ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਵਿਚਰਨ ਲਈ ਵਿਅਕਤੀ ਦੇ ਸਮਾਜਿਕ ਗੁਣਾਂ ਦਾ ਅਤਿਅੰਤ ਮਹੱਤਵ ਹੈ। ਗੁਣਵਾਨ ਵਿਅਕਤੀ ਨੂੰ ਹਰ ਥਾਂ ਇੱਜ਼ਤ-ਮਾਣ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਦੇ ਹਰੇਕ ਪ੍ਰਾਣੀ ਵਿਚ ਕੁਝ ਗੁਣ ਤੇ ਕੁਝ ਔਗੁਣ ਹੁੰਦੇ ਹਨ ਪਰ ਕੁਝ ਲੋਕ ਹਨ ਜੋ ਦੂਜਿਆਂ ਦੇ ਔਗੁਣਾਂ ਨੂੰ ਹੀ ਦੇਖਦੇ ਹਨ। ਉਹ ਕਿਸੇ ਵੀ ਹਾਂ-ਪੱਖੀ ਨੁਕਤੇ ਵਿਚ ਨਾਂਹ-ਪੱਖੀ ਨਜ਼ਰੀਏ ਦੇ ਆਦੀ ਹੋ ਜਾਂਦੇ ਹਨ। ਆਮ ਤੌਰ ’ਤੇ ਅਜਿਹੇ ਲੋਕਾਂ ਵਿਚ ਨਿੰਦਾ ਦੀ ਬਿਰਤੀ ਪਾਈ ਜਾਂਦੀ ਹੈ। ਉਹ ਅਜਿਹਾ ਕਰ ਕੇ ਖ਼ੁਦ ਨੂੰ ਸਮਾਜ ਵਿਚ ਸ੍ਰੇਸ਼ਠ ਅਤੇ ਦੂਜੇ ਤੋਂ ਨੀਵਾਂ ਸਿੱਧ ਕਰਨਾ ਚਾਹੁੰਦੇ ਹਨ। ਨਿੰਦਾ ਇਕ ਨਸ਼ੇ ਦੀ ਤਰ੍ਹਾਂ ਹੈ ਜੋ ਇਕ ਵਾਰ ਇਸ ਦਾ ਆਦੀ ਹੋ ਗਿਆ, ਉਹ ਦਿਨ-ਬਦਿਨ ਇਸ ਦੇ ਜਾਲ ਵਿਚ ਜਕੜਦਾ ਚਲਿਆ ਜਾਂਦਾ ਹੈ। ਰਿਸ਼ੀਆਂ-ਮੁਨੀਆਂ ਨੇ ਨਿੰਦਾ-ਚੁਗਲੀ ਨੂੰ ਭੈੜੀ ਵਾਦੀ ਦੇ ਸਮਾਨ ਮੰਨਿਆ ਹੈ ਜੋ ਨਿੰਦਾ ਕਰਨ ਵਾਲੇ ਵਿਅਕਤੀ ਨੂੰ ਅੰਦਰੋ-ਅੰਦਰੀ ਨੈਤਿਕ ਤੌਰ ’ਤੇ ਖ਼ਤਮ ਕਰਦੀ ਰਹਿੰਦੀ ਹੈ। ਇਕ ਵਾਰ ਇਕ ਅਚਾਰੀਆ ਆਪਣੇ ਸ਼ਿਸ਼ਾਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਸਨ। ਇਸ ਦੌਰਾਨ ਇਕ ਸ਼ਿਸ਼ ਹੋਰ ਸ਼ਿਸ਼ਾਂ ਵੱਲ ਇਸ਼ਾਰਾ ਕਰਦੇ ਹੋਏ ਅਚਾਰੀਆ ਨੂੰ ਕਹਿਣ ਲੱਗਾ, ‘ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕੰਮ ਕਰਨਾ ਹੀ ਨਹੀਂ ਆਉਂਦਾ।’ ਅਚਾਰੀਆ ਇਹ ਗੱਲ ਸੁਣ ਕੇ ਬੋਲੇ, ‘ਤੁਹਾਨੂੰ ਛੱਡ ਕੇ ਸਾਰੇ ਸ਼ਿਸ਼ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ।’ ਇਸ ’ਤੇ ਸ਼ਿਸ਼ ਅਸਹਿਜ ਹੋ ਗਿਆ। ਉਸ ਨੇ ਅਚਾਰੀਆ ਤੋਂ ਪੁੱਛਿਆ, ‘ਉਹ ਕਿਵੇਂ?’ ਅਚਾਰੀਆ ਬੋਲੇ, ‘ਕਿਉਂਕਿ ਉਹ ਲੋਕ ਆਪੋ-ਆਪਣੇ ਕੰਮ ਵਿਚ ਰੁੱਝੇ ਹੋਏ ਹਨ ਪਰ ਤੁਸੀਂ ਆਪਣੇ ਕੰਮ ’ਤੇ ਧਿਆਨ ਨਾ ਦੇ ਕੇ ਦੂਜਿਆਂ ਦੇ ਕੰਮ ਦੀ ਨਿੰਦਾ ਕਰਨ ਵਿਚ ਆਪਣੇ ਸਮੇਂ ਦੀ ਬਰਬਾਦੀ ਕਰ ਰਹੇ ਹੋ।’ ਅਸਲ ਵਿਚ ਜੋ ਵਿਅਕਤੀ ਸਦਾ ਨਿੰਦਾ ਦੇ ਕੰਮ ਵਿਚ ਰੁੱਝਿਆ ਰਹਿੰਦਾ ਹੈ, ਉਹ ਆਪਣੇ ਨਾਲ-ਨਾਲ ਹੋਰ ਵਿਅਕਤੀਆਂ ਦਾ ਵੀ ਸਮਾਂ ਬਰਬਾਦ ਕਰਦਾ ਹੈ। ਵਿਦਵਾਨਾਂ ਦਾ ਮਤ ਹੈ ਕਿ ਅਸੀਂ ਵਾਰ-ਵਾਰ ਜਿਨ੍ਹਾਂ ਔਗੁਣਾਂ ਲਈ ਲੋਕਾਂ ਦੀ ਨਿੰਦਾ ਕਰਦੇ ਹਾਂ ਕੁਝ ਸਮੇਂ ਬਾਅਦ ਸਾਡੇ ਅੰਦਰ ਵੀ ਉਨ੍ਹਾਂ ਔਗੁਣਾਂ ਦਾ ਵਾਸ ਹੋਣ ਲੱਗਦਾ ਹੈ ਅਤੇ ਹੌਲੀ-ਹੌਲੀ ਅਸੀਂ ਉਨ੍ਹਾਂ ਨਾਲ ਘਿਰ ਜਾਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੇ ਔਗੁਣਾਂ ਨੂੰ ਲੱਭਣ ਦੀ ਥਾਂ ਉਨ੍ਹਾਂ ਦੇ ਗੁਣਾਂ ਤੋਂ ਪ੍ਰੇਰਿਤ ਹੁੰਦੇ ਹੋਏ ਆਪਣੇ ਜੀਵਨ ਦੇ ਕਰਤੱਬ ਮਾਰਗ ’ਤੇ ਨਿਰੰਤਰ ਚੱਲਦੇ ਰਹੀਏ।

-ਪੁਸ਼ਪੇਂਦਰ ਦੀਕਸ਼ਤ।

Posted By: Jagjit Singh