ਸੰਸਾਰ 'ਚ ਅਨੇਕਾਂ ਅਜਿਹੇ ਲੋਕ ਹਨ ਜੋ ਕਈ ਤਰ੍ਹਾਂ ਦੇ ਧਰਮ ਦੇ ਕੰਮ ਕਰਦੇ ਰਹਿੰਦੇ ਹਨ। ਉਹ ਧਾਰਮਿਕ ਅਸਥਾਨਾਂ 'ਤੇ ਪੁੰਨ-ਦਾਨ ਕਰਦੇ ਹਨ। ਲੋਕ ਭਲਾਈ ਦੇ ਹੋਰ ਕਈ ਕੰਮ ਕਰਦੇ ਹਨ। ਈਸ਼ਵਰ ਦੀ ਭਗਤੀ ਵਿਚ ਵੀ ਰੁੱਝੇ ਰਹਿੰਦੇ ਹਨ। ਇਨ੍ਹਾਂ ਸ਼ੁਭ ਕੰਮਾਂ ਦਾ ਫਲ ਪਾਉਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਦੀ ਵਿਖਾਵੇਬਾਜ਼ੀ ਨਾ ਕੀਤੀ ਜਾਵੇ ਅਤੇ ਨਾ ਹੀ ਢੰਡੋਰਾ ਪਿੱਟਿਆ ਜਾਵੇ। ਇਨ੍ਹਾਂ ਨੇਕ ਕੰਮਾਂ ਦੀ ਜਾਣਕਾਰੀ ਸਿਰਫ਼ ਈਸ਼ਵਰ ਨੂੰ ਹੀ ਹੋਣੀ ਚਾਹੀਦੀ ਹੈ। ਹੁੰਦਾ ਇਸ ਦੇ ਉਲਟ ਹੈ। ਮਨੁੱਖ ਆਪਣੇ ਸੁਭਾਅ ਤੋਂ ਮਜਬੂਰ ਹੋ ਕੇ ਆਪਣੇ ਧਰਮ, ਪੁੰਨ-ਦਾਨ ਦੇ ਕੰਮਾਂ ਦੀ ਵਿਖਾਵੇਬਾਜ਼ੀ ਕਰਦਾ ਰਹਿੰਦਾ ਹੈ। ਉਹ ਚਾਹੁੰਦਾ ਹੈ ਕਿ ਲੋਕਾਂ ਵਿਚ ਉਸ ਦੇ ਕੰਮਾਂ ਦੀ ਵਡਿਆਈ ਹੋਣੀ ਚਾਹੀਦੀ ਹੈ ਤਾਂ ਕਿ ਸਭ ਲੋਕ ਉਸ ਨੂੰ ਆਦਰ-ਸਤਿਕਾਰ ਦੇਣ। ਉਹ ਚਾਹੁੰਦਾ ਹੈ ਕਿ ਲੋਕ ਉਸ ਨੂੰ ਬਹੁਤ ਵੱਡਾ ਦਾਨੀ ਅਤੇ ਧਰਮਾਤਮਾ ਸਮਝਣ। ਜ਼ਿਆਦਾਤਰ ਵਿਅਕਤੀ ਧਾਰਮਿਕ ਤੇ ਜਨਤਕ ਸਥਾਨਾਂ 'ਤੇ ਧਨ ਦੀ ਸੇਵਾ ਕਰਦੇ ਸਮੇਂ ਚਾਹੁੰਦੇ ਹਨ ਕਿ ਸੇਵਾ ਕਰਵਾਈ ਦੀ ਮਸ਼ਹੂਰੀ ਵਾਸਤੇ ਉਨ੍ਹਾਂ ਦੇ ਨਾਂ ਦਾ ਵੱਡਾ ਸਾਰਾ ਪੱਥਰ ਲਗਾਇਆ ਜਾਵੇ। ਕਈ ਲੋਕ ਲੰਗਰ ਦੀ ਸੇਵਾ ਵਿਚ ਦਿਲਚਸਪੀ ਰੱਖਦੇ ਹਨ ਪਰ ਉਹ ਵੀ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਇਹ ਲੰਗਰ ਉਨ੍ਹਾਂ ਨੇ ਲਗਾਇਆ ਹੈ। ਅਜਿਹੇ ਲੋਕ ਵੀ ਹਨ ਜੋ ਪੂਜਾ-ਪਾਠ ਕਰਨ ਅਤੇ ਨਾਮ ਜਪਣ ਦਾ ਵਿਖਾਵਾ ਕਰਨਗੇ ਅਤੇ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਉਹ ਬਹੁਤ ਵੱਡੇ ਭਗਤ ਹਨ। ਵਰਤ ਰੱਖਣ ਵੇਲੇ ਵੀ ਕਈ ਲੋਕ ਵਿਖਾਵਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਹ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੇ ਅੱਜ ਵਰਤ ਰੱਖਿਆ ਹੋਇਆ ਹੈ। ਅਸਲੀ ਧਾਰਮਿਕਤਾ ਇਹ ਹੈ ਕਿ ਅਸੀਂ ਜੋ ਵੀ ਸ਼ੁਭ ਕੰਮ ਕਰਦੇ ਹਾਂ, ਉਸ ਦਾ ਵਿਖਾਵਾ ਨਾ ਕੀਤਾ ਜਾਵੇ। ਜਦੋਂ ਅਸੀਂ ਇਸ ਸੰਸਾਰ ਵਿਚ ਆਪਣੇ ਕੀਤੇ ਹੋਏ ਭਲੇ ਕੰਮਾਂ ਜਾਂ ਧਾਰਮਿਕ ਕੰਮਾਂ ਦਾ ਵਿਖਾਵਾ ਕਰਦੇ ਹਾਂ ਜਾਂ ਵਡਿਆਈ ਕਰਵਾਉਂਦੇ ਹਾਂ ਤਾਂ ਉਨ੍ਹਾਂ ਦਾ ਫਲ ਇੱਥੇ ਹੀ ਪਾ ਲੈਂਦੇ ਹਾਂ। ਪ੍ਰਲੋਕ ਵਿਚ ਉਨ੍ਹਾਂ ਦਾ ਸਾਨੂੰ ਕੋਈ ਫਲ ਨਹੀਂ ਮਿਲੇਗਾ। ਪ੍ਰਭੂ ਈਸਾ ਮਸੀਹ ਉਪਦੇਸ਼ ਦਿੰਦੇ ਹਨ ਕਿ ਦਾਨ ਤਾਂ ਗੁਪਤ ਹੀ ਹੋਣਾ ਚਾਹੀਦਾ ਹੈ। ਪਿਤਾ ਪਰਮੇਸ਼ਰ ਜਿਹੜਾ ਗੁਪਤ ਵਿਚ ਵੇਖਦਾ ਹੈ, ਉਹ ਤੈਨੂੰ ਫਲ ਦੇਵੇਗਾ। ਸ੍ਰੀ ਕ੍ਰਿਸ਼ਨ ਭਗਵਾਨ ਸ਼੍ਰੀਮਦ ਭਗਵਤ ਗੀਤਾ ਦੇ 9ਵੇਂ ਅਧਿਆਏ ਵਿਚ 26ਵੇਂ ਸਲੋਕ ਵਿਚ ਦਾਨ ਬਾਰੇ ਇਸ ਤਰ੍ਹਾਂ ਉਚਾਰਦੇ ਹਨ 'ਜੋ ਕੋਈ ਭਗਤ ਮੇਰੇ ਲਈ ਪ੍ਰੇਮ ਦੇ ਪੱਤਰ, ਫੁੱਲ, ਫਲ ਤੇ ਜਲ ਆਦਿ ਅਰਪਣ ਕਰਦਾ ਹੈ, ਉਸ ਸ਼ੁੱਧ ਬੁੱਧੀ, ਨਿਸ਼ਕਾਮ ਪ੍ਰੇਮ ਭਗਤ ਦੀ ਇਹ ਭੇਟ ਮੈਂ ਸਾਕਾਰ ਰੂਪ ਵਿਚ ਪ੍ਰਗਟ ਹੋ ਕੇ ਪ੍ਰੇਮ ਸਹਿਤ ਸਵੀਕਾਰ ਕਰਦਾ ਹਾਂ।

-ਸ਼ਫੀ ਮਸੀਹ ਭੱਟੀ। (97792-58099)

Posted By: Susheel Khanna