ਬਾਬਾ ਸਾਹਿਬ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚਕਰਵਰਤੀ ਨਿਹੰਗ ਸਿੰਘਾਂ ਦੇ 11ਵੇਂ ਜਥੇਦਾਰ ਸਨ। ਉਨ੍ਹਾਂ ਦਾ ਜਨਮ ਮਾਤਾ ਅਤਰ ਕੌਰ ਤੇ ਪਿਤਾ ਸ. ਕਿਸ਼ਨ ਸਿੰਘ ਕੰਗ ਦੇ ਗ੍ਰਹਿ ਪਿੰਡ ਭੜੀ ਵਿਖੇ 1876 ਈ: ਨੂੰ ਹੋਇਆ। ਮੁੱਢਲੀ ਵਿੱਦਿਆ ਤੋਂ ਬਾਅਦ ਬੀਏ ਲਾਹੌਰ 'ਚ ਪਾਸ ਕੀਤੀ। ਆਪ ਨੇ ਤਹਿਸੀਲਦਾਰ, ਨਰਵਾਨੇ ਰਿਆਸਤ ਜੀਂਦ, ਸੰਗਰੂਰ ਵਿਚ ਕੁਝ ਸਮਾਂ ਨੌਕਰੀ ਕੀਤੀ। ਕੁਝ ਸਮੇਂ ਬਾਅਦ ਉਹ ਤਹਿਸੀਲਦਾਰ ਦੀ ਨੌਕਰੀ ਛੱਡ ਕੇ ਪਟਿਆਲੇ (ਨਿਹੰਗ ਸਿੰਘਾਂ ਦੀ ਛਾਉਣੀ) ਬਗ਼ੀਚੀ ਬਾਬਾ ਬੰਬਾ ਸਿੰਘ ਜੀ ਵਿਖੇ ਆ ਗਏ ਤੇ ਨਿਹੰਗ ਸਿੰਘ ਸਜ ਗਏ। ਬਾਬਾ ਜੀ ਨੇ ਬੁੱਢਾ ਦਲ 'ਚ 12 ਸਾਲ ਕਠਿਨ ਘਾਲ ਘਾਲੀ। ਇਸ ਘਾਲ ਕਮਾਈ ਸਦਕਾ ਵਾਹਿਗੁਰੂ ਨੇ ਅਨੇਕਾਂ ਕਲਾ ਬਖ਼ਸ਼ਿਸ਼ ਕੀਤੀਆਂ ਤੇ ਉਹ 'ਕਲਾਧਾਰੀ' ਦੇ ਨਾਂ ਨਾਲ ਪੁਕਾਰੇ ਜਾਣ ਲੱਗੇ।

1942 ਵਿਚ ਵਿਸਾਖੀ ਦਾ ਪੁਰਬ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਉਣ ਉਪਰੰਤ ਬਾਬਾ ਸਾਹਿਬ ਸਿੰਘ ਕਲਾਧਾਰੀ ਪੰਥ ਵਹੀਰ ਚਲਾਉਣ ਦੀ ਜ਼ਿੰਮੇਵਾਰੀ ਬਾਬਾ ਚੇਤ ਸਿੰਘ ਨੂੰ ਸੌਂਪ ਕੇ ਆਪ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਛਾਉਣੀਆਂ ਦੇ ਮੁਕੱਦਮਿਆਂ ਦੀ ਪੈਰਵੀ ਲਈ ਅੰਮ੍ਰਿਤਸਰ ਆ ਗਏ। ਉਹ ਮੋਹਪ੍ਰਸਤ ਲੀਡਰਾਂ ਤੇ ਅੰਗਰੇਜ਼ਾਂ ਦੀ ਬਦਮਜ਼ਾਜੀ ਤੋਂ ਪਰੇਸ਼ਾਨ ਤਾਂ ਸਨ ਪਰ ਨਿਗ੍ਹਾਬਾਨ ਵੀ ਸਨ। ਮੁਸਲਿਮ ਲੀਗ ਨੇ ਜਮਾਤ ਬੇਲਚਿਆਂ ਵਾਲੀ ਤਿਆਰ ਕਰ ਲਈ ਸੀ। ਅਕਾਲੀ ਦਲ ਨੇ 'ਅਕਾਲ ਰੈਜਮੈਂਟ' ਤਲਵਾਰਾਂ ਨਾਲ ਲੈਸ ਫੋਰਸ ਬਣਾ ਲਈ ਪਰ ਅਸਲ ਡਰ ਨਿਹੰਗ-ਸਿੰਘਾਂ ਤੋਂ ਸੀ। ਇਸ ਲਈ ਚਾਲ ਚੱਲੀ ਗਈ ਕਿ ਜਿਹੜੇ ਨਿਹੰਗ ਸਿੰਘਾਂ ਪਾਸ ਬਰਛੇ ਤੇ ਸ਼ਸਤਰ ਹਨ, ਉਨ੍ਹਾਂ ਨੂੰ ਪਕੜ ਲਿਆ ਜਾਵੇ। ਗ੍ਰਿਫ਼ਤਾਰੀਆਂ ਪਿੱਛੋਂ ਲਾਹੌਰ ਹਾਈਕੋਰਟ 'ਚ ਫ਼ੈਸਲਾ ਹੋਇਆ ਕਿ ਨਿਹੰਗ ਸਿੰਘ ਪੰਜ ਸ਼ਸਤਰ ਧਾਰਨ ਕਰ ਸਕਦੇ ਹਨ। ਡੀਸੀ ਅੰਮ੍ਰਿਤਸਰ ਨਾਲ ਪਹਾੜੀਏ ਕਰਮ ਸਿੰਘ ਨੇ ਸਲਾਹ ਕੀਤੀ ਕਿ ਜੇ ਬੁੱਢਾ ਦਲ ਦੇ ਜਥੇਦਾਰ ਕਲਾਧਾਰੀ ਬਾਬਾ ਸਾਹਿਬ ਸਿੰਘ ਮੰਨ ਜਾਣ ਤਾਂ ਇਹ ਕੰਮ ਬਹੁਤ ਸੁਖਾਲਾ ਹੋ ਜਾਵੇਗਾ।

