ਜੂਨ ਮਹੀਨੇ ਦਾਸਰੇ ਦਾ ਰਾਗੀ ਜਥਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਕਾਟਲੈਂਡ ਵਿਖੇ ਕੀਰਤਨ ਦੀ ਹਾਜ਼ਰੀ ਭਰ ਰਿਹਾ ਸੀ। ਪ੍ਰਬੰਧਕਾਂ ਦੀ ਇੱਛਾ ਅਨੁਸਾਰ 550 ਸਾਲਾ ਸ਼ਤਾਬਦੀ ਮਨਾਉਣ ਦੀ ਗੁਜਾਰਿਸ਼ ਕਰ ਰਿਹਾ ਸਾਂ। ਕੀਰਤਨ ਦੀ ਸਮਾਪਤੀ ਉਪਰੰਤ ਇਕ ਸਹਿਜਧਾਰੀ ਸਿੱਖ ਮਿਲਿਆ। ਉਸ ਨੇ ਮੈਨੂੰ ਨਿਮਰਤਾ ਭਰੇ ਢੰਗ ਨਾਲ ਪੁੱਛਿਆ, 'ਭਾਈ ਸਾਹਿਬ! ਸਿੱਖ ਕੌਮ ਸ਼ਾਤਬਦੀਆਂ ਹੀ ਮਨਾਉਂਦੀ ਰਹੇਗੀ ਕਿ ਜਿਨ੍ਹਾਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ ਉਨ੍ਹਾਂ ਮਹਾਪੁਰਸ਼ਾਂ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਦੇ ਵੀ ਯਤਨ ਕਰੋਗੇ?' ਉਸ ਦੀ ਗੱਲ 'ਚ ਦਮ ਸੀ ਪਰ ਮੈਂ ਸਤਿ-ਬਚਨ ਆਖ ਕੇ, ਨਿਰਉੱਤਰ ਤੇ ਨਿੰਮੋਝੂਣਾ ਜਿਹਾ ਹੋ ਖਹਿੜਾ ਛੁਡਾ ਕੇ ਅਗਾਂਹ ਖਿਸਕ ਗਿਆ। ਉਸ ਦਾਨਿਸ਼ਮੰਦ ਬੰਦੇ ਦੇ ਇਸ ਗੰਭੀਰ ਸਵਾਲ ਤੋਂ ਬਾਅਦ ਹੀ ਮੈਂ ਇਹ ਲੇਖ ਲਿਖਣ ਬਾਰੇ ਸੋਚਿਆ।

ਗੁਰੂ ਬਾਬੇ ਨਾਨਕ ਜੀ ਦੀ ਰੂਹਾਨੀ, ਨਿਵੇਕਲੀ ਤੇ ਰੱਬੀ ਸੋਚ 'ਚੋਂ ਨਿਕਲੀ ਸਿੱਖੀ ਦਾ ਮਕਸਦ ਤੇ ਮੰਜ਼ਿਲ ਕੀ ਸੀ? ਪਹਿਲਾਂ ਇਸ ਬਾਰੇ ਜਾਨਣਾ ਜ਼ਰੂਰੀ ਹੈ। ਬਚਪਨ ਤੋਂ ਹੀ ਬਾਲਕ ਨਾਨਕ ਦੀ ਸੋਚ ਦੁਨੀਆ ਨਾਲੋਂ ਵੱਖਰੀ, ਦਾਨਿਸ਼ਵਰ, ਗਿਆਨ ਭਰਪੂਰ, ਦੁਨਿਆਵੀ ਲੋਕਾਂ ਨਾਲੋਂ ਭਿੰਨ ਤੇ ਉਚੇਰੀ ਸੀ। ਆਪ ਦੀ ਚੁੱਪ, ਖ਼ਾਮੋਸ਼ੀ, ਉਦਾਸੀ ਤੇ ਦੀਰਘਤਾ ਅੰਦਰ ਕੋਈ ਵੱਖਰੀ ਹੀ ਇਬਾਰਤ ਲਿਖਣ ਦੀ ਹਲਚਲ ਪਨਪ ਰਹੀ ਸੀ। ਅੱਜ ਜਿਸ ਸਿੱਖੀ ਦੇ ਥੰਮ੍ਹ ਤੇ ਲੰਬੀਆਂ ਵਾਟਾਂ ਦੇ ਅਣਥੱਕ ਰਹਿਬਰ ਦੀ ਯਾਦ ਨੂੰ ਸਮਰਪਿਤ ਹੋ ਕੇ ਅਸੀਂ 550 ਸਾਲਾ ਸ਼ਤਾਬਦੀ ਮਨਾਉਣ ਜਾ ਰਹੇ ਹਾਂ, ਬਿਨਾਂ ਸ਼ੱਕ ਇਹ ਇਕ ਇਤਿਹਾਸਿਕ ਪਹਿਲ ਹੋਵੇਗੀ ਪਰ ਗਹੁ ਨਾਲ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਸਿਰਫ਼ ਸ਼ਤਾਬਦੀ ਮਨਾ ਕੇ ਹੀ ਸੰਤੁਸ਼ਟ ਹੋ ਜਾਵਾਂਗੇ ਜਾਂ ਫਿਰ ਗੁਰੂ ਬਾਬੇ ਦੀ ਵਿਚਾਰਧਾਰਾ ਦੇ ਪਾਂਧੀ ਬਣ ਕੇ ਵੀ ਦਿਖਾਵਾਂਗੇ?

