ਸੰਗੀਤ ਸ਼ਬਦ ਦੇ ਉਚਾਰਨ ਨਾਲ ਹੀ ਮਨ ਨੱਚ ਉੱਠਦਾ ਹੈ, ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਤੇ ਮਨ ਵਿਚ ਉਮੰਗ ਤੇ ਉਤਸ਼ਾਹ ਦੀ ਅਥਾਹ ਧਾਰਾ ਵਗਣ ਲੱਗਦੀ ਹੈ। ਮਕਸਦ ਇਹੋ ਹੈ ਕਿ ਸੰਗੀਤ ਪ੍ਰਤੀਕ ਹੈ ਜੀਵਨ ਦਾ, ਸੰਗੀਤ ਪ੍ਰਤੀਕ ਹੈ ਆਤਮਾ ਦਾ, ਸੰਗੀਤ ਪ੍ਰਤੀਕ ਹੈ ਅਹਿਸਾਸ ਦਾ। ਮਹਾਨ ਲਿਬਨਾਨੀ-ਅਮਰੀਕੀ ਕਲਾਕਾਰ ਤੇ ਕਵੀ ਖਲੀਲ ਜ਼ਿਬਰਾਨ ਨੇ ਇਕ ਵਾਰ ਕਿਹਾ ਸੀ ਕਿ ਸੰਗੀਤ ਆਤਮਾ ਦੀ ਜ਼ੁਬਾਨ ਹੁੰਦੀ ਹੈ। ਜਿੱਥੇ ਸਾਡੀ ਜ਼ੁਬਾਨ ਬੰਦ ਹੋ ਜਾਂਦੀ ਹੈ, ਉੱਥੇ ਸੰਗੀਤ ਦੀ ਸ਼ੁਰੂਆਤ ਹੁੰਦੀ ਹੈ। ਜੇ ਸੰਜੀਦਗੀ ਨਾਲ ਚਿੰਤਨ ਕਰੀਏ ਤਾਂ ਇਹ ਸਵਾਲ ਉੱਠਦਾ ਹੈ ਕਿ ਅੱਜਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਅਸੀਂ ਅੱਖਾਂ ਬੰਦ ਕਰ ਕੇ ਆਪਣੇ ਸੁਪਨਿਆਂ ਦੀ ਦੁਨੀਆ ਨੂੰ ਸਾਕਾਰ ਕਰਨ ਲਈ ਦੌੜ ਲਗਾ ਰਹੇ ਹਾਂ ਤਾਂ ਕੀ ਅਸੀਂ ਸੰਗੀਤ ਦੇ ਸੱਚੇ ਸਰੂਪ ਦਾ ਅਹਿਸਾਸ ਕਰ ਪਾਉਂਦੇ ਹਾਂ? ਅੰਗਰੇਜ਼ੀ ਸਾਹਿਤ ਦੇ ਮਸ਼ਹੂਰ ਕਵੀ ਪੀਬੀ ਸ਼ੈਲੇ ਦਾ ਇਹ ਮੰਨਣਾ ਸੀ ਕਿ ਸਾਡੇ ਜੀਵਨ ਦੇ ਸਭ ਤੋਂ ਮਿੱਠੇ ਗੀਤ ਆਮ ਤੌਰ 'ਤੇ ਉਹ ਹੁੰਦੇ ਹਨ , ਜੋ ਸਾਡੇ ਸਭ ਤੋਂ ਪੀੜਦਾਇਕ ਵਿਚਾਰਾਂ ਤੋਂ ਉਤਪੰਨ ਹੁੰਦੇ ਹਨ। ਅਰਥਾਤ ਸੰਗੀਤ ਦਰਦ ਵਿਚ ਜਨਮ ਲੈਂਦਾ ਹੈ ਤੇ ਇਹੋ ਕਾਰਨ ਹੈ ਕਿ ਸੰਗੀਤ ਦੇ ਜਾਦੂਈ ਅਸਰ ਨੂੰ ਮਹਿਸੂਸ ਕਰਨ ਲਈ ਦਰਦ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਮਨ ਖ਼ੁਸ਼ ਰਹਿੰਦਾ ਹੈ ਤਾਂ ਮਨ ਦੇ ਭਾਵ ਦੇ ਸੂਤਰ ਇਕੱਠੇ ਨਹੀਂ ਹੋ ਪਾਉਂਦੇ । ਦੁੱਖ ਦੇ ਪਲਾਂ ਵਿਚ ਸਾਡੇ ਕੋਮਲ ਭਾਵ ਇਕੱਠੇ ਹੋ ਕੇ ਬੱਦਲ ਦੇ ਰੂਪ ਵਿਚ ਹੰਝੂਆਂ ਦੀ ਝੜੀ ਦੇ ਰੂਪ ਵਿਚ ਅੱਖਾਂ ਤੋਂ ਵਰ੍ਹਣ ਲੱਗਦੇ ਹਨ। ਕਸ਼ਟ ਤੇ ਵੇਦਨਾ ਵਿਚ ਕਵੀ ਬਣਨ ਦਾ ਹੁਨਰ ਨਿੱਖਰਦਾ ਜਾਂਦਾ ਹੈ। ਸੁਮਿੱਤਰਾਨੰਦਨ ਪੰਤ ਨੇ ਕਿਹਾ ਸੀ, 'ਵਿਯੋਗੀ ਹੋਗਾ ਪਹਿਲਾ ਕਵੀ, ਆਹ ਸੇ ਉਪਜਾ ਹੋਗਾ ਗਾਨ, ਚੁਪਚਾਪ ਉਮੜ ਕਰ ਆਂਖੋਂ ਸੇ ਵਹੀ ਹੋਗੀ ਕਵਿਤਾ ਅਨਜਾਨ।' ਦਰਦ ਦੀ ਘਾਟ ਵਿਚ ਕਾਵਿ ਰਚਨਾ ਦਿਲੋ-ਦਿਮਾਗ਼ ਨੂੰ ਟੁੰਬ ਨਹੀਂ ਸਕਦੀ। ਸੰਗੀਤ ਦੀ ਕਲਾ ਇਸ ਤੋਂ ਅਲੱਗ ਨਹੀਂ ਹੈ। ਅਸਹਿ ਦਰਦ ਵਿਚ ਆਏ ਅੱਥਰੂ ਹੀ ਸੰਗੀਤ ਹਨ। ਬਦਕਿਸਮਤੀ ਨਾਲ ਅੱਜ ਅਸੀਂ ਪੀੜਾ ਵਿਚ ਮਨ ਦੀ ਹਾਲਤ ਨੂੰ ਮਹਿਸੂਸ ਕਰਨਾ ਭੁੱਲ ਗਏ ਹਾਂ। ਮੌਜੂਦਾ ਸੰਗੀਤ ਵਿਚ ਸ਼ੋਰ ਹੈ, ਮਿਠਾਸ ਨਹੀਂ। ਇਸ ਲਈ ਅੱਜ ਜੀਵਨ ਤਾਂ ਹੈ ਪਰ ਸੰਗੀਤ ਨਹੀਂ। ਸ਼ਾਂਤੀ ਨਹੀਂ ਹੈ। ਅੱਜ ਸੰਗੀਤ ਤੇ ਜੀਵਨ ਦੇ ਇਸ ਮਹਾਤਮ ਨੂੰ ਇਕ ਵਾਰ ਫਿਰ ਤੋਂ ਸਮਝਣ ਦੀ ਬਹੁਤ ਜ਼ਰੂਰਤ ਹੈ।

-ਸ੍ਰੀਪ੍ਰਕਾਸ਼ ਸ਼ਰਮਾ।

Posted By: Susheel Khanna