ਬਾਬਾ ਸਾਹਿਬ ਸਿੰਘ ਮੁਕੱਦਮਿਆਂ ਦੀ ਪੈਰਵੀ ਲਈ ਅੰਮ੍ਰਿਤਸਰ ਆਏ ਤਾਂ ਡੀਸੀ ਅੰਮ੍ਰਿਤਸਰ ਨੇ ਵਿਚਾਰ-ਚਰਚਾ ਜਥੇਦਾਰ ਜੀ ਨਾਲ ਕੀਤੀ ਕਿ ਨਿਹੰਗ ਸਿੰਘ, ਜੋ ਬੁੱਢਾ ਦਲ ਤੋਂ ਸਜਦੇ ਹਨ, ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਗਿਣਤੀ ਦੀ ਲਿਸਟ ਬਣਵਾ ਦੇਵੋ, ਇਸ ਲਿਸਟ ਨੂੰ ਅਸੀਂ ਥਾਣਿਆਂ 'ਚ ਭੇਜ ਦਿਆਂਗੇ। ਪੁਲਿਸ ਉਨ੍ਹਾਂ ਨਿਹੰਗ ਸਿੰਘਾਂ ਨੂੰ ਨਹੀਂ ਫੜੇਗੀ। ਨਾਜਾਇਜ਼ ਹਥਿਆਰਾਂ ਵਾਲੇ ਪਕੜੇ ਜਾਣਗੇ। ਅੰਗਰੇਜ਼ ਦੀ ਚਾਲ ਸਿੰਘਾਂ ਨੂੰ ਗਿਣਤੀ-ਮਿਣਤੀ 'ਚ ਲਿਆ ਕੇ ਜਲੀਲ ਕਰਨ ਦੀ ਸੀ। ਉਸ ਵਕਤ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ ਦੇ ਥਾਪੇ ਹੋਏ ਪਹਿਰੇਦਾਰ ਕਰਮ ਸਿੰਘ ਪਹਾੜੀਆ ਦਗ਼ੇਬਾਜ਼ ਨਿਕਲਿਆ। ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਪਿੱਤਲ ਦੇ ਟੋਕਨ 'ਲੈਸੰਸ' ਨਿਹੰਗ ਸਿੰਘਾਂ ਨੂੰ ਜਾਰੀ ਕਰ ਦਿੱਤੇ। ਇਹ ਅਸਲ ਚਾਲ ਮੁਸਲਮ ਲੀਗ ਦੀ ਸੀ ਕਿਉਂਕਿ ਦੇਸ਼ ਦੀ ਮਰਦਮਸ਼ੁਮਾਰੀ ਤੋਂ ਹਿੰਦੂ-ਮੁਸਲਮਾਨਾਂ ਦੀ ਗਿਣਤੀ ਤਾਂ ਸਾਹਮਣੇ ਸੀ ਪਰ ਨਿਹੰਗ ਸਿੰਘਾਂ ਬਾਰੇ ਅਸਲ ਗਿਣਤੀ ਨਹੀਂ ਸੀ। ਉਨ੍ਹਾਂ ਨੂੰ ਡਰ ਸੀ ਕਿ ਦੇਸ਼ ਦੀ ਵੰਡ ਵੇਲੇ ਗੁਰੂ ਦੀ ਲਾਡਲੀ ਫ਼ੌਜ ਸਾਰੀ ਲੀਡਰਸ਼ਿਪ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਹਦੂਦ ਵਾਲਾ ਸਿੱਖ ਰਾਜ ਪ੍ਰਾਪਤ ਕਰਨ ਲਈ ਮਜਬੂਰ ਨਾ ਕਰ ਦੇਵੇ।

