ਸੁੱਖ ਤੇ ਦੁੱਖ ਇਕ-ਦੂਜੇ ਦੀ ਹੋਂਦ ਅਤੇ ਕਦਰਾਂ-ਕੀਮਤਾਂ ਦੀ ਰੱਖਿਆ ਲਈ ਬੇਹੱਦ ਜ਼ਰੂਰੀ ਹਨ। ਇਕ ਦੇ ਬਿਨਾਂ ਦੂਜੇ ਦੀ ਹੋਂਦ ਨਹੀਂ ਹੈ। ਇਕ ਦੇ ਰਹਿਣ ’ਤੇ ਦੂਜੇ ਦੀ ਮਹੱਤਤਾ ਆਪਣੇ-ਆਪ ਵੱਧ ਜਾਂਦੀ ਹੈ ਜਦਕਿ ਇਕ ਦੇ ਨਾ ਹੋਣ ’ਤੇ ਦੂਜਾ ਅਰਥਹੀਣ ਹੋ ਜਾਂਦਾ ਹੈ। ਸੁੱਖ ਅਤੇ ਦੁੱਖ ਪਰਮਾਤਮਾ ਵੱਲੋਂ ਜੀਵ ਦੇ ਕਰਮਾਂ ਅਨੁਸਾਰ ਉਸ ਨੂੰ ਮਿਲਿਆ ਕਰਮਾਂ ਦਾ ਪ੍ਰਸ਼ਾਦ ਹਨ।

ਪ੍ਰਸ਼ਾਦ ਤਾਂ ਪ੍ਰਸ਼ਾਦ ਹੁੰਦਾ ਹੈ, ਚਾਹੇ ਉਹ ਵੱਡਾ ਅਨਾਰ ਹੋਵੇ ਜਾਂ ਸੁੱਕਿਆ ਹੋਇਆ ਅਖਰੋਟ। ਭੌਤਿਕ ਦ੍ਰਿਸ਼ਟੀ ਨਾਲ ਇਹ ਤੁਲਨਾ ਸਾਨੂੰ ਕੁਝ ਪਲਾਂ ਲਈ ਕਸ਼ਟ ਦੇ ਭੰਵਰ ਵਿਚ ਫਸਾ ਸਕਦੀ ਹੈ ਪਰ ਸੂਖਮ ਰੂਪ ਵਿਚ ਉਸ ਨੂੰ ਵਸਤੂ ਨਾ ਮੰਨ ਕੇ ਪ੍ਰਸ਼ਾਦ ਦੇ ਰੂਪ ਵਿਚ ਸਵੀਕਾਰ ਕਰਨ ਦੀ ਦ੍ਰਿਸ਼ਟੀ ਦੁਖੀ ਹਿਰਦੇ ਵਿਚ ਹਕੀਕੀ ਆਨੰਦ ਦਾ ਸੰਚਾਰ ਕਰ ਸਕਦੀ ਹੈ। ਜੇ ਜੀਵਨ ਵਿਚ ਸੁੱਖ ਹੀ ਸੁੱਖ ਹੋਣ ਤਾਂ ਦੁੱਖਾਂ ਦੀ ਤੁਲਨਾ ਵਿਚ ਉਨ੍ਹਾਂ ਦੀ ਗੁਣਵੱਤਾ ਅਤੇ ਸ੍ਰੇਸ਼ਠਤਾ ਦਾ ਬੋਧ ਭਲਾ ਕਿੱਦਾਂ ਹੋਵੇ? ਅਨੁਕੂਲਤਾ ਦੀ ਸ੍ਰੇਸ਼ਠਤਾ ਯਕੀਨੀ ਬਣਾਉਣ ਲਈ ਉਲਟ ਹਾਲਾਤ ਦਾ ਹੋਣਾ ਲਾਜ਼ਮੀ ਹੈ।

