ਵਰਤ ਦਾ ਅਰਥ ਹੁੰਦਾ ਹੈ-ਆਪਣੇ ਕੋਲ ਰਹਿਣਾ। ਆਤਮਾ ਦੇ ਕੋਲ ਨਿਵਾਸ ਕਰਨਾ ਵਰਤ ਹੈ। ਜਿਵੇਂ ਉਪਨਿਸ਼ਦ ਦਾ ਅਰਥ ਹੈ-ਗੁਰੂ ਦੇ ਕੋਲ ਬੈਠਣਾ, ਉਸੇ ਤਰ੍ਹਾਂ ਵਰਤ ਰੱਖਣਾ ਆਪਣੇ ਕੋਲ ਬੈਠਣ ਵਾਂਗ ਹੈ। ਵਰਤ ਦਾ ਅਰਥ ਭੁੱਖੇ ਰਹਿਣਾ ਨਹੀਂ ਹੈ। ਇਕ ਸੰਨਿਆਸੀ ਮੇਰੇ ਕੋਲ ਆਇਆ। ਆਸ਼ਰਮ ਵਿਚ ਮੈਂ ਧਿਆਨ ਦਾ ਅਭਿਆਸ ਕਰਵਾਉਂਦਾ ਸਾਂ। ਮੈਂ ਕਿਹਾ, ਤੁਸੀਂ ਭੋਜਨ ਖਾ ਕੇ ਜਾਓ। ਉਨ੍ਹਾਂ ਨੇ ਕਿਹਾ ਕਿ ਅੱਜ ਤਾਂ ਮੇਰਾ ਵਰਤ ਹੈ।

ਮੈਂ ਪੁੱਛਿਆ ਕਿ ਤੁਸੀਂ ਕਿੱਦਾਂ ਵਰਤ ਰੱਖਦੇ ਹੋ? ਉਨ੍ਹਾਂ ਕਿਹਾ, 'ਤੁਸੀਂ ਇੰਨਾ ਵੀ ਨਹੀਂ ਜਾਣਦੇ? ਭੋਜਨ ਨਹੀਂ ਖਾਈਦਾ।' ਮੈਂ ਕਿਹਾ ਕਿ ਜੇਕਰ ਭੋਜਨ ਨਾ ਖਾਣ ਨੂੰ ਤੁਸੀਂ ਵਰਤ ਸਮਝਦੇ ਹੋ ਤਾਂ ਫਿਰ ਅੰਨ ਤਿਆਗਣਾ ਕੀ ਹੈ? ਜਦ ਤੁਸੀਂ ਅੰਨ ਤਿਆਗ ਦਿਓਗੇ ਤਾਂ ਤੁਸੀਂ ਆਤਮਾ ਦੇ ਲਾਗੇ ਰਹਿ ਵੀ ਨਹੀਂ ਸਕੇ। ਅੰਨ ਤਿਆਗਣਾ ਅਜਿਹੀ ਅਵਸਥਾ ਹੈ ਕਿ ਖਾਧਾ ਤਾਂ ਨਹੀਂ ਪਰ ਖਾਣ ਦਾ ਖ਼ਿਆਲ ਹੈ। ਅਜਿਹੇ ਵਿਚ ਵਾਰ-ਵਾਰ ਖ਼ਿਆਲ ਆਵੇਗਾ ਕਿ ਭੁੱਖ ਲੱਗੀ ਹੈ, ਪਿਆਸ ਲੱਗੀ ਹੈ।