ਬਾਬਾ ਜੀ ਸਰਕਾਰ ਦੀ ਚਾਲ ਨੂੰ ਜਾਣ ਗਏ। ਉਹ ਖ਼ੁਦ ਤਹਿਸੀਲਦਾਰ ਰਹਿ ਚੁੱਕੇ ਸਨ ਤੇ ਰਾਜਨੀਤੀ ਦੇ ਦਾਅ-ਪੇਚਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਬੁੱਢਾ ਦਲ ਦੀ ਮਰਯਾਦਾ ਨੂੰ ਵੀ ਕਾਇਮ ਰੱਖਣਾ ਜਾਣਦੇ ਸਨ। ਕਲਾਧਾਰੀ ਜੀ ਨੇ ਡੀਸੀ ਨੂੰ ਮੂੰਹ ਤੋੜ ਜਵਾਬ ਦਿੱਤਾ ਕਿ ਮੈਂ ਕਲਗੀਧਰ ਦੀ ਫ਼ੌਜ ਨੂੰ ਕਿਸੇ ਬੰਧਨ 'ਚ ਨਹੀਂ ਬੰਨ੍ਹ ਸਕਦਾ।

ਬੁੱਢਾ ਦਲ ਦੇ ਇਸ ਜਥੇਦਾਰ ਨੇ ਪੰਥਕ ਆਗੂਆਂ ਨੂੰ ਅਕਾਲੀ ਲਹਿਰ, ਅਕਾਲੀ ਮੋਰਚੇ, ਪੰਜਾਬੀ ਸੂਬਾ ਅੰਦੋਲਨ ਤੇ ਹੋਰ ਔਕੜਾਂ ਸਮੇਂ ਸਾਥ ਦਿੱਤਾ। ਇਕ ਸਮੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਬੁੱਢਾ ਦਲ ਦਾ ਪੜਾਓ ਸੀ। ਬਾਬਾ ਚੇਤ ਸਿੰਘ ਨਗਾਰਚੀ ਸਿੰਘ ਦਾ ਪਹਿਰਾ ਦਿਆ ਕਰਦੇ ਸਨ। ਸਾਰੇ ਦਲ ਨੂੰ ਅੰਗਰੇਜ਼ਾਂ ਨੇ ਘੇਰ ਲਿਆ। ਬਾਬਾ ਚੇਤ ਸਿੰਘ ਜੂਝਣ ਲਈ ਤਿਆਰ ਹੋ ਗਏ। ਜਥੇਦਾਰ ਕਲਾਧਾਰੀ ਜੀ ਨੇ ਫੌਰੀ ਤੌਰ 'ਤੇ ਰੋਕ ਦਿੱਤਾ। ਬਾਬਾ ਜੀ ਦਲ ਸਮੇਤ ਬੋਸਟਰ ਜੇਲ੍ਹ ਵਿਲਾਇਤ ਭੇਜ ਦਿੱਤੇ ਗਏ। ਗਿਆਨੀ ਸ਼ੇਰ ਸਿੰਘ ਪ੍ਰਸਿੱਧ ਅਕਾਲੀ ਲੀਡਰ, ਕਲਾਧਾਰੀ ਜੀ ਦਾ ਖ਼ਾਸ ਮਿੱਤਰ ਸੀ, ਉਨ੍ਹਾਂ ਦੀ ਪ੍ਰੇਰਨਾ ਨਾਲ ਸਰ ਸੁੰਦਰ ਸਿੰਘ ਮਜੀਠੀਆ, ਸਰ ਜੋਗਿੰਦਰ ਸਿੰਘ ਦੇ ਜ਼ੋਰ ਦੇਣ 'ਤੇ ਪੰਜਾਬ ਦੇ ਗਵਰਨਰ ਨੇ ਸਾਰੇ ਸਿੰਘਾਂ ਨੂੰ ਰਿਹਾਅ ਕਰ ਦਿੱਤਾ। ਦਲ ਤੋਂ ਬਾਹਰ ਰਹੇ ਜਿਹੜੇ ਸਿੰਘਾਂ ਨੇ ਦਲ ਪੰਥ ਦੇ ਘੋੜਿਆਂ ਦੀ ਮਿਹਨਤ ਤੇ ਇਮਾਨਦਾਰੀ ਨਾਲ ਸਾਂਭ ਸੰਭਾਲ ਕੀਤੀ, ਉਨ੍ਹਾਂ ਬਾਰੇ ਅਕਸਰ ਬਾਬਾ ਸਾਹਿਬ ਸਿੰਘ ਬੜੇ ਪ੍ਰੇਮ ਨਾਲ ਗੱਲ ਕਰਦੇ ਸਨ।

