ਜਿੰਨੀ ਮਹੱਤਤਾ ਮਾਪਿਆਂ ਦੀ ਹੈ, ਜਨਮ ਭੂਮੀ ਦੀ ਅਹਿਮੀਅਤ ਵੀ ਓਨੀ ਹੀ ਹੈ। ਇਨਸਾਨ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਜਿੰਨੇ ਮਰਜ਼ੀ ਉੱਚੇ ਰੁਤਬੇ 'ਤੇ ਪੁੱਜ ਜਾਵੇ, ਉਹ ਚਾਹ ਕੇ ਵੀ ਆਪਣੇ ਜਨਮ ਸਥਾਨ, ਉਸ ਨਾਲ ਬਾਵਸਤਾ ਯਾਦਾਂ ਨੂੰ ਭੁਲਾ ਨਹੀਂ ਸਕਦਾ। ਇਸ ਦੀ ਸਭ ਤੋਂ ਵੱਡੀ ਮਿਸਾਲ ਪਰਵਾਸੀ ਭਾਰਤੀ ਹਨ ਜੋ ਸੱਤ ਸਮੁੰਦਰ ਦੂਰ ਬੈਠੇ ਹੋਏ ਵੀ ਆਪਣੀ ਜਨਮ ਭੂਮੀ ਨੂੰ ਨਹੀਂ ਭੁੱਲਦੇ। ਇਹ ਠੀਕ ਹੈ ਕਿ ਉਨ੍ਹਾਂ ਦੀ ਕਰਮ ਭੂਮੀ ਵਿਦੇਸ਼ ਹੈ। ਉਹ ਉੱਥੇ ਰੋਜ਼ੀ-ਰੋਟੀ ਕਮਾਉਣ ਗਏ ਹਨ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਆਪਣੀ ਜਨਮ ਭੂਮੀ ਪ੍ਰਤੀ ਖਿੱਚ ਨਹੀਂ ਘਟਦੀ। ਜੋ ਇਨਸਾਨ ਆਪਣੀ ਜਨਮ ਭੂਮੀ ਨਾਲ ਵਫ਼ਾ ਨਹੀਂ ਕਰਦਾ, ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਆਜ਼ਾਦੀ ਸੰਗਰਾਮ ਦੌਰਾਨ ਅਜਿਹੇ ਕਈ ਪਾਤਰ ਮਿਲਦੇ ਹਨ ਜਿਨ੍ਹਾਂ ਨੇ ਲਾਲਚ ਵਿਚ ਆ ਕੇ ਆਪਣੇ ਵਤਨ, ਆਪਣੀ ਜਨਮ ਭੂਮੀ ਨਾਲ ਗੱਦਾਰੀ ਕੀਤੀ। ਉਦੋਂ ਤਾਂ ਉਨ੍ਹਾਂ ਜ਼ਰੂਰ ਅੰਗਰੇਜ਼ਾਂ ਤੋਂ ਕੋਈ ਵਿੱਤੀ ਲਾਹਾ ਲੈ ਲਿਆ ਹੋਵੇਗਾ ਪਰ ਅਜਿਹੇ ਮਾੜੇ ਕਾਰਿਆਂ ਕਾਰਨ ਉਨ੍ਹਾਂ ਦਾ ਨਾਂ ਗੱਦਾਰਾਂ ਦੀ ਸੂਚੀ ਵਿਚ ਦਰਜ ਹੋ ਗਿਆ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਵੀ ਉਨ੍ਹਾਂ ਵਰਗੇ ਲੋਕਾਂ ਦੀ ਘਾਟ ਨਹੀਂ ਹੈ। ਅਜਿਹੇ ਲੋਕਾਂ ਦੀ ਭਰਮਾਰ ਹੈ ਜੋ ਸਾਡੇ ਸੂਬੇ ਤੇ ਮੁਲਕ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖੋਖਲਾ ਕਰੀ ਜਾ ਰਹੇ ਹਨ। ਉਨ੍ਹਾਂ ਵਾਸਤੇ ਪੈਸਾ ਹੀ ਸਭ ਕੁਝ ਹੈ। ਅਜਿਹੇ ਮਾੜੇ ਲੋਕਾਂ ਨੂੰ ਧਰਤੀ 'ਤੇ ਭਾਰ ਹੀ ਕਿਹਾ ਜਾ ਸਕਦਾ ਹੈ। ਜੇ ਸਾਰੇ ਲੋਕ ਬਿਨਾਂ ਸਵਾਰਥ ਦੇ ਇਕਜੁੱਟ ਹੋ ਕੇ ਆਪਣੇ ਮੁਲਕ ਤੇ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਤਾਂ ਕੋਈ ਕਾਰਨ ਨਹੀਂ ਕਿ ਸਾਡਾ ਸੂਬਾ ਤੇ ਮੁਲਕ ਤਰੱਕੀ ਦੀਆਂ ਮੰਜ਼ਿਲਾਂ ਸਰ ਨਾ ਕਰਨ। ਇਸ ਲਈ ਆਓ! ਅਸੀਂ ਸਾਰੇ ਤਹੱਈਆ ਕਰੀਏ ਕਿ ਅਸੀਂ ਆਪਣੇ ਮੁਲਕ ਵਿਚ ਫੈਲੀਆਂ ਸਭ ਬੁਰਾਈਆਂ ਦਾ ਡਟ ਕੇ ਟਾਕਰਾ ਕਰਨਾ ਹੈ। ਉਨ੍ਹਾਂ ਨੂੰ ਖ਼ਤਮ ਕਰਨ ਲਈ ਪੂਰਾ ਜ਼ੋਰ ਲਗਾ ਦੇਣਾ ਹੈ। ਕਿਸੇ ਮਜ਼ਲੂਮ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਣੀ। ਇਸ ਗੱਲ ਦਾ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਚੋਣਾਂ ਮੌਕੇ ਲੋਕ ਨੁਮਾਇੰਦੇ ਪੜ੍ਹੇ-ਲਿਖੇ, ਇਮਾਨਦਾਰ ਅਤੇ ਚੰਗੇ ਕਿਰਦਾਰ ਵਾਲੇ ਚੁਣੇ ਜਾਣ ਜੋ ਮਾਤ ਭੂਮੀ ਤੇ ਜਨਤਾ ਨਾਲ ਵਫ਼ਾ ਕਰ ਸਕਣ। ਜੇ ਅਸੀਂ ਲਾਲਚ ਵਿਚ ਆ ਕੇ ਗ਼ਲਤ ਅਨਸਰਾਂ ਨੂੰ ਆਪਣੇ ਨੁਮਾਇੰਦੇ ਚੁਣ ਕੇ ਸੰਸਦ, ਵਿਧਾਨ ਸਭਾਵਾਂ ਵਿਚ ਭੇਜਦੇ ਰਹਾਂਗੇ ਤਾਂ ਉਹ ਆਪਣੇ ਸੁਭਾਅ ਮੁਤਾਬਕ ਉੱਥੇ ਵੀ ਜਨਤਾ ਦਾ ਲਹੂ ਪੀਣ ਦੇ ਮਨਸੂਬੇ ਬਣਾਉਂਦੇ ਰਹਿਣਗੇ।

-ਨਵਪ੍ਰੀਤ ਕੌਰ, ਸੁਲਤਾਨਪੁਰ ਲੋਧੀ।

ਸੰਪਰਕ : 97797-89497

Posted By: Rajnish Kaur