ਭਾਰਤ ਭੂਸ਼ਨ ਸ਼ਰਮਾ, ਹਰਿਆਣਾ : ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਸਥਿਤ ਕਸਬਾ ਹਰਿਆਣਾ ਦੇ ਵਸਨੀਕਾਂ ਨੂੰ ਮਾਣ ਹੈ ਕਿ ਕਰੋੜਸਿੰਘੀਆ ਮਿਸਲ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਨੇ ਇਸ ਕਸਬੇ 'ਚ ਆਪਣੀ ਮਿਸਲ ਦੇ ਪ੍ਰਬੰਧ ਲਈ ਆਪਣਾ ਹੈੱਡਕੁਆਟਰ ਬਣਾਇਆ ਤੇ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਉਨ੍ਹਾਂ ਦਾ ਸਸਕਾਰ ਇਸ ਪ੍ਰਾਚੀਨ ਕਸਬੇ 'ਚ ਹੋਇਆ ਸੀ। ਇਸ ਕਸਬੇ ਦੇ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿਚ ਇਸ ਮਹਾਨ ਜਰਨੈਲ ਤੇ ਉਨ੍ਹਾਂ ਦੀ ਪਤਨੀ ਰਾਣੀ ਰੂਪ ਕੌਰ ਦੀ ਸਮਾਧ ਅੱਜ ਵੀ ਸਿੱਖ ਰਾਜ ਦੇ ਸੁਨਹਿਰੀ ਦੌਰ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਵੀ ਪੀੜ੍ਹੀ ਨੂੰ 1783 'ਚ ਦਿੱਲੀ ਦੇ ਲਾਲ ਕਿਲ੍ਹੇ ਨੂੰ ਜਿੱਤ ਕੇ ਉਸ 'ਤੇ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਇਸ ਸਿੱਖ ਯੋਧੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਤੇ ਨਾ ਹੀ ਅਜਿਹੀ ਗੌਰਵਸ਼ਾਲੀ ਧਰੋਹਰ ਨੂੰ ਜਾਨਣ ਲਈ ਕੋਈ ਰੁਚੀ ਹੈ।

ਇਤਿਹਾਸਕ ਵੇਰਵਿਆਂ ਮੁਤਾਬਿਕ ਬਘੇਲ ਸਿੰਘ ਕਰੋੜਸਿੰਘੀਆ ਮਿਸਲ ਦਾ ਸਰਦਾਰ ਸੀ ਤੇ ਇਨ੍ਹਾਂ ਦਾ ਜਨਮ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਝਬਾਲ 'ਚ 1725 ਈ. ਨੂੰ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਹੋਂਦ 'ਚ ਆਈਆਂ 12 ਸਿੱਖ ਮਿਸਲਾਂ 'ਚੋਂ ਇਕ ਕਰੋੜਸਿੰਘੀਆ ਮਿਸਲ ਵੀ ਕਾਰਜਸ਼ੀਲ ਸੀ। ਇਸ ਮਿਸਲ ਦਾ ਮੋਢੀ ਪਾਕਿਸਤਾਨ ਦੇ Ñਲਾਹੌਰ ਦਾ ਸ਼ਾਮ ਸਿੰਘ ਸੀ। ਉਸ ਦੇ ਇਕ ਲੜਾਈ 'ਚ ਸ਼ਹੀਦ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਪਿੰਡ ਪੈਜਗੜ੍ਹ ਦਾ ਕਰੋੜਾ ਸਿੰਘ ਆਪਣੀ ਮਿਸਲ ਦਾ ਆਗੂ ਬਣਿਆ, ਜਿਸ ਕਰਕੇ ਇਹ ਮਿਸਲ ਨੂੰ ਪੈਜਗੜ੍ਹੀਆ ਮਿਸਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਬਾਬਾ ਬਘੇਲ ਸਿੰਘ ਨੇ ਆਪਣੀ ਦਲੇਰੀ ਤੇ ਯੁੱਧ ਕਲਾ ਦੀ ਮੁਹਾਰਤ ਨਾਲ ਕਰੋੜਸਿੰਘੀਆ ਮਿਸਲ ਦੇ ਮੁਖੀ ਤੇ ਸਿੱਖਾਂ ਦੇ ਮਹਾਨ ਜਰਨੈਲ ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਦਾ ਰਾਜਸੀ ਖੇਤਰ ਜਲੰਧਰ ਤੋਂ ਗੰਗਾ, ਜਮਨਾ ਤੇ ਦੁਆਬ ਦੇ ਕਈ ਨਗਰਾਂ ਤਕ ਫੈਲਿਆ ਹੋਇਆ ਸੀ। ਬਘੇਲ ਸਿੰਘ ਨੇ ਦੂਰ-ਦੂਰ ਤਕ ਆਪਣੇ ਰਾਜ ਦਾ ਵਿਸਥਾਰ ਕਰ ਕੇ ਮੌਜੂਦਾ ਹਰਿਆਣਾ ਸੂਬੇ ਦੇ ਕਰਨਾਲ ਨੇੜੇ ਛਲੌਦੀ ਨਾਂ ਦੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ। ਅਦੀਨਾ ਬੇਗ਼ ਦੀ ਮੌਤ ਤੋਂ ਬਾਅਦ ਅਬਦਾਲੀ ਦੇ 1761-62 ਦੇ ਹਮਲੇ ਦੌਰਾਨ ਉਪਜੇ ਖ਼ਾਸ ਹਾਲਾਤ 'ਚ ਬਘੇਲ ਸਿੰਘ ਨੇ ਹੁਸ਼ਿਆਰਪੁਰ ਦਾ ਕਾਫ਼ੀ ਇਲਾਕਾ ਜਿੱਤ ਕੇ ਬਿਸਤ ਜਲੰਧਰ 'ਤੇ ਕਬਜ਼ਾ ਕਰ ਲਿਆ ਸੀ ਤੇ ਹਰਿਆਣਾ ਕਸਬੇ 'ਚ ਆਪਣਾ ਹੈੱਡਕੁਆਰਟਰ ਸਥਾਪਿਤ ਕੀਤਾ। ਇਸ ਇਲਾਕੇ ਦਾ ਪ੍ਰਬੰਧ ਉਨ੍ਹਾਂ ਦੀ ਧਰਮ ਪਤਨੀ ਰਾਣੀ ਰੂਪ ਕੌਰ ਕੋਲ ਸੀ।

ਅੱਜ-ਕੱਲ੍ਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਹੀ ਬਾਬਾ ਬਘੇਲ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਦੀਆਂ ਸਮਾਧਾਂ ਦੇ ਨਾਲ ਹੀ ਗੁਰਦੁਆਰਾ ਸਮਾਧਾਂ ਬਾਬਾ ਬਘੇਲ ਸਿੰਘ ਦਾ ਨਿਰਮਾਣ ਕਰਵਾਇਆ ਗਿਆ ਹੈ ਜਿੱਥੇ ਹਰ ਸਾਲ 11 ਮਾਰਚ ਨੂੰ ਇਸ ਮਹਾਨ ਜਰਨੈਲ ਦੀ ਯਾਦ 'ਚ ਦਿੱਲੀ ਫ਼ਤਹਿ ਦਿਵਸ ਮਨਾ ਕੇ ਇਸ ਯੋਧੇ ਦੀ ਬਹਾਦਰੀ ਤੇ ਮਹਾਨ ਕਾਰਜਾਂ ਦੇ ਜੱਸ ਗਾਏ ਜਾਂਦੇ ਹਨ।