ਕਹਿੰਦੇ ਹਨ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਨਸਾਨ ਜਨਮ ਤੋਂ ਲੈ ਕੇ ਮਰਨ ਤਕ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹੈ। ਉਹ ਚਾਹੇ ਤਾਂ ਹਰ ਛੋਟੀ ਤੋਂ ਛੋਟੀ ਚੀਜ਼ ਤੋਂ ਸਿੱਖਿਆ ਲੈ ਸਕਦਾ ਹੈ। ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਉਹ ਹਾਲਾਤ ਅੱਗੇ ਟੁੱਟ ਜਾਂਦਾ ਹੈ ਅਤੇ ਹਾਰ ਮੰਨ ਲੈਂਦਾ ਹੈ। ਹਰ ਕਿਸੇ ਨੂੰ ਬੁਰੇ ਤੋਂ ਬੁਰੇ ਹਾਲਾਤ ਵਿਚ ਵੀ ਹੌਸਲੇ ਅਤੇ ਸਬਰ ਦਾ ਪੱਲਾ ਫੜੀ ਰੱਖਣਾ ਚਾਹੀਦਾ ਹੈ। ਮੁਸ਼ਕਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਖ਼ੁਦ ਨੂੰ ਹਰ ਮੁਸ਼ਕਲ ਹਾਲਾਤ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਇਨਸਾਨ ਦੇ ਸੁਭਾਅ 'ਚ ਲਚਕੀਲਾਪਣ ਭਾਵ ਸਮੇਂ ਅਤੇ ਸਥਿਤੀ ਅਨੁਸਾਰ ਢਲ ਜਾਣ ਦਾ ਗੁਣ ਆ ਜਾਵੇ ਤਾਂ ਮੁਸ਼ਕਲ ਹਾਲਾਤ ਸਹੀ ਹੋਣ ਨੂੰ ਜ਼ਿਆਦਾ ਵਕਤ ਨਹੀਂ ਲੱਗਦਾ। ਇਕ ਗੁਰੂ ਆਪਣੇ ਚੇਲੇ ਨਾਲ ਪਥਰੀਲੀ ਢਲਾਣ 'ਤੇ ਕਿਤੇ ਜਾ ਰਿਹਾ ਸੀ। ਰਾਹ ਵਿਚ ਇਕ ਜਗ੍ਹਾ ਚੇਲੇ ਦਾ ਪੈਰ ਤਿਲ੍ਹਕ ਗਿਆ ਅਤੇ ਉਹ ਤੇਜ਼ੀ ਨਾਲ ਹੇਠਾਂ ਵੱਲ ਨੂੰ ਰੁੜ੍ਹਨ ਲੱਗ ਪਿਆ। ਰੁੜ੍ਹਦੇ ਹੋਏ ਉਸ ਦੇ ਹੱਥ ਵਿਚ ਇਕ ਛੋਟਾ ਬਾਂਸ ਦਾ ਬੂਟਾ ਆ ਗਿਆ। ਚੇਲੇ ਨੇ ਬਿਨਾਂ ਦੇਰ ਕੀਤਿਆਂ ਉਸ ਬੂਟੇ ਨੂੰ ਜ਼ੋਰ ਨਾਲ ਫੜ ਲਿਆ ਜਿਸ ਸਦਕਾ ਉਹ ਡੂੰਘੀ ਖੱਡ ਵਿਚ ਡਿੱਗਣ ਤੋਂ ਬਚ ਗਿਆ। ਬਾਂਸ ਪੂਰੀ ਤਰ੍ਹਾਂ ਮੁੜ ਗਿਆ ਸੀ ਪਰ ਨਾ ਤਾਂ ਉਹ ਟੁੱਟਿਆ ਅਤੇ ਨਾ ਹੀ ਆਪਣੀ ਜਗ੍ਹਾ ਤੋਂ ਉੱਖੜਿਆ। ਗੁਰੂ ਆਪਣੇ ਚੇਲੇ ਤਕ ਪੁੱਜਾ ਅਤੇ ਹੱਥ ਵਧਾ ਕੇ ਉਸ ਨੂੰ ਉੱਪਰ ਖਿੱਚ ਲਿਆ। ਗੁਰੂ ਨੇ ਚੇਲੇ ਨੂੰ ਕਿਹਾ ਕਿ ਤੂੰ ਦੇਖਿਆ ਹੈ ਕਿ ਜਿਸ ਬਾਂਸ ਨੂੰ ਤੂੰ ਫੜਿਆ ਸੀ, ਉਹ ਪੂਰੀ ਤਰ੍ਹਾਂ ਮੁੜ ਗਿਆ ਸੀ। ਬਾਂਸ ਦੀ ਇਹ ਖ਼ੂਬੀ ਸਾਨੂੰ ਆਪਣੇ ਜੀਵਨ 'ਚ ਲਾਗੂ ਕਰਨੀ ਚਾਹੀਦੀ ਹੈ। ਚੇਲੇ ਦੇ ਪੁੱਛਣ 'ਤੇ ਗੁਰੂ ਨੇ ਇਕ ਬਾਂਸ ਦੇ ਬੂਟੇ ਨੂੰ ਫੜ ਕੇ ਆਪਣੇ ਵੱਲ ਖਿੱਚਿਆ ਅਤੇ ਛੱਡ ਦਿੱਤਾ। ਬਾਂਸ ਦਾ ਉਹ ਬੂਟਾ ਬਿਨਾਂ ਮੁੜੇ ਅਤੇ ਟੁੱਟੇ ਆਪਣੀ ਜਗ੍ਹਾ 'ਤੇ ਪਹੁੰਚ ਗਿਆ। ਗੁਰੂ ਜੀ ਬੋਲੇ, ''ਬਾਂਸ ਦਾ ਇਹ ਬੂਟਾ ਸਾਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਜ਼ਿੰਦਗੀ ਵਿਚ ਮੁਸ਼ਕਲ ਵੇਲਾ ਆਉਣ 'ਤੇ ਅਸੀਂ ਥੋੜ੍ਹਾ ਝੁਕ ਜਾਈਏ। ਇਸ ਲਈ ਅਸੀਂ ਨਰਮ ਬਣੀਏ ਪਰ ਟੁੱਟੀਏ ਬਿਲਕੁਲ ਨਾ। ਕੋਵਿਡ-19 ਮਹਾਮਾਰੀ ਦੇ ਮੌਜੂਦਾ ਦੌਰ ਵਿਚ ਤਾਂ ਇਨਸਾਨ ਲਈ ਉਕਤ ਗੁਣ ਦਾ ਧਾਰਨੀ ਬਣਨਾ ਹੋਰ ਵੀ ਜ਼ਰੂਰੀ ਹੈ। ਮਨੁੱਖਤਾ ਦੇ ਵੈਰੀ ਇਸ ਵਾਇਰਸ ਤੋਂ ਚੌਕਸੀ, ਸਬਰ, ਦ੍ਰਿੜ੍ਹ ਇਰਾਦੇ, ਲਚਕੀਲੇ ਅਤੇ ਸਲੀਕੇ ਵਾਲੇ ਵਿਵਹਾਰ ਸਦਕਾ ਹੀ ਪਾਰ ਪਾਇਆ ਜਾ ਸਕਦਾ ਹੈ।

-ਪ੍ਰਿੰਸ ਅਰੋੜਾ,

ਮਲੌਦ (ਲੁਧਿਆਣਾ)।

Posted By: Jagjit Singh