ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚ ਕੁੱਲੀ, ਗੁੱਲੀ ਤੇ ਜੁੱਲੀ ਹਨ। ਅੱਜਕੱਲ੍ਹ ਇਨ੍ਹਾਂ ਦੇ ਮਾਅਨੇ ਵਿਸਥਾਰਤ ਹੋ ਗਏ ਹਨ। ਕੁੱਲੀ ਹੁਣ ਕੱਖਾਂ ਦੀ ਛੰਨ ਨਾ ਹੋ ਕੇ ਅਲੀਸ਼ਾਨ ਬੰਗਲੇ, ਫਲੈਟ ਤੇ ਫਾਰਮਹਾਊਸਾਂ 'ਚ ਬਦਲ ਗਈ ਹੈ। ਗੁੱਲੀ ਹੁਣ ਮੱਕੀ ਜਾਂ ਕੋਧਰੇ ਤੋਂ ਬਦਲ ਕੇ ਵੰਨ-ਸੁਵੰਨੇ ਪਕਵਾਨਾਂ 'ਚ ਬਦਲ ਗਈ ਹੈ ਅਤੇ ਜੁੱਲੀ ਅਰਥਾਤ ਲਿਬਾਸ ਵੀ ਹੁਣ ਮਹਿੰਗੇ ਤੋਂ ਮਹਿੰਗੇ ਹੋ ਗਏ ਹਨ। ਇਹ ਸਭ ਕੁਝ ਹਾਸਲ ਕਰਨ ਲਈ ਮਨੁੱਖ ਨੂੰ ਰੁਜ਼ਗਾਰ ਦੀ ਲੋੜ ਮਹਿਸੂਸ ਹੁੰਦੀ ਹੈ।

ਰੁਜ਼ਗਾਰ ਮਿਲ ਜਾਵੇ ਤਾਂ ਭਲੀ ਵਾਹਵਾ, ਨਹੀਂ ਤਾਂ ਚਿੰਤਾ ਵਧਣ ਲੱਗਦੀ ਹੈ ਜਿਸ ਕਾਰਨ ਉਹ ਗ਼ਲਤ ਕੰਮਾਂ 'ਚ ਵੀ ਫਸ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਲਈ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਸਿਧਾਂਤ ਦਿੱਤਾ ਹੈ। ਆਪਣੇ ਹੱਕ ਦੀ ਖਾਣ ਅਤੇ ਬੇਗਾਨੇ ਹੱਕ ਤੋਂ ਬਚਣ ਲਈ ਉਨ੍ਹਾਂ ਨੇ ਮਨੁੱਖ ਨੂੰ ਸੁਚੇਤ ਵੀ ਕੀਤਾ ਹੈ।

