ਮਨੁੱਖ ਅਨੁਸਾਰ ਸੰਸਾਰ ਵਿਚ ਦੁੱਖਾਂ ਦੇ ਚਾਰ ਮੁੱਖ ਕਾਰਨ ਹਨ- ਸਮਾਂ, ਕੁਦਰਤ ਦੇ ਭੌਤਿਕ ਗੁਣ, ਕਰਮ ਅਤੇ ਸੁਭਾਅ। ਮਨੁੱਖ ਦੇ ਸੁਭਾਅ ਤੋਂ ਅਰਥ ਉਸ ਦੀ ਬਿਰਤੀ ਤੋਂ ਹੈ ਕਿਉਂਕਿ ਬਿਰਤੀ ਦੇ ਅਨੁਸਾਰ ਹੀ ਮਨੁੱਖ ਸੰਸਾਰ ਵਿਚ ਕਰਮ ਕਰਦਾ ਹੈ ਅਤੇ ਉਸੇ ਨਾਲ ਉਸ ਦੀ ਪਛਾਣ ਹੁੰਦੀ ਹੈ ਕਿ ਉਹ ਦੈਵੀ ਜਾਂ ਦਾਨਵੀ ਬਿਰਤੀ ਦਾ ਹੈ। ਦਾਨਵੀ ਬਿਰਤੀ ਵਾਲੇ ਮਨੁੱਖ 'ਚ ਦੰਭ, ਹੰਕਾਰ, ਕਰੋਧ, ਕਠੋਰਤਾ ਅਤੇ ਅਗਿਆਨਤਾ ਵਰਗੇ ਔਗੁਣ ਪਾਏ ਜਾਂਦੇ ਹਨ ਜਦਕਿ ਦੈਵੀ ਬਿਰਤੀ ਵਿਚ ਨਿਡਰਤਾ, ਆਤਮ-ਸ਼ੁੱਧੀ, ਗਿਆਨ ਦਾ ਭੰਡਾਰ, ਦਾਨ, ਆਤਮ-ਸੰਜਮ, ਦਇਆ, ਤਪੱਸਿਆ, ਸਰਲਤਾ, ਤਿਆਗ ਅਤੇ ਦੂਜਿਆਂ ਦੀ ਬੁਰਾਈ ਕਰਨ ਵਿਚ ਦਿਲਚਸਪੀ ਨਾ ਹੋਣਾ ਆਦਿ ਗੁਣ ਹੁੰਦੇ ਹਨ। ਮਨੁੱਖ ਜਾਤੀ ਦੇ ਕਲਿਆਣ ਅਤੇ ਸਮਾਜ ਨੂੰ ਸੁਚੱਜੀ ਪ੍ਰਣਾਲੀ ਨਾਲ ਚਲਾਉਣ ਲਈ ਹਰ ਸੰਪ੍ਰਦਾਇ ਵਿਚ ਜ਼ਾਬਤਾ ਬਣਾਇਆ ਗਿਆ ਹੈ ਪਰ ਦਾਨਵੀ ਬਿਰਤੀ ਦਾ ਮਨੁੱਖ ਜ਼ਾਬਤੇ ਨੂੰ ਨਹੀਂ ਮੰਨਦਾ। ਉਹ ਸੋਚਦਾ ਹੈ ਕਿ ਜਗਤ ਮਿੱਥ ਹੈ। ਇਸ ਦਾ ਕੋਈ ਆਧਾਰ ਨਹੀਂ ਹੈ। ਅਜਿਹੇ ਲੋਕ ਅਤ੍ਰਿਪਤ ਇੱਛਾਵਾਂ ਨੂੰ ਵਧਾਉਂਦੇ ਚਲੇ ਜਾਂਦੇ ਹਨ। ਇਨ੍ਹਾਂ ਦਾ ਭਰੋਸਾ ਹੁੰਦਾ ਹੈ ਕਿ ਇੰਦਰੀਆਂ ਦੀ ਸੰਤੁਸ਼ਟੀ ਹੀ ਮਨੁੱਖੀ ਸੱਭਿਅਤਾ ਦੀ ਮੂਲ ਜ਼ਰੂਰਤ ਹੈ। ਇਸ ਲਈ ਇਹ ਨਾਜਾਇਜ਼ ਤਰੀਕੇ ਨਾਲ ਧਨ ਅਤੇ ਭੋਗ ਵਿਲਾਸ ਦੇ ਸਾਧਨਾਂ ਨੂੰ ਇਕੱਠੇ ਕਰਦੇ ਰਹਿੰਦੇ ਹਨ। ਦੈਵੀ ਬਿਰਤੀ ਨਾਲ ਮਨੁੱਖ ਸੰਸਾਰ ਦੇ ਕਰਮ ਫਲ ਤੋਂ ਮੁਕਤ ਹੋ ਕੇ ਮੁਕਤੀ ਪ੍ਰਾਪਤ ਕਰਨ ਵੱਲ ਵੱਧਦਾ ਹੈ। ਓਥੇ ਹੀ ਦਾਨਵੀ ਬਿਰਤੀ ਮਨੁੱਖ ਨੂੰ ਰੋਜ਼ਾਨਾ ਸੰਸਾਰਕ ਬੰਧਨਾਂ ਵਿਚ ਬੰਨ੍ਹ ਕੇ ਉਸ ਦਾ ਪਤਨ ਕਰਦੀ ਰਹਿੰਦੀ ਹੈ। ਦਾਨਵੀ ਬਿਰਤੀ ਵਾਲਾ ਵਿਅਕਤੀ ਇਹ ਮੰਨਦਾ ਹੀ ਨਹੀਂ ਹੈ ਕਿ ਈਸ਼ਵਰ ਹਰ ਜਗ੍ਹਾ ਮੌਜੂਦ ਹੈ ਅਤੇ ਉਸ ਦੇ ਖ਼ੁਦ ਦੇ ਅੰਦਰ ਵੀ ਬਿਰਾਜਮਾਨ ਹੈ। ਅਸਲ ਵਿਚ ਇਹ ਈਸ਼ਵਰ ਦਾ ਅੰਸ਼ ਮਨੁੱਖ ਦੀ ਬਿਰਤੀ ਨੂੰ ਹਰ ਸਮੇਂ ਦੇਖਦਾ ਰਹਿੰਦਾ ਹੈ। ਮਨੁੱਖੀ ਜੂਨ ਨੂੰ ਸਭ ਤੋਂ ਉੱਤਮ ਜੂਨ ਮੰਨਿਆ ਗਿਆ ਹੈ। ਵਿਵੇਕ ਕੇਵਲ ਮਨੁੱਖ ਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਵਿਵੇਕ ਦੁਆਰਾ ਹਰ ਮਨੁੱਖ ਨੂੰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਔਗੁਣਾਂ ਨੂੰ ਤਿਆਗ ਕੇ ਸਦਗੁਣਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੀ ਆਤਮਾ ਸੰਸਾਰ ਦੇ ਕਰਮ ਬੰਧਨਾਂ ਤੋਂ ਮੁਕਤ ਹੋ ਕੇ ਮੁਕਤੀ ਪ੍ਰਾਪਤ ਕਰ ਸਕੇ। ਇਸ ਤਰ੍ਹਾਂ ਉਸ ਦੀ ਆਤਮਾ ਦਾ ਈਸ਼ਵਰ ਨਾਲ ਮੇਲ-ਮਿਲਾਪ ਹੋ ਜਾਵੇਗਾ ਅਤੇ ਉਹ ਜਨਮ-ਮੌਤ ਦੇ ਬੰਧਨਾਂ ਤੋਂ ਵੀ ਮੁਕਤ ਹੋ ਜਾਵੇਗਾ।

-ਕਰਨਲ ਸ਼ਿਵਦਾਨ ਸਿੰਘ।

Posted By: Jagjit Singh