ਨਵੀਂ ਦਿੱਲੀ : ਮੁਸਲਮਾਨ ਸਾਲ 'ਚ ਦੋ ਵਾਰ ਈਦ ਮਨਾਉਂਦੇ ਹਨ। ਪਹਿਲੀ ਈਦ ਨੂੰ ਈਦ-ਉਲ-ਫ਼ਿਤਰ ਕਿਹਾ ਜਾਂਦਾ ਹੈ। ਭਾਰਤ 'ਚ ਇਸ ਈਦ ਨੂੰ ਆਮ ਜ਼ੁਬਾਨ 'ਚ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਈਦ-ਉਲ-ਫ਼ਿਤਰ ਦੇ ਤਕਰੀਬਨ ਦੋ ਮਹੀਨੇ 10 ਦਿਨ ਬਾਅਦ ਈਦ-ਉਲ-ਅਜ਼ਹਾ ਜਾਂ ਈਦ-ਉਲ-ਜ਼ੁਹਾ ਮਨਾਈ ਜਾਂਦੀ ਹੈ। ਇਹ ਈਦ ਇਸਲਾਮਿਕ ਕੈਲੰਡਰ ਦੇ ਆਖਰੀ ਮਹੀਨੇ ਜ਼ਿਲਹਿਜ਼ ਦੀ ਦਸਵੀਂ ਤਰੀਕ ਨੂੰ ਮਨਾਈ ਜਾਂਦੀ ਹੈ।

ਭਾਰਤ 'ਚ ਕਦੋਂ ਹੈ ਈਦ-ਅਲ-ਅਜ਼ਹਾ?

ਭਾਰਤ ਸਮੇਤ ਗੁਆਂਢੀ ਦੇਸ਼ਾਂ(ਪਾਕਿਸਤਾਨ ਤੇ ਬੰਗਲਾਦੇਸ਼) 'ਚ ਈਦ-ਅਲ-ਅਜ਼ਹਾ 12 ਅਗਸਤ 2019 ਯਾਨੀ ਦੋ ਦਿਨ ਬਾਅਦ ਮਨਾਈ ਜਾਵੇਗੀ। ਸਾਊਦੀ ਅਰਬ ਤੇ ਬਾਕੀ ਦੇ ਅਰਬ ਦੇਸ਼ਾਂ 'ਚ ਇਹ 11 ਅਗਸਤ 2019 ਯਾਨੀ ਐਤਵਾਰ ਨੂੰ ਮਨਾਈ ਜਾਵੇਗੀ।

ਕਿਉ ਮਨਾਈ ਜਾਂਦੀ ਹੈ ਈਦ-ਅਲ-ਅਜ਼ਹਾ ?

ਇਹ ਈਦ ਮੁਸਲਮਾਨਾਂ ਦੇ ਪੈਗੰਬਰ ਤੇ ਹਜ਼ਰਤ ਮੁਹੰਮਦ ਦੇ ਸਾਬਕਾ ਹਜ਼ਰਤ ਇਬਰਾਹਮ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਮਨਾਈ ਜਾਂਦੀ ਹੈ। ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਅੱਲ੍ਹਾ ਨੇ ਇਬਰਾਹਮ ਦੀ ਭਗਤੀ ਦੀ ਪ੍ਰੀਖਿਆ ਲੈਣ ਲਈ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਮੰਗੀ ਸੀ। ਇਬਰਾਹਮ ਨੇ ਆਪਣੇ ਜਵਾਨ ਬੇਟੇ ਇਸਮਾਈਲ ਨੂੰ ਅੱਲ੍ਹਾ ਦੀ ਰਾਹ 'ਤੇ ਕੁਰਬਾਨ ਕਰਨ ਦਾ ਫ਼ੈਸਲਾ ਕਰ ਲਿਆ ਪਰ ਉਹ ਜਿਵੇਂ ਹੀ ਆਪਣੇ ਬੇਟੇ ਨੂੰ ਕੁਰਬਾਨ ਕਰਨ ਵਾਲੇ ਸਨ ਅੱਲ੍ਹਾ ਨੇ ਉਨ੍ਹਾਂ ਦੀ ਥਾਂ ਇਕ ਦੁੰਬੇ ਨੂੰ ਰੱਖ ਦਿੱਤਾ। ਅੱਲ੍ਹਾ ਸਿਰਫ਼ ਉਨ੍ਹਾਂ ਦੀ ਪ੍ਰੀਖਿਆ ਲੈ ਰਹੇ ਸਨ।

ਦੁਨੀਆ ਭਰ 'ਚ ਮੁਸਲਮਾਨ ਇਸ ਰਵਾਇਤ ਨੂੰ ਯਾਦ ਕਰਦਿਆਂ ਈਦ-ਅਲ-ਅਜ਼ਹਾ ਜਾਂ ਈਦ-ਉਲ-ਜ਼ੁਹਾ ਮਨਾਉਂਦੇ ਹਨ। ਇਸ ਦਿਨ ਕਿਸੇ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਸ ਲਈ ਭਾਰਤ 'ਚ ਇਸ ਨੂੰ 'ਬਕਰੀਦ' ਵੀ ਕਿਹਾ ਜਾਂਦਾ ਹੈ।

Posted By: Amita Verma