ਪਰਾਇਆ ਹੱਕ ਖਾਣਾ ਉਨ੍ਹਾਂ ਨੇ ਬਹੁਤ ਵੱਡਾ ਪਾਪ ਦੱਸਿਆ ਹੈ। ਹਰ ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ-ਕਮਾਈ ਖਾਣੀ ਚਾਹੀਦੀ ਹੈ। ਲੁੱਟ-ਖਸੁੱਟ, ਚੋਰੀ-ਚਕਾਰੀ, ਰਿਸ਼ਵਤ ਤੇ ਬੇਈਮਾਨੀ ਮਨੁੱਖ ਨੂੰ ਨਾ ਤਾਂ ਸ਼ੋਭਾ ਦਿੰਦੀ ਹੈ ਅਤੇ ਨਾ ਹੀ ਚੰਗਾ ਫਲ। ਪਰ ਬੰਦਾ ਸਮਝਦਾ ਕਿੱਥੇ ਹੈ? ਹਰ ਕੋਈ ਵਗਦੀ ਗੰਗਾ ਵਿਚ ਡੁਬਕੀਆਂ ਲਗਾ ਲੈਂਦਾ ਹੈ। ਬਾਬਾ ਨਾਨਕ ਨੇ ਤਾਂ ਮਲਿਕ ਭਾਗੋ ਦੀਆਂ ਪੂਰੀਆਂ 'ਚੋਂ ਲੋਕਾਂ ਦਾ ਲਹੂ ਵਗਦਾ ਦਿਖਾ ਦਿੱਤਾ ਸੀ ਅਤੇ ਭਾਈ ਲਾਲੋ ਦੀ ਰੁੱਖੀ-ਮਿੱਸੀ ਰੋਟੀ 'ਚੋਂ ਦੁੱਧ। ਜੋ ਸੰਤੁਸ਼ਟੀ ਮਨੁੱਖ ਨੂੰ ਮਿਹਨਤ ਦੀ ਸੁੱਕੀ ਰੋਟੀ 'ਚੋਂ ਮਿਲਦੀ ਹੈ ਉਹ ਮੁਫ਼ਤ ਜਾਂ ਹੇਰਾਫੇਰੀ ਵਾਲੇ ਮਾਲ੍ਹ-ਪੂੜਿਆਂ 'ਚੋਂ ਨਸੀਬ ਨਹੀਂ ਹੁੰਦੀ। ਪਰ ਚਕਾਚੌਂਧ ਕਾਰਨ ਮਨੁੱਖ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਕਈ ਵਾਰ ਉਹ ਚਮਕ-ਦਮਕ ਵੱਲ ਵੇਖ ਕੇ ਈਮਾਨ ਤੋਂ ਡੋਲ ਜਾਂਦਾ ਹੈ। ਫਿਰ ਉਸ ਨੂੰ ਕਈ ਵਾਰ ਸਲਾਖਾਂ ਪਿੱਛੇ ਵੀ ਜਾਣਾ ਪੈਂਦਾ ਹੈ ਤੇ ਨਮੋਸ਼ੀ ਵੀ ਝੱਲਣੀ ਪੈਂਦੀ ਹੈ। ਚੋਰੀ-ਚਕਾਰੀ ਜਾਂ ਹੇਰਾਫੇਰੀ ਬੰਦਾ ਭਾਵੇਂ ਕਿੰਨੀ ਵੀ ਸਫ਼ਾਈ ਜਾਂ ਗੁਪਤ ਤਰੀਕੇ ਨਾਲ ਕਰੇ, ਉਸ ਨੂੰ ਦੇਰ-ਸਵੇਰ ਸਜ਼ਾ ਜ਼ਰੂਰ ਮਿਲਦੀ ਹੈ। ਸੰਤ-ਮਹਾਪੁਰਸ਼ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਹਵਾ ਨਾਲ ਕਿਸਾਨ ਦੇ ਖੇਤ 'ਚ ਗੁਆਂਢੀ ਦੇ ਖੇਤ 'ਚੋਂ ਅਨਾਜ ਦਾ ਦਾਣਾ ਵੀ ਡਿੱਗ ਪਵੇ ਤਾਂ ਉਸ ਦਾ ਵੀ ਹਿਸਾਬ ਦੇਣਾ ਪੈਂਦਾ ਹੈ। ਹਾਲਾਂਕਿ ਉਸ 'ਚ ਉਸ ਦਾ ਕੋਈ ਕਸੂਰ ਨਹੀਂ ਹੁੰਦਾ। ਇਸ ਲਈ ਕੁਦਰਤ ਦੇ ਕਾਨੂੰਨ ਨੂੰ ਮੰਨ ਕੇ ਮਨੁੱਖ ਨੂੰ ਹੱਕ-ਹਲਾਲ ਦੀ ਕਮਾਈ 'ਤੇ ਹੀ ਸਬਰ ਕਰਨਾ ਚਾਹੀਦਾ ਹੈ। -ਦਰਸ਼ਨ ਸਿੰਘ ਰਿਆੜ।

ਸੰਪਰਕ : 93163-11677

Posted By: Sunil Thapa