-ਸੁਖਦੀਪ ਸਿੰਘ ਗਿੱਲ।

ਇਨਸਾਨ ਦੇ ਔਗੁਣਾਂ 'ਚੋਂ ਹੰਕਾਰ ਸਭ ਤੋਂ ਖ਼ਤਰਨਾਕ ਅਤੇ ਮਾਰੂ ਹੈ। ਇਸ ਕਾਰਨ ਉਸ ਦੀ ਅਕਲ 'ਤੇ ਪਰਦਾ ਪੈ ਜਾਂਦਾ ਹੈ। ਮਹਾਭਾਰਤ ਹੋਣ ਦੇ ਵੈਸੇ ਤਾਂ ਬਹੁਤ ਸਾਰੇ ਕਾਰਨ ਸਨ ਪਰ ਸਭ ਤੋਂ ਵੱਡਾ ਕਾਰਨ ਹੰਕਾਰ ਹੀ ਸੀ। ਹੰਕਾਰ ਦੇ ਵੱਸ ਪੈ ਕੇ ਕੌਰਵ ਆਪਣੇ ਵੱਲੋਂ ਦਰੋਪਦੀ ਅਤੇ ਪਾਂਡਵਾਂ ਨਾਲ ਕੀਤੇ ਗੁਨਾਹ ਭੁੱਲ ਗਏ। ਬਸ ਇਹੀ ਯਾਦ ਰਹਿ ਗਿਆ ਕਿ ਦਰੋਪਦੀ ਨੇ ਦੁਰਯੋਧਨ ਨੂੰ 'ਅੰਨ੍ਹੇ ਦਾ ਪੁੱਤ ਅੰਨ੍ਹਾ' ਕਹਿ ਦਿੱਤਾ ਸੀ। ਇਸ ਤੋਂ ਇਲਾਵਾ ਕੌਰਵ ਹੰਕਾਰ ਕਾਰਨ ਆਪਣੇ-ਆਪ ਨੂੰ ਇਸ ਲਈ ਸ਼ਕਤੀਸ਼ਾਲੀ ਸਮਝ ਬੈਠੇ ਸਨ ਕਿ ਉਨ੍ਹਾਂ ਨਾਲ ਭੀਸ਼ਮ ਪਿਤਾਮਾ, ਕਰਨ ਅਤੇ ਦਰੋਣਾਚਾਰੀਆ ਸਨ।

ਉਂਜ ਇਹ ਮਹਾਰਥੀ ਸਿਰਫ਼ ਸਰੀਰਕ ਪੱਖ ਤੋਂ ਹੀ ਕੌਰਵਾਂ ਵੱਲ ਸਨ, ਮਾਨਸਿਕ ਪੱਖੋਂ ਨਹੀਂ। ਉਨ੍ਹਾਂ ਨੇ ਨਮਕ ਦਾ ਬਦਲਾ ਚੁਕਾਉਣ ਲਈ ਕੌਰਵਾਂ ਲਈ ਜਾਨ ਦੇਣਾ ਆਪਣਾ ਫ਼ਰਜ਼ ਸਮਝਿਆ। ਕੌਰਵਾਂ ਦੇ ਹੰਕਾਰ ਦਾ ਨਤੀਜਾ ਉਨ੍ਹਾਂ ਦੀ ਤਬਾਹੀ ਵਜੋਂ ਨਿਕਲਿਆ। ਇਸ ਲਈ ਵਿਅਕਤੀ ਦੀ ਭਲਾਈ ਇਸੇ ਵਿਚ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ, ਹੰਕਾਰ ਤੋਂ ਖਹਿੜਾ ਛੁਡਾ ਲਵੇ। ਹੰਕਾਰ ਵਿਅਕਤੀ ਤੋਂ ਅਜਿਹਾ ਵਿਵਹਾਰ ਕਰਵਾ ਲੈਂਦਾ ਹੈ ਜਿਸ ਦੇ ਨਤੀਜੇ ਵਜੋਂ ਸਾਡੇ ਆਪਣੇ ਸਾਡੇ ਤੋਂ ਦਿਲੋਂ ਨੇੜਤਾ ਖ਼ਤਮ ਕਰ ਲੈਂਦੇ ਹਨ। ਹੰਕਾਰ ਦੀ ਦੂਜੀ ਵੱਡੀ ਉਦਾਹਰਨ ਸਾਨੂੰ ਰਮਾਇਣ ਵਿਚ ਰਾਵਣ ਦੀ ਮਿਲਦੀ ਹੈ। ਉਹ ਸਰਬ ਗੁਣ ਸੰਪੂਰਨ ਸੀ। ਉਸ ਵਰਗਾ ਗਿਆਨੀ ਅਤੇ ਯੋਧਾ ਕੋਈ ਨਹੀਂ ਸੀ। ਉਹ ਵੀ ਹੰਕਾਰ 'ਚ ਆ ਗਿਆ। ਇਸੇ ਕਾਰਨ ਉਸ ਨੇ ਲੋਕਾਈ 'ਤੇ ਜ਼ੁਲਮੋ-ਸਿਤਮ ਸ਼ੁਰੂ ਕਰ ਦਿੱਤਾ। ਉਹ ਭੁੱਲ ਗਿਆ ਕਿ ਅੱਤ ਖ਼ੁਦਾ ਦਾ ਵੈਰ ਹੁੰਦਾ ਹੈ।

ਰਾਵਣ ਦਾ ਘੁਮੰਡ ਚਕਨਾਚੂਰ ਕਰਨ ਲਈ ਵਿਸ਼ਨੂੰ ਭਗਵਾਨ ਨੇ ਸ੍ਰੀਰਾਮ ਦੇ ਰੂਪ ਵਿਚ ਅਵਤਾਰ ਧਾਰਨ ਕਰ ਕੇ ਉਸ ਦਾ ਖ਼ਾਤਮਾ ਕੀਤਾ। ਇਸ ਕੰਮ ਵਿਚ ਹੋਰ ਦੇਵੀ-ਦੇਵਤਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ। ਇਹ ਤਾਂ ਮਹਿਜ਼ ਦੋ ਮਿਸਾਲਾਂ ਹਨ ਹੰਕਾਰ ਦੀਆਂ। ਇਤਿਹਾਸ ਵਿਚ ਹੋਰ ਪਤਾ ਨਹੀਂ ਕਿੰਨੇ ਕੁ ਹੰਕਾਰੀ ਹੋਏ ਜਿਨ੍ਹਾਂ ਦਾ ਨਾ ਸਿਰਫ਼ ਘੁਮੰਡ ਚਕਨਾਚੂਰ ਹੋਇਆ ਸਗੋਂ ਉਨ੍ਹਾਂ ਦੀ ਕੁੱਲ ਦਾ ਵੀ ਨਾਸ ਹੋ ਗਿਆ। ਕਿਹਾ ਵੀ ਗਿਆ ਹੈ ਕਿ 'ਹੰਕਾਰਿਆ ਸੋ ਮਾਰਿਆ' ਜਾਂ 'ਅੜੇ ਸੋ ਝੜੇ।' ਉਕਤ ਲਿਖਤ ਦਾ ਨਿਚੋੜ ਇਹੀ ਹੈ ਕਿ ਸਾਨੂੰ ਆਪਣੇ 'ਤੇ ਹੰਕਾਰ ਨੂੰ ਕਦੇ ਵੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ ਪਰ ਤ੍ਰਾਸਦੀ ਇਹ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਲੋਕ ਇਸ ਔਗੁਣ ਦਾ ਜਾਣੇ-ਅਨਜਾਣੇ ਸ਼ਿਕਾਰ ਹੋ ਰਹੇ ਹਨ।

ਸੰਪਰਕ : 94174-51887

Posted By: Sunil Thapa