ਬੇਸ਼ੱਕ ਮਨੂੰਵਾਦੀ ਵਰਣ ਵੰਡ ਵਿਚੋਂ ਗੁਰੂ ਬਾਬੇ ਨਾਨਕ ਨੇ ਦੂਜੇ ਨੰਬਰ 'ਤੇ ਮਿੱਥੀ ਗਈ ਜਾਤ ਵਰਣ 'ਚ ਜਨਮ ਲਿਆ, ਪ੍ਰੰਤੂ ਜਾਤੀ ਵਰਣ ਤੋਂ ਰਹਿਤ, ਪੈਦਾਇਸ਼ੀ ਸਮੇਂ ਤੋਂ ਹੀ ਆਪ ਦੀਆਂ ਰੂਹਾਨੀ ਤਾਰਾਂ ਪਰਵਦਗ਼ਾਰ ਦੀ ਬਾਰਗ਼ਾਹ ਤੇ ਇਨਸਾਨੀਅਤ ਸੰਗ ਜੁੜੀਆਂ ਹੋਈਆਂ ਸਨ। ਜਨਮ ਭੂਮੀ ਰਾਇ-ਭੋਇ ਦੀ ਤਲਵੰਡੀ ਦੀਆਂ ਧੂੜ ਭਰੀਆਂ ਕੱਚੀਆਂ ਗਲੀਆਂ 'ਚ ਭਿੰਨ-ਭਿੰਨ ਖੇਡਾਂ ਖੇਡਦੇ ਵਕਤ ਆਪ ਨੇ ਪਿੰਡ ਦੇ ਸਭ ਤੋਂ ਗ਼ਰੀਬੜੇ ਤੇ ਗ਼ੁਰਬਤ ਦੇ ਝੰਬੇ ਤੇ ਜਾਤੀ ਅਭਿਮਾਨੀਆਂ ਦੁਆਰਾ ਦੁਰਕਾਰੇ ਹੋਏ ਮਿਰਾਸੀਆਂ (ਡੂਮਾਂ) ਦੇ ਮੈਲੇ ਕੁਚੈਲੇ ਮਰਦਾਨਾ ਨਾਮਕ ਬਾਲਕ ਨੂੰ ਆਪਣਾ ਨਿੱਘਾ ਤੇ ਪਿਆਰਾ ਦੋਸਤ ਮੰਨ ਲਿਆ। ਬਹੁਤ ਸਾਰੇ ਮਨੂੰਵਾਦੀਆਂ ਨੇ ਵਿਰੋਧ ਕੀਤਾ ਕਿ ਉੱਚ ਘਰਾਣੇ 'ਚੋਂ ਹੋ ਕੇ ਪਟਵਾਰੀਆਂ ਦਾ ਮੁੰਡਾ ਨੀਚ ਜਾਤ ਦੇ ਰਾਸੀਆਂ ਦੇ ਮੁੰਡੇ ਨੂੰ ਸਿਰ 'ਤੇ ਚੜ੍ਹਾਈ ਫਿਰਦੈ ਪਰ ਪਿੰਡ ਦੇ ਕਿਸੇ ਵੀ ਅਗਿਆਨੀ ਨੂੰ ਰੱਬੀ ਰੂਹ ਵਾਲੇ ਬਾਲ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਦੀ ਸਮਝ ਨਾ ਪੈ ਸਕੀ। ਬਾਲ ਨਾਨਕ ਦੀ ਬੁਲੰਦ ਸੋਚ ਦੀ ਇਹ ਪਲੇਠੀ ਉਡਾਰੀ ਸੀ ਕਿ ਸਭ ਇਨਸਾਨ ਇਕੋ ਰੱਬ ਦੀ ਸੰਤਾਨ ਹਨ - 'ਏਕ ਪਿਤਾ ਏਕਸ ਕੇ ਹਮ ਬਾਰਕਿ ਤੂੰ ਮੇਰਾ ਗੁਰਹਾਈ'

