ਪਹਿਲੀ ਗੱਲ ਇਹੀ ਹੈ ਕਿ ਅਸੀਂ ਕਿਸੇ ਨੂੰ ਇਹ ਦੋਸ਼ ਬਿਲਕੁਲ ਵੀ ਨਾ ਦੇਈਏ ਕਿ ਸਾਨੂੰ ਉਸ ਨੇ ਇਹ ਨਹੀਂ ਸਿਖਾਇਆ, ਜੇ ਉਹ ਸਾਡੇ ਜੀਵਨ ਵਿਚ ਨਾ ਆਉਂਦਾ ਤਾਂ ਅਸੀਂ ਇਹ ਬਣ ਜਾਂਦੇ ਜਾਂ ਫਿਰ ਅਸੀਂ ਇਸ ਦੇ ਕਾਰਨ ਇਹ ਨਹੀਂ ਬਣ ਸਕੇ। ਇਹ ਸਭ ਮਿੱਥ ਹੈ। ਦਰਅਸਲ, ਅਸੀਂ ਉਹੀ ਵਸਤੂ ਜਾਂ ਗੁਣ ਆਪਣੇ ਜੀਵਨ ਵਿਚ ਸਵੀਕਾਰ ਕਰ ਲੈਂਦੇ ਹਾਂ ਜਿਸ ਪ੍ਰਤੀ ਖਿੱਚ ਦੇ ਸੰਸਕਾਰ ਸਾਡੇ ਚਿੱਤ ਵਿਚ ਪਹਿਲਾਂ ਤੋਂ ਹੀ ਮੌਜੂਦ ਰਹਿੰਦੇ ਹਨ ਅਤੇ ਜਿਸ ਵਿਚ ਸਾਡੀ ਸਹਿਜ ਦਿਲਚਸਪੀ ਹੁੰਦੀ ਹੈ। ਟੀਚਾ ਜੇਕਰ ਉਪ-ਟੀਚੇ ਦਾ ਪੁਲੰਦਾ ਲੈ ਕੇ ਨਾ ਚੱਲੇ ਤਾਂ ਉਹ ਕਿਤੇ ਫਸੇਗਾ ਹੀ ਨਹੀਂ। ਕਈ ਵਾਰ ਲੋਕ ਇਕ ਲਫ਼ਜ਼ ਇਸਤੇਮਾਲ ਕਰਦੇ ਹਨ ਕਿ ਮੇਰਾ ਇਹ ਖ਼ਾਬ ਸੀ ਜਾਂ ਇਨ੍ਹਾਂ ਨੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕੀਤਾ। ਸਹੀ ਗੱਲ ਤਾਂ ਇਹ ਹੈ ਕਿ ਸੁਪਨਾ ਜਾਗ੍ਰਿਤ ਦਾ ਹੀ ਪ੍ਰਤੀਬਿੰਬ ਹੈ। ਜਾਗ੍ਰਿਤ ਅਵਸਥਾ ਵਿਚ ਅਸੀਂ ਜਿਸ ਨੂੰ ਉਪਲਬਧ ਨਹੀਂ ਕਰ ਪਾਉਂਦੇ ਹਾਂ ਤਾਂ ਸਾਡੀ ਕਲਪਨਾ ਹੋਰ ਕਈ ਕਲਪਨਾਵਾਂ ਨੂੰ ਲੈ ਕੇ ਉਲਝ ਕੇ ਸੁਪਨਾ ਬਣਾ ਦਿੰਦੀ ਹੈ। ਜ਼ਾਹਰ ਹੈ ਕਿ ਅਸੀਂ ਸੁਪਨੇ ਨੂੰ ਸਾਕਾਰ ਕਰਨ ਦੀ ਜਗ੍ਹਾ ਜੇਕਰ ਜਾਗ੍ਰਿਤ ਨੂੰ ਸਾਕਾਰ ਕਰਨ ਦਾ ਸੰਕਲਪ ਲੈ ਲਈਏ ਤਾਂ ਫਿਰ ਸੁਪਨਾ ਦਿਖਣਾ ਹੀ ਬੰਦ ਹੋ ਜਾਵੇਗਾ। ਉਸ ਦੇ ਲਈ ਜ਼ਰੂਰਤ ਹੈ ਕਿ ਅਸੀਂ ਗ਼ੈਰ-ਜ਼ਰੂਰੀ ਚਿੰਤਨ ਨਾ ਕਰੀਏ। ਆਪਣੇ ਵਰਤਮਾਨ ਤੋਂ ਅਸੰਤੁਸ਼ਟ ਹੋਣਾ ਹੀ ਸੁਪਨਿਆਂ ਦੀ ਸਿਰਜਣਾ ਕਰਦਾ ਹੈ ਅਤੇ ਕਦੇ-ਕਦਾਈਂ ਵਰਤਮਾਨ ਆਪਣੇ ਆਨੰਦ ਨੂੰ ਕਿਸੇ ਕਾਰਨ ਪ੍ਰਗਟ ਨਹੀਂ ਕਰ ਪਾਉਂਦਾ ਹੈ ਤਾਂ ਮਨੁੱਖ ਸੁਪਨਿਆਂ ਦੇ ਸੰਸਾਰ ਵਿਚ ਜਾ ਕੇ ਅਨੰਤ ਕਾਲ ਤਕ ਉਸ ਨੂੰ ਸੁਪਨਾ ਬਣਾ ਲੈਂਦਾ ਹੈ। ਦੋਵੇਂ ਹੀ ਹਾਲਤਾਂ ਵਿਚ ਅੜਿੱਕਾ ਵਰਤਮਾਨ ਹੀ ਬਣਦਾ ਹੈ। ਅਸਲ ਵਿਚ ਜੋ ਆਤਮ-ਗਿਆਨੀ ਹੈ, ਜੋ ਆਪਣੇ ਖ਼ੁਦ ਦੇ ਰੂਪ ਵਿਚ ਸਥਿਤ ਹੈ, ਉਹ ਕਦੇ ਵੀ ਇਹ ਨਹੀਂ ਕਹਿੰਦਾ ਹੈ ਕਿ ਇਹ ਮੇਰਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਕਿਉਂਕਿ ਗਿਆਨੀ ਤਾਂ ਸਦਾ ਜਾਗ੍ਰਿਤ ਹੀ ਰਹਿੰਦਾ ਹੈ, ਸੁਪਨਾ ਤਾਂ ਸੁੱਤੇ ਹੋਏ ਵਿਅਕਤੀ ਦਾ ਪੂਰਾ ਹੁੰਦਾ ਹੈ। ਗਿਆਨੀ ਦੀ ਬੁੱਧੀ ਅਤੇ ਜਾਗਰਣ ਗ਼ੈਰ-ਤਜਾਰਤੀ ਹੁੰਦੇ ਹਨ ਅਤੇ ਸਦਾ ਅਣਕਿਆਸੇ ਹੁੰਦੇ ਹਨ ਤਾਂ ਸੁਭਾਵਿਕ ਹੈ ਕਿ ਉਸ ਨੂੰ ਕਿਸੇ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੁੰਦਾ। ਉਹ ਤਰਕ ਚੇਤਨਾ ਅਤੇ ਵਰਤਮਾਨ ਦੇ ਆਧਾਰ 'ਤੇ ਸੰਸਾਰ ਵਿਚ ਵਿਚਰਦਾ ਹੈ। ਇਹੀ ਕਾਰਨ ਹੈ ਕਿ ਉਹ ਜਾਗ੍ਰਿਤ ਹੋ ਕੇ ਫਾਲਤੂ ਦੇ ਝਮੇਲਿਆਂ ਵਿਚ ਨਹੀਂ ਫਸਦਾ। -ਸੰਤ ਮੈਥਿਲੀਸ਼ਰਨ

Posted By: Jagjit Singh