ਸਾਰੇ ਤਖ਼ਤਾਂ 'ਤੇ 'ਆਦਿ ਸਰੂਪ' ਦੇ ਨਾਲ ਹੀ 'ਦਸਮ ਗ੍ਰੰਥ' ਦਾ ਪ੍ਰਕਾਸ਼ ਵੀ ਹੁੰਦਾ ਸੀ। 1940-41 ਵਿਚ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਕਰ ਕੇ ਦਸਮ ਗ੍ਰੰਥ ਸਾਹਿਬ ਦੇ 101 ਅਖੰਡ ਪਾਠ ਆਰੰਭ ਕੀਤੇ ਗਏ ਪ੍ਰੰਤੂ ਪੰਜ-ਛੇ ਅਖੰਡ ਪਾਠ ਹੋ ਜਾਣ 'ਤੇ ਅਰਦਾਸ ਭੰਗ ਕਰ ਕੇ, ਅਖੰਡ ਪਾਠਾਂ ਦੀ ਲੜੀ ਬੰਦ ਕਰਵਾ ਦਿੱਤੀ ਗਈ। ਉਸ ਵਕਤ ਬਾਬਾ ਸਾਹਿਬ ਸਿੰਘ ਕਲਾਧਾਰੀ ਬੁੱਢਾ ਦਲ ਦੀ ਛਾਉਣੀ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਨ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਰਦਾਸ ਭੰਗ ਕਰ ਦਿੱਤੀ ਗਈ ਹੈ ਤਾਂ ਬਾਬਾ ਜੀ ਨੇ ਇਸ ਦਾ ਕਾਰਨ ਪੁੱਛਣ ਲਈ ਪੰਜ ਸਿੰਘਾਂ ਨੂੰ ਵਿਚਾਰ ਵਟਾਂਦਰੇ ਲਈ ਭੇਜਿਆ ਪਰ ਸਿੰਘਾਂ ਦੇ ਪ੍ਰਸ਼ਨਾਂ ਦਾ ਉੱਤਰ ਗਿਆਨੀ ਅੱਛਰ ਸਿੰਘ ਨਾ ਦੇ ਸਕੇ।

ਅੰਤਮ ਸਮੇਂ ਬਾਬਾ ਜੀ ਬਿਮਾਰ ਰਹਿਣ ਲੱਗੇ ਤੇ ਅਖ਼ੀਰ 66 ਸਾਲ ਦੀ ਆਯੂ ਭੋਗ 12 ਸਾਲ ਬੁੱਢਾ ਦਲ ਦੀ ਜਥੇਦਾਰੀ ਕਰ ਕੇ ਅੰਮ੍ਰਿਤਸਰ ਸਾਹਿਬ ਵਿਖੇ ਇਹ ਪੰਥ ਸੇਵਕ 15 ਸਾਵਣ ਸੰਮਤ 1999 (1942) ਨੂੰ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰ ਕੇ ਜੋਤੀ-ਜੋਤਿ ਜਾ ਰਲੇ। ਉਨ੍ਹਾਂ ਦਾ ਅੰਗੀਠਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਪਹਾੜ ਤੇ ਗੁਰ ਅਸਥਾਨ ਪਾਤਸ਼ਾਹੀ ਛੇਵੀਂ ਮਲ-ਅਖਾੜੇ ਤੋਂ ਲਹਿੰਦੇ ਪਾਸੇ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ 'ਚ ਉਨ੍ਹਾਂ ਦੀ ਸਾਲਾਨਾ ਯਾਦ 28 ਤੋਂ 30 ਜੁਲਾਈ ਤਕ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ 10ਵੀਂ ਛਾਉਣੀ ਨਿਹੰਗ ਸਿੰਘਾਂ, ਤਲਵੰਡੀ ਸਾਬੋ ਵਿਖੇ ਸ਼ਰਧਾ ਨਾਲ ਮਨਾਈ ਜਾਂਦੀ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਬਰਸੀ ਸਮਾਗਮ 28 ਤੋਂ 30 ਜੁਲਾਈ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਈ ਜਾਵੇਗੀ।

-ਦਿਲਜੀਤ ਸਿੰਘ ਬੇਦੀ

98148-98570

Posted By: Harjinder Sodhi