ਕੌਣ ਜਾਣੇ ਕਿ ਸਰੀਰ ਨੂੰ ਤਿਆਗ ਕੇ ਅਨੰਤ ਪੁਲਾੜ ਵਿਚ ਗੁੰਮ ਹੋਇਆ ਸਾਡਾ ਸਾਹ ਪਰਤੇ ਜਾਂ ਨਾ ਪਰਤੇ। ਜ਼ਾਹਿਰ ਹੈ ਕਿ ਜਦ ਤਕ ਸਾਹ ਚੱਲ ਰਹੇ ਹਨ, ਉਦੋਂ ਤਕ ਜੀਵਨ ਹੈ। ਉਦੋਂ ਤਕ ਜੀਵਨ ਦਾ ਇਹ ਸਾਰਾ ਵਪਾਰ ਹੈ। ਇਸ ਲਈ ਅਸੀਂ ਇਸ ਅਨਮੋਲ ਜੀਵਨ ਦਾ ਮਿਹਨਤ ਨਾਲ ਸੋਚ-ਵਿਚਾਰ ਕੇ ਇਸਤੇਮਾਲ ਕਰੀਏ, ਦੇਸ਼ ਦੇ ਵਿਕਾਸ ਵਿਚ ਜਿੰਨਾ ਸੰਭਵ ਹੋ ਸਕੇ, ਆਪਣਾ ਯੋਗਦਾਨ ਯਕੀਨੀ ਬਣਾ ਕੇ ਉਸ ਦੀ ਵਰਤੋਂ ਕਰੀਏ। ਉੱਤਮ ਸਮਾਜ ਦੇ ਨਿਰਮਾਣ ਵਿਚ ਉਸ ਦੀ ਵਰਤੋਂ ਕਰੀਏ ਅਤੇ ਹਾਂ, ਧਰਮ ਦੇ ਵਾਧੇ ਲਈ ਉਸ ਦੀ ਵਰਤੋਂ ਕਰੀਏ। ਇਹੀ ਸਭ ਤੋਂ ਉੱਤਮ ਮਾਰਗ ਹੈ। ਜ਼ਰਾ ਸੋਚੋ, ਉਹ ਕਿਹੜੀ ਤਾਕਤ ਹੈ ਜੋ ਸਾਨੂੰ ਇਕ ਹੀ ਪਲ ਵਿਚ ਰਸਾਤਲ ਵਿਚ ਸੁੱਟ ਦੇਣ ਦੇ ਸਮਰੱਥ ਹੈ ਅਤੇ ਇਕ ਪਲ ਵਿਚ ਹੀ ਸੋਨੇ ਦੇ ਸਿੰਘਾਸਣ 'ਤੇ ਆਸੀਨ ਕਰ ਦੇਣ ਵਿਚ ਵੀ ਸਮਰੱਥ ਹੈ? ਉਸ ਸ਼ਕਤੀ ਦਾ ਨਾਂ ਹੈ ਮਨ। ਹੰਕਾਰ ਭਾਵ ਵਿਚ ਲੀਨ ਮਨ ਸਾਨੂੰ ਪਤਿਤ ਬਣਾਉਂਦਾ ਹੈ ਜਦਕਿ ਧਰਮ ਅਤੇ ਹੰਕਾਰ ਤੋਂ ਮੁਕਤ ਧਿਆਨ ਵਿਚ ਲੀਨ ਮਨ ਸਾਡਾ ਉੱਥਾਨ ਕਰਦਾ ਹੈ, ਮੁਕਤੀ ਨੂੰ ਸੁਗਮ ਬਣਾਉਂਦਾ ਹੈ। ਮੁਕਤੀ ਮੌਤ ਤੋਂ ਬਾਅਦ ਦੀ ਸਥਿਤੀ ਨਹੀਂ ਹੈ। ਇਹ ਜਿਊਂਦਾ ਰਹਿੰਦੇ ਹੋਏ ਹੀ ਸੁੱਖ ਅਤੇ ਦੁੱਖ ਵਿਚ ਸਥਿਰ ਹੋ ਜਾਣ ਦੀ ਸਥਿਤੀ ਹੈ, ਹੰਕਾਰ ਦੇ ਨਾਸ ਦੀ ਸਥਿਤੀ ਹੈ, ਹੋਂਦ ਵਿਚ ਮੌਜੂਦ ਈਸ਼ਵਰ ਦੇ ਤੱਤ ਨੂੰ ਜਗਾਉਣ ਦੀ ਸਥਿਤੀ ਹੈ, ਖ਼ੁਦ ਈਸ਼ਵਰ ਹੋ ਜਾਣ ਦੀ ਸਥਿਤੀ ਹੈ। ਗ਼ੌਰ ਕਰੋ, ਸੰਤ ਕਬੀਰ ਨੇ ਕੀ ਕਿਹਾ ਸੀ, 'ਜਬ ਮੈਂ ਥਾ ਤਬ ਹਰਿ ਨਹੀਂ, ਅਬ ਹਰਿ ਹੈਂ ਮੈਂ ਨਾਹਿੰ।' ਅਰਥਾਤ ਹੰਕਾਰ ਨਾਲ ਭਰਿਆ ਮੇਰਾ ਮਨ ਲੱਭ ਕੇ ਵੀ ਕਿਤੇ ਈਸ਼ਵਰ ਨੂੰ ਨਾ ਲੱਭ ਸਕਿਆ ਪਰ ਉਸ ਹੰਕਾਰ ਦਾ ਨਾਸ ਹੋ ਜਾਣ ਨਾਲ ਹੁਣ ਕੇਵਲ ਈਸ਼ਵਰ ਹੀ ਈਸ਼ਵਰ ਹੈ, ਮੈਂ ਤਾਂ ਕਿਤੇ ਹੈ ਹੀ ਨਹੀਂ। ਕਹਿਣ ਦਾ ਭਾਵ ਇਹ ਕਿ ਜੇਕਰ ਮੁਕਤੀ, ਈਸ਼ਵਰ ਜਾਂ ਸ੍ਰੇਸ਼ਠ ਨੂੰ ਪ੍ਰਾਪਤ ਕਰਨਾ ਹੈ ਤਾਂ ਹੰਕਾਰ ਨੂੰ ਤਿਆਗਣਾ ਹੀ ਹੋਵੇਗਾ, ਜੀਵ ਮਾਤਰ ਨੂੰ ਗਲੇ ਲਗਾਉਣਾ ਹੀ ਹੋਵੇਗਾ। ਪਰਉਪਕਾਰ ਤੇ ਪਰਮਾਰਥ ਦੇ ਰਾਹ 'ਤੇ ਚੱਲਣਾ ਹੀ ਹੋਵੇਗਾ ਕਿਉਂਕਿ ਦੀਨ-ਦੁਖੀਆਂ ਦੇ ਦੁੱਖ-ਦਰਦ ਦੂਰ ਕਰਨਾ ਹੀ ਮਨੁੱਖ ਦਾ ਪਰਮ ਕਰਤੱਵ ਹੈ। ਕਾਬਿਲੇਗ਼ੌਰ ਹੈ ਕਿ ਕਿਸੇ ਜੀਵ ਨੂੰ ਆਪਣੇ ਨਾਲੋਂ ਅਲੱਗ ਨਾ ਮੰਨਣ ਦਾ ਭਾਵ ਹੀ ਅੰਤਿਮ ਸੱਚ ਹੈ ਕਿਉਂਕਿ ਅਸੀਂ ਸਾਰੇ ਉਸੇ ਇਕਮਾਤਰ ਈਸ਼ਵਰ ਦੇ ਅੰਸ਼ ਹਾਂ। ਇਹ ਕਲਿਆਣਕਾਰੀ ਭਾਵ ਪੈਦਾ ਹੋ ਜਾਣ ਨਾਲ ਆਪਣੇ-ਪਰਾਏ ਦਾ ਫ਼ਰਕ ਮਿਟ ਜਾਂਦਾ ਹੈ, ਹੰਕਾਰ ਦਾ ਨਾਸ ਹੋ ਜਾਂਦਾ ਹੈ ਅਤੇ ਦੁਨੀਆ ਵਿਚ ਲੋਕਾਂ ਵਿਚਾਲੇ ਰਹਿੰਦੇ ਹੋਏ ਵੀ ਅਸੀਂ ਦਿੱਵਿਆ ਹੋ ਜਾਂਦੇ ਹਾਂ।

-ਚੰਦਨ ਕਰਨ।

Posted By: Jagjit Singh