ਅਸਲ 'ਚ ਸਿੱਖੀ ਦੀ ਨੀਂਹ ਬਾਲ ਨਾਨਕ ਨੇ ਆਪਣੇ ਪਿੰਡ ਦੀਆਂ ਗਲੀਆਂ ਵਿਚ ਹੀ ਰੱਖ ਦਿਤੀ ਸੀ, ਮਰਦਾਨੇ ਨੂੰ ਆਪਣਾ ਮਿੱਤਰ ਮੰਨ ਕੇ। ਜਾਤ ਅਭਿਮਾਨੀਆਂ ਦੇ ਮੂੰਹ 'ਤੇ ਇਹ ਕਰਾਰਾ ਤਮਾਚਾ ਸੀ। ਇਹ ਉਨ੍ਹਾਂ ਲੋਕਾਂ ਨੂੰ ਲਾਹਨਤ ਸੀ ਜਿਹੜੇ ਊਚ-ਨੀਚ, ਜਾਤ-ਪਾਤ, ਵੱਡੇ-ਛੋਟੇ ਤੇ ਗ਼ਰੀਬ-ਅਮੀਰ ਦੀ ਜਿੱਲ੍ਹਣ 'ਚ ਧਸੇ ਹੋਏ ਸਨ।

ਇਹ ਆਪ ਦਾ ਸਾਨੂੰ ਪਲੇਠਾ ਸਬਕ ਸੀ ਤੇ ਸਾਡੇ ਜਿਹੇ ਤਕੱਬਰੀ ਤੇ ਭੁੱਲੜਾਂ ਲਈ ਇਨਸਾਨੀਅਤ ਦਾ ਪੈਗ਼ਾਮ ਸੀ। ਗੱਲ ਇਥੇ ਹੀ ਨਹੀਂ ਰੁਕਦੀ। ਬਾਲ ਨਾਨਕ ਦੇ ਮਾਪਿਆਂ ਨੇ ਹਿੰਦੂ ਰਹੁ-ਰੀਤਾਂ ਅਨੁਸਾਰ ਉਨ੍ਹਾਂ ਦੇ ਗਲ 'ਚ ਜਨੇਊ ਪਾਉਣ ਲਈ ਪੰਡਿਤ ਨੂੰ ਬੁਲਾਇਆ। ਰਿਸ਼ਤੇਦਾਰਾਂ ਤੇ ਹਮਸਾਇਆਂ ਦੀ ਹਾਜ਼ਰੀ 'ਚ ਬਾਲ ਨਾਨਕ ਨੂੰ ਪੰਡਿਤ ਨੇ ਜਨੇਊ ਪਹਿਨਣ ਲਈ ਆਖਿਆ ਪਰ ਉਨ੍ਹਾਂ ਨੇ ਪੰਡਿਤ ਜੀ ਦਾ ਹੱਥ ਫੜ ਕੇ ਕਿਹਾ :

ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ£

ਏਹਿ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤਿ£

ਇਹ ਵੇਖ-ਸੁਣ ਕੇ ਪੰਡਿਤ ਜੀ ਦੇ ਹੱਥ ਕੰਬਣ ਲੱਗੇ ਕਿ ਅੱਜ ਇਹ ਕੀ ਭਾਣਾ ਵਾਪਰ ਗਿਆ। ਅੰਦਰੋ ਅੰਦਰ ਪੰਡਿਤ ਜੀ ਨੂੰ ਵੀ ਇਲਮ ਸੀ ਕਿ ਬਾਲ ਨਾਨਕ ਜੋ ਆਖ ਰਿਹਾ ਹੈ ਉਹ ਸੱਚ ਹੈ। ਪੰਡਿਤ ਡੰਡਾਉਤਾਂ ਕਰਦਿਆਂ ਬੋਲਿਆ, ਮਹਿਤਾ ਜੀ, ਇਹ ਆਮ ਬਾਲਕ ਨਹੀਂ ਹੈ। ਸੋ ਦਾਨਿਸ਼ਮੰਦ ਰੂਹਾਂ ਨੂੰ ਉਸੇ ਰੋਜ਼ ਅਹਿਸਾਸ ਹੋ ਗਿਆ ਸੀ ਕਿ ਇਹ ਕ੍ਰਿਸ਼ਮਈ ਬਾਲਕ, ਵਹਿਮਾਂ-ਭਰਮਾਂ, ਪਖੰਡਾਂ, ਥਿੱਤਾਂ ਵਾਰਾਂ, ਜਾਦੂ-ਟੂਣਿਆਂ ਤੇ ਕੁਰੀਤੀਆਂ ਖ਼ਿਲਾਫ਼ ਮੁਹਿੰਮ ਵਿੱਢਣ ਵਾਲਾ ਹੈ।

