ਨਵੀਂ ਦਿੱਲੀ : ਇਸ ਸਾਲ ਸਾਉਣ ਮਹੀਨਾ ਸੋਮਵਾਰ ਤੋਂ ਸ਼ੁਰੂ ਹੋ ਕੇ ਸੋਮਵਾਰ ਨੂੰ ਹੀ ਖ਼ਤਮ ਹੋ ਰਿਹਾ ਹੈ। ਤਿੰਨ ਅਗਸਤ ਤਕ ਚੱਲਣ ਵਾਲੇ ਸਾਉਣ ਮਹੀਨੇ 'ਚ ਪੰਜ ਸੋਮਵਾਰਾਂ ਦਾ ਵਿਸ਼ੇਸ਼ ਯੋਗ ਬਣਿਆ ਹੈ। ਸਾਉਣ ਮਹੀਨੇ 'ਚ ਦੋ ਸੋਮਵਾਰਾਂ ਨੂੰ ਵਿਸ਼ੇਸ਼ ਰੂਪ 'ਚ ਮੱਸਿਆ ਤੇ ਪੂਰਨਮਾਸ਼ੀ ਆ ਰਹੀ ਹੈ। ਸਾਉਣ ਮਹੀਨੇ 'ਚ ਪੰਜ ਸੋਮਵਾਰ 6 ਜੁਲਾਈ ਪ੍ਰਤੀਪਦਾ, 13 ਜੁਲਾਈ ਅਸ਼ਟਮੀ, 20 ਜੁਲਾਈ ਮੱਸਿਆ, 27 ਜੁਲਾਈ ਸਪਤਮੀ, 3 ਅਗਸਤ ਪੂਰਨਮਾਸ਼ੀ 'ਤੇ ਵਿਸ਼ੇਸ਼ ਯੋਗ ਬਣ ਰਹੇ ਹਨ। ਪੰਡਿਤ ਪਵਨ ਸ਼ਾਸਤਰੀ ਰੀਵਾ ਵਾਲਿਆਂ ਨੇ ਦੱਸਿਆ ਕਿ ਸਾਉਣ 'ਚ ਸੋਮਵਤੀ ਮੱਸਿਆ ਤੇ ਸੋਮਵਾਰ ਨੂੰ ਪੂਰਨਮਾਸ਼ੀ ਦਾ ਸੰਯੋਗ 47 ਸਾਲ ਬਾਅਦ ਆਇਆ ਹੈ, ਜਦੋਂਕਿ 20 ਸਾਲ ਬਾਅਦ ਸਾਉਣ ਸੋਮਵਾਰ ਨੂੰ ਸੋਮਵਤੀ ਤੇ ਹਰਿਆਲੀ ਮੱਸਿਆ ਦਾ ਸੰਯੋਗ ਬਣ ਰਿਹਾ ਹੈ। ਇਸ ਤੋਂ ਪਹਿਲਾਂ 31 ਜੁਲਾਈ, 2000 ਨੂੰ ਸੋਮਵਤੀ ਤੇ ਹਰਿਆਲੀ ਮੱਸਿਆ ਇੱਕੋ ਵੇਲੇ ਸੀ।

ਪੰਡਿਤ ਕੇਸ਼ਵ ਮਹਾਰਾਜ ਨੇ ਦੱਸਿਆ ਕਿ ਇਸ ਸਾਲ ਹਰਿਆਲੀ ਮੱਸਿਆ ਦੇ ਦਿਨ ਚੰਦਰ, ਬੁੱਧ, ਵੀਰ, ਸ਼ੁੱਕਰ ਤੇ ਸ਼ਨੀ ਗ੍ਰਹਿ ਆਪਣੀਆਂ-ਆਪਣੀਆਂ ਰਾਸ਼ੀਆਂ 'ਚ ਰਹਿਣਗੇ। ਗ੍ਰਹਿਆਂ ਦੀ ਇਸ ਸਥਿਤੀ ਦਾ ਸ਼ੁੱਭ ਪ੍ਰਭਾਵ ਕਈ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। ਮਹਿਲਾਵਾਂ ਵੱਲੋਂ ਤੁਲਸੀ ਨੂੰ 108 ਵਾਰ ਪਰਿਕਰਮਾ ਕੀਤੀ ਜਾਂਦੀ ਹੈ।

