ਹਰ ਕਿਸੇ ਦੇ ਜੀਵਨ ਵਿਚ ਇਕਾਗਰਤਾ ਦਾ ਬਹੁਤ ਮਹੱਤਵ ਹੁੰਦਾ ਹੈ। ਜੇ ਕਹਿ ਲਿਆ ਜਾਵੇ ਕਿ ਇਹ ਸਫਲਤਾ ਦੀ ਕੁੰਜੀ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਆਪਣੇ ਬਿਖਰੇ ਹੋਏ ਧਿਆਨ ਨੂੰ ਇਕ ਜਗ੍ਹਾ ਟਿਕਾਉਣ ਨੂੰ ਇਕਾਗਰਤਾ ਕਹਿੰਦੇ ਹਨ। ਚੁਫੇਰਿਓਂ ਧਿਆਨ ਹਟਾ ਕੇ ਆਪਣੇ ਟੀਚੇ ਵੱਲ ਕੇਂਦਰਿਤ ਕਰਨਾ ਕੋਈ ਸੌਖਾ ਕੰਮ ਨਹੀਂ। ਇਹ ਆਪਣੇ-ਆਪ 'ਚ ਇਕ ਚੁਣੌਤੀ ਹੈ। ਅੱਜਕੱਲ੍ਹ ਦੀ ਭੱਜ-ਨੱਠ ਭਰੀ ਜ਼ਿੰਦਗੀ 'ਚ ਆਪਣੇ ਭਟਕੇ ਹੋਏ ਮਨ ਨੂੰ ਇਕਾਗਰ ਚਿੱਤ ਕਰਨਾ ਹਿਮਾਲਿਆ 'ਤੇ ਚੜ੍ਹਨ ਦੇ ਬਰਾਬਰ ਹੈ। ਇਕਾਗਰਤਾ ਉਦੋਂ ਹੀ ਸੰਭਵ ਹੁੰਦੀ ਹੈ ਜਦੋਂ ਤੁਸੀਂ ਬਾਹਰੀ ਚਮਕ-ਦਮਕ ਅਤੇ ਛਲਾਵੇ ਤੋਂ ਅਣਭਿੱਜ ਰਹਿੰਦੇ ਹੋ। ਇਕਾਗਰਤਾ ਲਈ ਕੁਝ ਗੱਲਾਂ 'ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਨਿਰਧਾਰਤ ਕਰੋ। ਫਿਰ ਉਸ ਨੂੰ ਹਾਸਲ ਕਰਨ ਲਈ ਉਸ ਵਿਚ ਪੂਰੀ ਤਰ੍ਹਾਂ ਖੁੱਭ ਜਾਓ। ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹੋ। ਉਨ੍ਹਾਂ ਨੂੰ ਆਪਣਾ ਮਾਰਗਦਰਸ਼ਕ ਬਣਾਓ। ਟੀਵੀ 'ਤੇ ਉਹੀ ਲੜੀਵਾਰ ਦੇਖੋ ਜਿਨ੍ਹਾਂ ਨੂੰ ਵੇਖਣ 'ਤੇ ਤੁਹਾਨੂੰ ਕੋਈ ਸੇਧ ਮਿਲਦੀ ਹੈ। ਸਵੇਰੇ ਉੱਠ ਕੇ ਪਰਮਾਤਮਾ ਦਾ ਨਾਂ ਜ਼ਰੂਰ ਲਵੋ। ਨਾਮ-ਸਿਮਰਨ ਨਾਲ ਮਨ ਨੂੰ ਟਿਕਾਅ ਮਿਲਦਾ ਹੈ। ਭਗਤੀ ਮਨ ਨੂੰ ਸ਼ਾਂਤ ਰੱਖਦੀ ਹੈ ਅਤੇ ਸ਼ਾਂਤ ਮਨ ਕਦੇ ਭਟਕਦਾ ਨਹੀਂ। ਹੋ ਸਕੇ ਤਾਂ ਯੋਗਾ ਲਈ ਸਮਾਂ ਜ਼ਰੂਰ ਕੱਢੋ। ਯੋਗਾ ਦਾ ਮਤਲਬ ਹੀ ਤਨ ਦਾ ਮਨ ਅਤੇ ਮਨ ਦਾ ਰੱਬ ਨਾਲ ਸੁਮੇਲ ਹੈ। ਯੋਗਾ ਇਨਸਾਨ ਦੀ ਇਕਾਗਰਤਾ ਵਧਾਉਣ ਵਿਚ ਬਹੁਤ ਸਹਾਈ ਹੁੰਦਾ ਹੈ। ਜਦੋਂ ਅਸੀਂ ਕਿਸੇ ਕੰਮ ਵਿਚ ਚੰਗੀ ਤਰ੍ਹਾਂ ਲੱਗ ਗਏ ਤਾਂ ਉਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਸਕਦੇ ਹਾਂ। ਇਹ ਇਕਾਗਰਤਾ ਹੀ ਸੀ ਜਿਸ ਸਦਕਾ ਅਰਜਨ ਮੱਛੀ ਦੀ ਅੱਖ ਨੂੰ ਫੁੰਡਣ 'ਚ ਕਾਮਯਾਬ ਰਿਹਾ ਸੀ। ਇੱਥੋਂ ਇਹ ਨਤੀਜਾ ਨਿਕਲਦਾ ਹੈ ਕਿ ਇਕਾਗਰ ਚਿੱਤ ਹੋ ਕੇ ਕੀਤੇ ਕੰਮ ਵਿਚ ਗ਼ਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ। ਇਕਾਗਰਤਾ ਦੀ ਹਰ ਖੇਤਰ ਵਿਚ ਬਹੁਤ ਅਹਿਮੀਅਤ ਹੁੰਦੀ ਹੈ। ਖ਼ਾਸ ਤੌਰ 'ਤੇ ਵਿਦਿਆਰਥੀ ਵਰਗ ਲਈ ਇਸ ਦੀ ਮਹੱਤਤਾ ਬਹੁਤ ਜ਼ਿਆਦਾ ਹੁੰਦੀ ਹੈ। ਇਕਾਗਰ ਚਿੱਤ ਹੋ ਕੇ ਕੀਤੀ ਪੜ੍ਹਾਈ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇੱਧਰ-ਓਧਰ ਧਿਆਨ ਨਾ ਭਟਕਣ ਦਿਓ। ਸਿਰਫ਼ ਆਪਣੇ ਟੀਚੇ 'ਤੇ ਹੀ ਧਿਆਨ ਕੇਂਦਰਿਤ ਕਰੋ। ਇਕਾਗਰਤਾ ਨਾਲ ਕੀਤੇ ਕੰਮ ਦਾ ਤੁਹਾਨੂੰ ਸਾਰਥਕ

ਫਲ ਜ਼ਰੂਰ ਮਿਲੇਗਾ।

-ਨਵਦੀਪ ਸਿੰਘ ਭਾਟੀਆ। (98767-29056)

Posted By: Rajnish Kaur