ਚੇਤਨਾ ਅਤੇ ਜੀਵਨ ਆਪਸ ਵਿਚ ਡੂੰਘਾਈ ਨਾਲ ਜੁੜੇ ਹੋਏ ਹਨ। ਬੱਚਾ ਜਨਮ ਲੈਂਦੇ ਹੀ ਆਪਣੇ ਹੋਣ ਦਾ ਅਹਿਸਾਸ ਕਿਸੇ ਨਾ ਕਿਸੇ ਰੂਪ ਵਿਚ ਕਰਦਾ ਜ਼ਰੂਰ ਹੈ। ਬਾਲਗ ਪ੍ਰਾਣੀ ਵਿਚ ਚੇਤਨਾ ਤਰ੍ਹਾਂ-ਤਰ੍ਹਾਂ ਦੇ ਰੂਪ ਵਿਚ ਜਨਮ ਲੈਂਦੀ ਹੈ। ਉਹ ਉਸੇ ਦੇ ਅਨੁਕੂਲ ਪ੍ਰਤੀਕਰਮ ਕਰਦਾ ਹੈ। ਚੇਤਨਾ ਖ਼ੁਦ ਹੀ ਨਿਰ-ਆਧਾਰ ਉਪਜੀ ਜਾਗ੍ਰਿਤੀ ਹੈ ਜਾਂ ਫਿਰ ਆਪਣੇ ਚਾਰੇ ਪਾਸੇ ਹਾਲਾਤ ਅਤੇ ਵਾਤਾਵਰਨ ਤੋਂ ਪ੍ਰੇਰਿਤ ਸੋਚਿਆ-ਸਮਝਿਆ ਪ੍ਰਤੀਕਰਮ। ਪ੍ਰਾਚੀਨ ਇਤਿਹਾਸ ਨੂੰ ਫਰੋਲੀਏ ਤਾਂ ਚੇਤਨਾ ਤੋਂ ਪ੍ਰੇਰਿਤ ਅਣਗਿਣਤ ਮਹਾਨ ਆਤਮਾਵਾਂ ਦੇ ਕਿੱਸੇ ਅਤੇ ਸੱਚੀਆਂ ਕਥਾਵਾਂ ਮਿਲਣਗੀਆਂ ਜਿਨ੍ਹਾਂ ਨੇ ਸਮਾਜ ਨੂੰ ਨਵਾਂ ਮੋੜ ਦਿੱਤਾ। ਆਪੋ-ਆਪਣੇ ਖੇਤਰ ਵਿਚ ਕ੍ਰਾਂਤੀ ਪੈਦਾ ਕੀਤੀ। ਕਿੰਨੇ ਵੀ ਕਸ਼ਟ ਅਤੇ ਵਿਰੋਧ ਸਹਾਰੇ ਪਰ ਆਪਣੀ ਚੇਤਨਾ ਦੀ ਅੱਗ ਨੂੰ ਬੁਝਣ ਨਹੀਂ ਦਿੱਤਾ। ਅਜਿਹੇ ਲੋਕ ਦੇਸ਼ ਹੀ ਨਹੀਂ, ਸਗੋਂ ਸੰਸਾਰ ਭਰ ਵਿਚ ਮਨੁੱਖੀ ਜਾਤੀ ਦੇ ਕਲਿਆਣ ਦੇ ਮਾਧਿਅਮ ਬਣੇ। ਇਸ ਵਿਚਾਰ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਚੇਤਨਾ ਦਾ ਵਿਸ਼ਾ ਮੂਲ ਰੂਪ ਵਿਚ ਭਾਰਤੀ ਸ਼ਾਸਤਰਾਂ ਅਤੇ ਵੇਦਾਂ ਵਿਚ ਸਮਝਾਈ ਗਈ ਰੂਹਾਨੀਅਤ ਨਾਲ ਜੁੜਿਆ ਹੈ, ਇਸ ਲਈ ਚੇਤਨਾ ਨੂੰ ਇਸੇ ਵੈਦਿਕ, ਧਾਰਮਿਕ, ਸੱਭਿਆਚਾਰਕ ਮੁਹਾਂਦਰੇ ਵਿਚ ਹੀ ਸਮਝਿਆ ਜਾਣਾ ਚਾਹੀਦਾ ਹੈ ਨਾ ਕਿ ਪੱਛਮੀ ਵਿਚਾਰਕਾਂ ਦੇ ਨੁਕਤੇ-ਨਜ਼ਰੀਏ ਨਾਲ। ਅਸੀਂ ਸਾਰੇ ਆਪੋ-ਆਪਣੀਆਂ ਚੇਤਨ ਅਵਸਥਾਵਾਂ 'ਚੋਂ ਗੁਜ਼ਰਦੇ ਅਤੇ ਜੂਝਦੇ ਰਹਿੰਦੇ ਹਾਂ। ਜਦ ਕੋਈ ਅਣ-ਮਨੁੱਖੀ ਕਾਰਾ ਦੇਖਦੇ ਜਾਂ ਸੁਣਦੇ ਹਾਂ ਤਾਂ ਸਾਡੀ ਮਨੋ-ਸਥਿਤੀ ਕੁਰਲਾ ਉੱਠਦੀ ਹੈ ਕਿ ਕੀ ਅਜਿਹੇ ਕੁਕਰਮੀ ਦੀ ਚੇਤਨਾ ਉਬਾਲੇ ਨਹੀਂ ਖਾਂਦੀ, ਉਸ ਨੂੰ ਰੁਕਣ ਲਈ ਪ੍ਰੇਰਿਤ ਨਹੀਂ ਕਰਦੀ? ਕੀ ਉਸ ਦੀ ਚੇਤਨਾ ਨੇ ਸਹੀ-ਗ਼ਲਤ ਵਿਚ ਫ਼ਰਕ ਕਰਨਾ ਛੱਡ ਦਿੱਤਾ ਹੈ ਜਾਂ ਫਿਰ ਉਸ ਦੀ ਅੰਤਰ-ਆਤਮਾ 'ਤੇ ਧੂੜ-ਮਿੱਟੀ ਜੰਮ ਚੁੱਕੀ ਹੈ। ਦਰਅਸਲ, ਅਸੀਂ ਆਪਣੀ ਚੇਤਨਾ ਦੇ ਮੁਤਾਬਕ ਤਾਉਮਰ ਚੰਗੇ-ਬੁਰੇ ਨੂੰ ਪਰਿਭਾਸ਼ਤ ਕਰਦੇ ਰਹਿੰਦੇ ਹਾਂ। ਚੇਤਨਾ ਨਾਲ ਸੋਚ ਬਣਦੀ ਹੈ ਅਤੇ ਮਨ ਭਾਵਨਾਵਾਂ ਨੂੰ ਜਨਮ ਦਿੰਦਾ ਹੈ। ਆਮ ਤੌਰ 'ਤੇ ਭਾਵਨਾਵਾਂ ਸੋਚ 'ਤੇ ਭਾਰੂ ਹੋਣ ਲੱਗਦੀਆਂ ਹਨ। ਅਸੀਂ ਭਾਵਨਾਵਾਂ ਦੇ ਜਾਲ 'ਚ ਫਸ ਕੇ ਸਹੀ ਸੋਚ ਸਹਾਰੇ ਬਚ ਕੇ ਨਿਕਲਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ। ਇਸ ਤੋਂ ਬਚਣ ਲਈ ਆਪਣੀ ਸਹੀ ਚੇਤਨਾ ਨੂੰ ਤਰਾਸ਼ਣਾ ਜ਼ਰੂਰੀ ਹੋ ਜਾਂਦਾ ਹੈ। ਅਜਿਹੇ 'ਚ ਰੂਹਾਨੀ ਗਿਆਨ ਕਾਰਗਰ ਸਿੱਧ ਹੋ ਜਾਂਦਾ ਹੈ। ਹਾਲਾਂਕਿ ਖ਼ੁਦ ਆਪਣੀ ਚੇਤਨਾ ਨੂੰ ਜਾਗ੍ਰਿਤ ਕਰਨ ਨਾਲ ਹੀ ਇਹ ਸੰਭਵ ਹੈ।

-ਛਾਇਆ ਸ੍ਰੀਵਾਸਤਵ।

Posted By: Jagjit Singh