ਸੋਮਵਾਰ ਤੋਂ ਸ਼ੁਰੂ ਤੇ ਇਸ ਦਿਨ ਸਮਾਪਤ ਦਾ ਸੰਯੋਗ ਹੁਣ 2024 'ਚ ਬਣੇਗਾ

ਪੰਡਿਤ ਸੰਤੋਸ਼ ਸ਼ਰਮਾ ਅਨੁਸਾਰ ਸਾਉਣ ਮਹੀਨੇ ਦਾ ਆਰੰਭ ਸਮੋਵਾਰ ਤੇ ਸਮਾਪਤੀ ਸੋਮਵਾਰ ਨੂੰ ਹੋਣ ਦਾ ਯੋਗ ਪਹਿਲਾਂ 1976, 1990, 1997 ਤੇ 2017 'ਚ ਬਣਿਆ ਸੀ। ਅੱਗੇ ਹੁਣ 2024 'ਚ ਇਹ ਅਦਭੁੱਤ ਸੰਯੋਗ ਬਣੇਗਾ। ਉਸ ਸਮੇਂ 22 ਜੁਲਾਈ ਸੋਮਵਾਰ ਤੋਂ ਸਾਉਣ ਮਹੀਨਾ ਸ਼ੁਰੂ ਹੋ ਕੇ 19 ਅਗਸਤ ਸੋਮਵਾਰ ਨੂੰ ਖ਼ਤਮ ਹੋਵੇਗਾ।

ਹਰਿਆਲੀ ਮੱਸਿਆ 'ਤੇ ਲਾਉਣੇ ਚਾਹੀਦੇ ਹਨ ਬੂਟੇ

ਪੰਡਿਤ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸਾਉਣ ਹਰਿਆਲੀ ਤੇ ਉਤਸ਼ਾਹ ਮਹੀਨਾ ਮੰਨਿਆ ਜਾਂਦਾ ਹੈ। ਇਸ ਲਈ ਇਸ ਮਹੀਨੇ ਦੀ ਮੱਸਿਆ 'ਤੇ ਕੁਦਰਤ ਦੇ ਨੇੜੇ ਆਉਣ ਲਈ ਬੂਟੇ ਲਾਏ ਜਾਂਦੇ ਹਨ। ਇਸ ਦਿਨ ਬੂਟੇ ਲਾਉਣ ਨਾਲ ਗ੍ਰਹਿ ਦੋਸ਼ ਸ਼ਾਂਤ ਹੁੰਦੇ ਹਨ। ਮੱਸਿਆ ਤਰੀਕ ਦਾ ਸਬੰਧ ਪਿੱਤਰਾਂ ਨਾਲ ਵੀ ਮੰਨਿਆ ਜਾਂਦਾ ਹੈ। ਭਗਵਾਨ ਸ਼੍ਰੀਕ੍ਰਿਸ਼ਨ ਗੀਤਾ 'ਚ ਕਹਿੰਦੇ ਹਨ ਕਿ ਉਹ ਖ਼ੁਦ ਪਿੱਤਰਾਂ 'ਚ ਪ੍ਰਮੁੱਖ ਅਰਿਯਮਾ ਹਨ। ਹਰਿਆਲੀ ਮੱਸਿਆ ਵਾਲੇ ਦਿਨ ਬੂਟੇ ਲਾਉਣ ਨਾਲ ਪਿੱਤਰ ਵੀ ਸੰਤੁਸ਼ਟ ਹੁੰਦੇ ਹਨ, ਯਾਨੀ ਇਸ ਦਿਨ ਬੂਟੇ ਲਾਉਣ ਨਾਲ ਕੁਦਰਤ ਤੇ ਪਿੱਤਰ ਦੋਵੇਂ ਹੀ ਸੰਤੁਸ਼ਟ ਹੋ ਕੇ ਮਨੁੱਖ ਨੂੰ ਖ਼ੁਸ਼ਹਾਲੀ ਦਾ ਆਸ਼ੀਰਵਾਦ ਦਿੰਦੇ ਹਨ। ਇਸ ਲਈ ਇਸ ਦਿਨ ਇਕ ਬੂਟਾ ਲਉਣਾ ਸ਼ੁੱਭ ਮੰਨਆਿ ਜਾਂਦਾ ਹੈ।

Posted By: Harjinder Sodhi