ਹਿੰਦੂ ਧਰਮ 'ਚ ਜਿੱਥੇ ਮਲਮਾਸ ਦਾ ਵਿਸ਼ੇਸ਼ ਮਹੱਤਵ ਹੈ, ਉੱਥੇ ਹੀ ਜੋਤਿਸ਼ ਸ਼ਾਸਤਰ ਦੇ ਲਿਹਾਜ਼ ਤੋਂ ਵੀ ਇਸ ਨੂੰ ਕਾਫ਼ੀ ਖ਼ਾਸ ਮੰਨਿਆ ਜਾਂਦਾ ਹੈ। ਇਸ ਸਾਲ ਜਿਹੜਾ ਮਲਮਾਸ ਆਉਣ ਵਾਲਾ ਹੈ, ਉਸ ਨੂੰ ਕਾਫ਼ੀ ਸ਼ੁੱਭ ਮੰਨਿਆ ਜਾ ਰਿਹਾ ਹੈ। ਜੋਤਿਸ਼ ਵਿਦਵਾਨਾਂ ਦਾ ਮੰਨਣਾ ਹੈ ਕਿ ਅਜਿਹਾ ਸ਼ੁੱਭ ਸੰਯੋਗ ਮਲਮਾਸ 'ਚ 160 ਸਾਲ ਬਾਅਦ ਬਣ ਰਿਹਾ ਹੈ ਤੇ ਇਸ ਤੋਂ ਬਾਅਦ ਅਜਿਹਾ ਸ਼ੁੱਭ ਮਲਮਾਸ 2039 'ਚ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਮਲਮਾਸ ਜਾਂ ਅਧਿਕਮਾਸ ਕਿਉਂ ਕਿਹਾ ਜਾਂਦਾ ਹੈ। ਇਸ ਦਾ ਕੀ ਧਾਰਮਿਕ ਮਹੱਤਵ ਹੈ ਤੇ ਭਗਵਾਨ ਰਾਮ ਦੇ ਨਾਂ 'ਤੇ ਇਸ ਨੂੰ ਪੁਰਸ਼ੋਤਮ ਮਾਸ ਕਿਉਂ ਕਿਹਾ ਜਾਂਦਾ ਹੈ।

ਤਿੰਨ ਸਾਲਾਂ 'ਚ ਇਕ ਵਾਰ ਆਉਂਦਾ ਹੈ ਅਧਿਕਮਾਸ

ਜਦੋਂ ਧਰਤੀ ਦੇ ਘੁੰਮਣ ਕਾਰਨ ਦੋ ਸਾਲਾਂ ਦੇ ਵਿਚਕਾਰ ਕਰੀਬ 11 ਦਿਨਾਂ ਦਾ ਫ਼ਾਸਲਾ ਹੋ ਜਾਂਦਾ ਹੈ ਤਾਂ ਤਿੰਨ ਸਾਲ 'ਚ ਕਰੀਬ ਇਕ ਮਹੀਨੇ ਦੇ ਬਰਾਬਰ ਦਾ ਅੰਤਰ ਆ ਜਾਂਦਾ ਹੈ। ਇਸੇ ਅੰਤਰ ਕਾਰਨ ਹਰ ਤਿੰਨ ਸਾਲ ਵਿਚ ਇਕ ਚੰਦਰ ਮਾਸ ਆਉਂਦਾ ਹੈ। ਹਰ ਤਿੰਨ ਸਾਲ ਵਿਚ ਵਧਣ ਵਾਲੇ ਇਸ ਮਹੀਨੇ ਨੂੰ ਹੀ ਅਧਿਕਮਾਸ ਜਾਂ ਮਲਮਾਸ ਕਿਹਾ ਜਾਂਦਾ ਹੈ। ਭਾਰਤੀ ਹਿੰਦੂ ਕੈਲੰਡਰ 'ਚ ਸੂਰਜ ਤੇ ਚੰਦਰਮਾ ਦੀ ਗਣਨਾ ਦੇ ਆਧਾਰ 'ਤੇ ਚੱਲਦਾ ਹੈ। ਅਧਿਕਮਾਸ ਅਸਲ ਵਿਚ ਚੰਦਰ ਸਾਲ ਦਾ ਇਕ ਵਾਧੂ ਹਿੱਸਾ ਹੈ ਜਿਹੜਾ ਹਰ 32 ਮਹੀਨੇ, 16 ਦਿਨ ਤੇ 8 ਘੰਟਿਆਂ ਦੇ ਅੰਤਰ ਨਾਲ ਆਉਂਦਾ ਹੈ। ਭਾਰਤੀ ਗਣਨਾ ਪ੍ਰਣਾਲੀ ਅਨੁਸਾਰ ਹਰੇਕ ਸੂਰਜ ਵਰ੍ਹਾ 365 ਦਿਨ ਤੇ 6 ਘੰਟੇ ਦਾ ਮੰਨਿਆ ਜਾਂਦਾ ਹੈ। ਉੱਥੇ ਹੀ ਚੰਦਰ ਵਰ੍ਹਾ 365 ਦਿਨਾਂ ਦਾ ਮੰਨਿਆ ਜਾਂਦਾ ਹੈ। ਯਾਨੀ ਦੋਵਾਂ 'ਚ ਕਰੀਬ 11 ਦਿਨਾਂ ਦਾ ਅੰਤਰ ਹੁੰਦਾ ਹੈ ਜਿਹੜਾ ਤਿੰਨ ਸਾਲ ਵਿਚ ਇਕ ਮਹੀਨੇ ਦੇ ਲਗਪਗ ਹੋ ਜਾਂਦਾ ਹੈ। ਇਸੇ ਕਾਰਨ ਇਸ ਨੂੰ ਅਧਿਕਮਾਸ ਕਿਹਾ ਜਾਂਦਾ ਹੈ।

ਸ਼ੁੱਭ ਨਹੀਂ ਮੰਨਿਆ ਜਾਂਦਾ ਮਲਮਾਸ

ਹਿੰਦੂ ਧਰਮ ਮੁਤਾਬਿਕ ਅਧਿਕਮਾਸ ਨੂੰ ਪਵਿੱਤਰ ਕੰਮਾਂ ਦੇ ਲਿਹਾਜ਼ ਤੋਂ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਵਾਧੂ ਮਹੀਨਾ ਹੋਣ ਕਾਰਨ ਇਸ ਨੂੰ ਮਲਿਨ ਮਾਸ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ਦੇ ਵਿਸ਼ੇਸ਼ ਸੰਸਕਾਰ ਜਿਵੇਂ ਨਾਮਕਰਣ, ਯੱਗ, ਵਿਆਹ ਤੇ ਹੋਰ ਆਮ ਧਾਰਮਿਕ ਸੰਸਕਾਰ ਅਧਿਕਮਾਸ ਵਿਚ ਨਹੀਂ ਕੀਤੇ ਜਾਂਦੇ ਹਨ। ਮਲਿਨਮਾਸ ਹੋਣ ਕਾਰਨ ਹੀ ਇਸ ਦਾ ਨਾਂ ਮਲਮਾਸ ਪਿਆ ਹੈ।

ਭਗਵਾਨ ਰਾਮ ਦੇ ਨਾਂ 'ਤੇ ਪਿਆ ਨਾਂ 'ਪੁਰਸ਼ੋਤਮ ਮਾਸ'

ਧਾਰਮਿਕ ਮਾਨਤਾ ਹੈ ਕਿ ਅਧਿਕਮਾਸ ਦੇ ਸਵਾਮੀ ਭਗਵਾਨ ਵਿਸ਼ਨੂੰ ਹਨ ਤੇ ਪੁਰਸ਼ੋਤਮ ਭਗਵਾਨ ਵਿਸ਼ਨੂੰ ਦਾ ਹੀ ਇਕ ਨਾਂ ਹੈ, ਇਸ ਲਈ ਅਧਿਕਮਾਸ ਨੂੰ ਪੁਰਸ਼ੋਤਮ ਮਾਸ ਵੀ ਕਿਹਾ ਜਾਂਦਾ ਹੈ। ਪੁਰਾਣਾਂ 'ਚ ਇਸ ਮਹੀਨੇ ਸਬੰਧੀ ਕਈ ਧਾਰਮਿਕ ਰੌਚਕ ਕਥਾਵਾਂ ਵੀ ਦਿੱਤੀਆਂ ਗਈਆਂ ਹਨ।

ਇਹ ਸੰਸਕਾਰ ਕੀਤੇ ਜਾ ਸਕਦੇ ਹਨ ਅਧਿਕਮਾਸ 'ਚ

ਉਂਝ ਤਾਂ ਅਧਿਕਮਾਸ 'ਚ ਕਈ ਸੰਸਕਾਰ ਕਰਨ ਦੀ ਮਨਾਹੀ ਹੁੰਦੀ ਹੈ ਪਰ ਕੁਝ ਅਜਿਹੇ ਸੰਸਕਾਰ ਹਨ ਜਿਨ੍ਹਾਂ ਨੂੰ ਮਲਮਾਸ ਦੌਰਾਨ ਵੀ ਸੰਪੰਨ ਕਰਵਾਇਆ ਜਾ ਸਕਦਾ ਹੈ। ਸੰਤਾਨ ਜਨਮ ਦੇ ਕੰਮ ਜਿਵੇਂ ਗਰਭ ਧਾਰਨ, ਪੁੰਸਵਨ, ਸੀਮੰਤ ਆਦਿ ਸੰਸਕਾਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਮੰਗਲ ਕਾਰਜ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤੇ ਮਲਮਾਸ ਆ ਜਾਂਦਾ ਹੈ ਤਾਂ ਵੀ ਉਸ ਕਾਰਜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਵਿਆਹ ਨਹੀਂ ਹੋ ਸਕਦਾ ਪਰ ਰਿਸ਼ਤੇ ਦੇਖੇ ਜਾ ਸਕਦੇ ਹਨ।

Posted By: Seema Anand