ਮੈਂ ਉਨ੍ਹਾਂ ਨੂੰ ਕਿਹਾ ਕਿ ਵਰਤ ਰੱਖਣ ਅਤੇ ਅੰਨ ਤਿਆਗਣ, ਦੋਵਾਂ ਵਿਚ ਭੋਜਨ ਨਹੀਂ ਖਾਧਾ ਜਾਂਦਾ ਪਰ ਅੰਨ ਤਿਆਗਣ ਵੇਲੇ ਆਦਮੀ ਸਰੀਰ ਦੇ ਕੋਲ ਰਹਿੰਦਾ ਹੈ-24 ਘੰਟੇ। ਓਥੇ ਹੀ ਵਰਤ ਉਹ ਹੈ ਕਿ ਕਿਸੇ ਦਿਨ ਅਜਿਹੀ ਮਸਤੀ ਵਿਚ ਆਪਣੇ ਅੰਦਰ ਚਲੇ ਆਓ ਕਿ ਉਸ ਤੋਂ ਬਾਅਦ ਸਰੀਰ ਦੀ ਕੋਈ ਯਾਦ ਹੀ ਨਾ ਰਹੇ। ਸੰਨਿਆਸੀ ਨੂੰ ਮੈਂ ਕਿਹਾ ਕਿ ਤੁਸੀਂ ਧਿਆਨ ਵਿਚ ਇੱਦਾਂ ਡੁੱਬ ਜਾਓ ਕਿ ਉੱਠਣ ਨੂੰ ਮਨ ਹੀ ਨਾ ਕਰੇ। ਉਸ ਨਾਲ ਇਕ ਨੌਜਵਾਨ ਰਹਿੰਦਾ ਸੀ।

ਉਸ ਨੇ ਇਕ ਦਿਨ ਸਵੇਰੇ ਆ ਕੇ ਮੈਨੂੰ ਕਿਹਾ ਕਿ ਅੱਜ ਚਾਰ ਵਜੇ ਤੋਂ ਉਹ ਧਿਆਨ ਲਗਾ ਰਹੇ ਹਨ। ਨੌਂ ਵੱਜ ਗਏ ਹਨ ਪਰ ਉਹ ਅਜੇ ਤਕ ਉੱਠੇ ਨਹੀਂ। ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਮੈਂ ਕਿਹਾ ਕਿ ਉਨ੍ਹਾਂ ਨੂੰ ਉਸੇ ਹਾਲਤ ਵਿਚ ਰਹਿਣ ਦਿਓ ਜਿਸ ਵਿਚ ਉਹ ਹਨ। ਉਸੇ ਦਿਨ ਰਾਤ ਗਿਆਰਾਂ ਵਜੇ ਸੰਨਿਆਸੀ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ ਮੈਂ ਅੱਜ ਸਮਝਿਆ ਕਿ ਵਰਤ ਕੀ ਹੁੰਦਾ ਹੈ! ਸਾਰਾ ਸਰੀਰ ਅਦਭੁਤ ਯੰਤਰ ਹੈ। ਜਦ ਅਸੀਂ ਅੰਦਰ ਹੁੰਦੇ ਹਾਂ ਤਾਂ ਉਹ ਖ਼ੁਦ ਵਿਵਸਥਾ ਕਰਨ ਲੱਗਦਾ ਹੈ। ਕਿੰਨਾ ਚੰਗਾ ਹੋਵੇਗਾ ਜੇਕਰ ਮਨੁੱਖੀ ਸਰੀਰ ਅਜਿਹਾ ਹੋਵੇ ਕਿ ਉਹ ਆਟੋਮੈਟਿਕ ਯੰਤਰ ਵਾਂਗ ਆਪਣਾ ਕੰਮ ਕਰਦਾ ਰਹੇ ਅਤੇ ਤੁਹਾਡੀ ਉਡੀਕ ਕਰੇ ਕਿ ਜਦ ਤੁਸੀਂ ਬਾਹਰ ਆਓਗੇ ਤਦ ਉਹ ਤੁਹਾਨੂੰ ਭੁੱਖ-ਪਿਆਸ ਦੀ ਖ਼ਬਰ ਦੇਵੇਗਾ। ਇਸ ਲਈ ਮੈਂ ਤਾਂ ਇਹ ਕਹਿੰਦਾ ਹਾਂ ਕਿ ਵਰਤ ਨੂੰ ਆਤਮਾ ਦੇ ਨੇੜੇ ਹੋਣਾ ਮੰਨਿਆ ਜਾ ਸਕਦਾ ਹੈ।

-ਓਸ਼ੋ।

Posted By: Sunil Thapa