ਸੁੱਖ ਅਤੇ ਦੁੱਖ, ਦੋਵਾਂ ਦੀ ਹੀ ਰਚਨਾ ਈਸ਼ਵਰ ਦੁਆਰਾ ਮਨੁੱਖ ਦੇ ਸਬਰ, ਵਿਸ਼ਵਾਸ, ਆਸਥਾ, ਹੌਸਲੇ, ਦਿ੍ਰੜ੍ਹਤਾ ਆਦਿ ਦੇ ਪ੍ਰੀਖਣ ਲਈ ਕੀਤੀ ਜਾਂਦੀ ਹੈ। ਦੁੱਖਾਂ ਦੀ ਭੱਠੀ ਵਿਚ ਤਪ ਕੇ ਸੁੱਖ ਵੱਧ ਪ੍ਰਭਾਵਸ਼ਾਲੀ, ਆਨੰਦਦਾਇਕ ਅਤੇ ਦਿਲਚਸਪ ਲੱਗਣ ਲੱਗਦੇ ਹਨ। ਬਿਨਾਂ ਦੁੱਖਾਂ ਦੇ ਸੁੱਖ ਦਾ ਆਨੰਦ ਨਹੀਂ ਮਿਲਦਾ ਹੈ। ਭੋਜਨ ਪਦਾਰਥਾਂ ਵਿਚ ਜੇ ਮਸਾਲੇ ਨਾ ਵੀ ਹੋਣ ਤਾਂ ਇਕੱਲੇ ਲੂਣ ਕਾਰਨ ਕੰਮ ਚੱਲ ਸਕਦਾ ਹੈ ਪਰ ਬਿਨਾਂ ਲੂਣ ਤੋਂ ਅਨੇਕ ਮਸਾਲਿਆਂ ਦਾ ਗੁਣ ਵੀ ਫਿੱਕਾ ਪੈ ਜਾਂਦਾ ਹੈ। ਦੁੱਖ ਜੀਵਨ ਰੂਪੀ ਬਾਗ਼ ਵਿਚ ਖਿੜੇ ਹੋਏ ਸੁੱਖ ਰੂਪੀ ਫੁੱਲਾਂ ਦੀ ਰੱਖਿਆ ਲਈ ਢਾਲ ਹਨ। ਦੁੱਖ ਮਨੁੱਖ ਨੂੰ ਅਡੰਬਰ, ਦਿਖਾਵੇ, ਉਲਟ ਹਾਲਾਤ ਦਾ ਟਾਕਰਾ ਕਰਨ ਦੇ ਕਾਬਲ ਬਣਾਉਂਦੇ ਹਨ। ਮਨੁੱਖ ਲਈ ਸੁੱਖ ਹੀ ਮਹਿਜ਼ ਪਰਮਾਤਮਾ ਦੇ ਦੁਰਲੱਭ ਤੋਹਫ਼ੇ ਨਹੀਂ ਹਨ ਸਗੋਂ ਦੁੱਖ ਵੀ ਘੱਟ ਨਹੀਂ ਹਨ ਜੋ ਜੀਵ ਨੂੰ ਉਸ ਦੇ ਅਸਲੀ ਸਰੂਪ ਦਾ ਬੋਧ ਕਰਵਾਉਂਦੇ ਹਨ। ਦੁੱਖ ਤਾਂ ਸੁੱਖਾਂ ਦੇ ਕਿਲੇ੍ਹ ਦਾ ਜਿੰਦਰਾ ਖੋਲ੍ਹਣ ਦੀ ਚਾਬੀ ਹਨ।

ਜੋ ਇਨਸਾਨ ਦੁੱਖ-ਤਕਲੀਫ਼ਾਂ ਦਾ ਮਜ਼ਬੂਤੀ ਨਾਲ ਟਾਕਰਾ ਕਰਦਾ ਹੈ, ਉਹੀ ਜੀਵਨ ਵਿਚ ਬੁਲੰਦੀਆਂ ਛੂੰਹਦਾ ਹੈ। ਜੇ ਇਨਸਾਨ ਸੁੱਖ ਤੇ ਦੁੱਖ ਨੂੰ ਜੀਵਨ ਦਾ ਹਿੱਸਾ ਮੰਨ ਕੇ ਚੱਲੇ ਤਾਂ ਉਹ ਇਨ੍ਹਾਂ ਦੋਵਾਂ ਵਿਚ ਹੀ ਸੰਤੁਲਿਤ ਹੋ ਕੇ ਜੀਵਨ ਗੁਜ਼ਾਰ ਸਕਦਾ ਹੈ। ਇਸੇ ਸੰਤੁਲਨ ਸਦਕਾ ਹੀ ਇਨਸਾਨ ਜੀਵਨ ਦਾ ਅਸਲੀ ਆਨੰਦ ਮਾਣ ਸਕਦਾ ਹੈ।

-ਪ੍ਰੋ. ਦਿਨੇਸ਼ ਚਮੋਲਾ ‘ਸ਼ੈਲੇਸ਼’।

Posted By: Sunil Thapa