ਮਨੁੱਖ ਦਾ ਜਨਮ ਪ੍ਰਕਿਰਤੀ ਦੀ ਗੋਦ 'ਚੋਂ ਸਾਕਾਰ ਹੋਇਆ। ਹਰੇ-ਭਰੇ ਜੰਗਲ, ਫੁੱਲ-ਫਲ ਤੇ ਦਰੱਖ਼ਤ ਮਨੁੱਖ ਦੇ ਨਾਲ-ਨਾਲ ਵਿਚਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬਨਸਪਤੀ ਦੇ ਅਮੁੱਲ ਭੰਡਾਰ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਪੇੜ-ਪੌਦਿਆਂ, ਫਲ-ਫੁੱਲਾਂ, ਜੜ੍ਹੀ-ਬੂਟੀਆਂ ਦੇ ਸੁਭਾਅ ਨੂੰ ਪ੍ਰਭੂ ਮਿਲਾਪ ਦੇ ਪ੍ਰਤੀਕਾਂ ਵਜੋਂ ਬਾਣੀ 'ਚ ਅਜਿਹੀ ਢੁੱਕਵੀਂ ਵਰਤੋਂ ਕੀਤੀ ਹੈ ਕਿ ਹਰ ਬਿੰਬ ਜੀਵੰਤ ਸਰੂਪ ਧਾਰ ਕੇ ਮਨੁੱਖ ਨੂੰ ਰੂਹਾਨੀ ਅਨੁਭਵ ਤੇ ਰੱਬੀ ਦੀਦਾਰ ਨਾਲ ਜੋੜੀ ਰੱਖਦਾ ਹੈ।

ਪੋਸਤ

ਪੋਸਤ ਦਾ ਫੁੱਲ ਪੱਛਮੀ ਤੇ ਕੇਂਦਰੀ ਯੂਰਪ ਵਿਚ 6000 ਤੇ 3500 ਬੀਸੀ ਵਿਚ ਹੋਂਦ 'ਚ ਆਇਆ ਮੰਨਿਆ ਜਾਂਦਾ ਹੈ। ਸਇਸ ਫੁੱਲ ਦੀ ਸਜਾਵਟ ਹੀਰੇ-ਜਵਾਹਰ ਤੇ ਲਲਿਤ ਕਲਾਵਾਂ 'ਤੇ 1550-1292 ਬੀਸੀ ਵਿਚ ਵਿਖਣੀ ਸ਼ੁਰੂ ਹੋ ਗਈ ਸੀ। ਇਸ ਪੌਦੇ ਦੀ ਕਾਸ਼ਤਕਾਰੀ 'ਤੇ ਰੋਕਥਾਮ ਸੰਨ 1900 ਦੇ ਸ਼ੁਰੂ ਵਿਚ ਅੰਤਰਰਾਸ਼ਟਰੀ ਕਾਨਫਰੰਸਾਂ ਰਾਹੀਂ ਉਜਾਗਰ ਹੋਈ। ਪੋਸਤ ਨੂੰ ਅੰਗਰੇਜ਼ੀ ਵਿਚ 'ਪੌਪੀ' ਤੇ ਬਨਸਪਤੀ ਵਿਗਿਆਨ 'ਚ Papaver Somniferum ਆਖਦੇ ਹਨ। ਪੋਸਤ ਦੇ ਪੌਦੇ ਤੋਂ ਨਸ਼ੀਲਾ ਪਦਾਰਥ ਅਫ਼ੀਮ ਤਿਆਰ ਕੀਤਾ ਜਾਂਦਾ ਹੈ। ਯੂਨਾਨ ਤੇ ਪ੍ਰਾਚੀਨ ਰੋਮ ਦੀਆਂ ਪੌਰਾਣਿਕ ਕਥਾਵਾਂ ਵਿਚ ਪੋਸਤ ਦੇ ਫੁੱਲ ਮੁਰਦਿਆਂ ਨੂੰ ਭੇਟ ਕੀਤੇ ਜਾਂਦੇ ਸਨ ਤੇ ਕਬਰਿਸਤਾਨ ਵਿਚ ਇਸ ਨੂੰ ਨੀਂਦ ਦਾ ਪ੍ਰਤੀਕ ਸਮਝਿਆ ਜਾਂਦਾ ਸੀ। ਪੋਸਤ ਦੀ ਵਰਤੋਂ ਕਈ ਦਵਾਈਆਂ, ਮਸਾਲਿਆਂ, ਕੇਕਾਂ, ਸਲਾਦਾਂ, ਖਾਣਿਆਂ, ਸ਼ਿੰਗਾਰ ਸਮੱਗਰੀ, ਰੰਗ-ਰੋਗਨ 'ਚ ਕੀਤੀ ਜਾਂਦੀ ਹੈ। ਗੁਰੂ ਨਾਨਕ ਬਾਣੀ ਵਿਚ ਸੱਚ ਅਤੇ ਪ੍ਰਭੂ ਦੇ ਰੰਗ ਵਿਚ ਰੰਗਣ ਲਈ ਇਸੇ ਲਾਲ ਰੰਗ ਦੇ ਫੁੱਲ ਵੱਲ ਸੰਕੇਤ ਕੀਤਾ ਗਿਆ ਹੈ।

- ਲਾਲੁ ਗੁਲਾਲੁ ਗਹਬਰਾ ਸਚਾ ਰੰਗ ਚੜਾਉ (18)

- ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ (138)

- ਲਾਲ ਨਿਹਾਲੀ ਫੂਲ ਗੁਲਾਲਾ (225)

ਅੱਕ

ਇਕ ਪ੍ਰਸਿੱਧ ਬੂਟਾ, ਜਿਸ ਦਾ ਦੁੱਧ ਬੇਹੱਦ ਵਿਹੁਲਾ ਜਾਂ ਜ਼ਹਿਰੀਲਾ ਹੁੰਦਾ ਹੈ ਅਤੇ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਅੱਕ ਦੀਆਂ ਕੱਕੜੀਆਂ ਬੂਟੇ ਨਾਲ ਲੱਗੀਆਂ ਬੇਹੱਦ ਸੋਹਣੀਆਂ ਲੱਗਦੀਆਂ ਹਨ। ਇਸ ਨੂੰ ਅੰਗਰੇਜ਼ੀ ਵਿਚ 3alotropis ਆਖਦੇ ਹਨ ਤੇ ਇਸ ਦਾ ਬਨਸਪਤੀ ਵਿਗਿਆਨ ਵਿਚ ਨਾਂ 3alotropis 7igantea ਹੈ। ਗੁਰੂ ਸਾਹਿਬ ਦੀ ਬਾਣੀ ਵਿਚ ਇਸ ਦਾ ਜ਼ਿਕਰ ਇਸ ਪ੍ਰਕਾਰ ਆਇਆ ਹੈ :

- ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ (147)

ਠਗਉਰੀ

ਇਹ ਇਕ ਬੂਟੀ ਹੁੰਦੀ ਹੈ, ਠੱਗ ਲੋਕ ਇਸ ਦੀ ਵਰਤੋਂ ਆਪਣੇ ਸ਼ਿਕਾਰ ਨੂੰ ਬੇਹੋਸ਼ ਕਰਨ ਲਈ ਕਰਦੇ ਸਨ। ਇਹ ਇਕ ਕਿਸਮ ਦੀ ਨਸ਼ੀਲੀ ਬੂਟੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਇਸ ਬਾਰੇ ਜ਼ਿਕਰ ਹੈ :

- ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ (61)

ਪਾਨ

ਇਸ ਤੋਂ ਤਾਂਬੋਲ ਵੀ ਆਖਦੇ ਹਨ ਅਤੇ ਇਹ ਫ਼ਾਰਸੀ ਦੇ ਸ਼ਬਦ 'ਪਾਨ' ਤੋਂ ਆਇਆ ਹੈ। ਇਹ ਨਾਗਰ ਵੇਲ ਦਾ ਪੱਤਾ ਹੁੰਦਾ ਹੈ, ਜਿਸ ਵਿਚ ਕੱਥਾ, ਚੂਨਾ, ਸੁਪਾਰੀ, ਇਲਾਇਚੀ ਆਦਿ ਪਾ ਕੇ ਲੋਕ ਖਾਂਦੇ ਹਨ।

- ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ (19)

- ਪਾਨ ਫੂਲ ਮੀਠੇ ਰਸ ਰੋਗ (1187)

(ਸਮਾਪਤ)

- ਡਾ. ਜਸਬੀਰ ਸਿੰਘ ਸਰਨਾ

99065-66604

Posted By: Harjinder Sodhi