ ਸੰਸਾਰ ਵਿਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਸਤਯੁੱਗ ਤੋਂ ਲੈ ਕੇ ਕਲਯੁੱਗ ਅਤੇ ਸਵਰਗ ਤੋਂ ਲੈ ਕੇ ਪਤਾਲ ਲੋਕ ਤਕ ਅਜਿਹੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ ਜੋ ਸਾਨੂੰ ਉੱਚਿਤ ਇੱਛਾ ਰੱਖਣ ਦੀ ਸਲਾਹ ਦਿੰਦੀਆਂ ਹਨ। ਗ਼ਲਤ ਇੱਛਾਵਾਂ ਸਾਨੂੰ ਪਤਨ ਵੱਲ ਲੈ ਕੇ ਜਾਂਦੀਆਂ ਹਨ ਅਤੇ ਸਾਡੇ ਭੈਅ ਦਾ ਕਾਰਨ ਬਣਦੀਆਂ ਹਨ। ਪਰਿਵਾਰ ਵਿਚ ਕਿਸੇ ਇਕ ਮੈਂਬਰ ਨੇ ਵੀ ਜੇਕਰ ਅਣ-ਉੱਚਿਤ ਇੱਛਾ ਪਾਲ ਲਈ ਹੋਵੇ ਤਾਂ ਉਹ ਪਰਿਵਾਰ ਖਿੰਡਣ-ਪੁੰਡਣ ਵਿਚ ਦੇਰ ਨਹੀਂ ਲੱਗਦੀ। ਕਈ ਵਾਰ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਅਫ਼ਸਰ, ਨੇਤਾ ਕਰਮਚਾਰੀ ਗ਼ਲਤ ਲਾਲਸਾਵਾਂ ਕਾਰਨ ਸਮਾਜ ਲਈ ਹਾਨੀਕਾਰਕ ਫ਼ੈਸਲੇ ਲੈਣ ’ਚ ਵੀ ਝਿਜਕਦੇ ਨਹੀਂ ਹਨ। ਸਾਫ਼ ਹੈ ਕਿ ਇੱਛਾਵਾਂ ’ਤੇ ਵਿਵੇਕ ਤੇ ਮਨ ਦਾ ਕੰਟਰੋਲ ਬਹੁਤ ਜ਼ਰੂਰੀ ਹੈ, ਨਹੀਂ ਤਾਂ ਜੀਵਨ ਰੂਪੀ ਗੱਡੀ ਲੀਹੋਂ ਲੱਥਣ ’ਚ ਦੇਰ ਨਹੀਂ ਲੱਗਦੀ।

-ਸਵਾਤੀ

Posted By: Susheel Khanna