ਮਾਪਿਆਂ ਦਾ ਲਾਡਲਾ ਪੁੱਤਰ ਬਾਬਾ ਨਾਨਕ ਛੇਆਂ ਵਰ੍ਹਿਆਂ ਦਾ ਹੋ ਚੁੱਕਾ ਸੀ। ਮਾਪੇ ਨਾਨਕ ਸਾਹਿਬ ਨੂੰ ਮਦਰੱਸੇ ਵਿਚ ਦਾਖ਼ਲ ਕਰਵਾਉਣ ਪੁੱਜੇ। ਮਾਸਟਰ ਜੀ ਨੇ ਪੱਟੀ 'ਤੇ ਮੁਹਾਰਨੀ ਲਿਖਣ ਨੂੰ ਕਿਹਾ। ਜਦੋਂ ਮਾਸਟਰ ਜੀ ਨੇ ਬਾਲ ਨਾਨਕ ਦੀ ਲਿਖੀ ਹੋਈ ਪੱਟੀ ਵੇਖੀ ਤਾਂ ਹੱਕਾ-ਬੱਕਾ ਰਹਿ ਗਿਆ। ਬਾਲ ਨਾਨਕ ਦਾ ਜਵਾਬ ਉਸ ਦੀ ਸਮਝ ਤੋਂ ਵੀ ਪਰ੍ਹੇ ਸੀ। ਨਾਨਕ ਸਾਹਿਬ ਨੇ ਪਹਿਲੇ ਅੱਖਰ 'ਇਕ' ਦੀ ਜਗ੍ਹਾ ੴ ਲਿਖ ਕੇ ਸਭ ਨੂੰ ਹੈਰਾਨੀ 'ਚ ਪਾ ਦਿੱਤਾ। ਅਧਿਆਪਕ ਨੇ ਬਾਲ ਨਾਨਕ ਜੀ ਦੇ ਸਤਿਕਾਰਤ ਮਾਤਾ-ਪਿਤਾ ਨੂੰ ਬੁਲਾ ਕੇ ਬਹੁਤ ਅਧੀਨਗੀ ਨਾਲ ਕਿਹਾ ਕਿ ਇਸ ਨਿਵੇਕਲੇ ਤੇ ਨੂਰਾਨੀ ਬਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਤਾਲੀਮ ਦੇਣਾ ਮੇਰੇ ਵੱਸ ਦਾ ਰੋਗ ਨਹੀਂ ਹੈ। ਇਸ ਗਾਥਾ ਤੋਂ ਭਾਵ ਸਿਰਫ਼ ਇਤਨਾ ਹੈ ਕਿ ਬਾਲ ਉਮਰ ਵਿਚ ਹੀ ਬਾਬਾ ਨਾਨਕ ਜੀ ਦੀ ਰੂਹਾਨੀਅਤ ਦੀ ਉਡਾਰੀ ਕਿਤਨੀ ਉਚੇਰੀ ਤੇ ਲੰਮੇਰੀ ਸੀ।

ਖੱਤਰੀ ਸੰਤਾਨ ਹੋਣ ਨਾਤੇ ਮਾਪਿਆਂ ਨੇ ਵਪਾਰੀ ਤੇ ਪੁਸ਼ਤੈਨੀ ਕਿੱਤੇ ਨੂੰ ਮੁੱਖ ਰੱਖਦਿਆਂ ਆਪਣੇ ਗਭਰੇਟੇ ਪੁੱਤਰ ਨਾਨਕ ਜੀ ਨੂੰ ਖਰਾ ਤੇ ਸੱਚਾ ਸੌਦਾ ਕਰਨ ਲਈ ਵੀਹ ਰੁਪਏ ਦੇ ਕੇ ਚੂਹੜਕਾਣੇ ਦੀ ਮੰਡੀ 'ਚੋਂ ਦੁਕਾਨ ਵਾਸਤੇ ਰਸਦ ਖ਼ਰੀਦਣ ਲਈ ਤੋਰ ਦਿਤਾ। ਭਾਈ ਮਰਦਾਨਾ ਜੀ ਵੀ ਨਾਲ ਹੋ ਤੁਰੇ। ਮੰਡੀ ਤੋਂ ਸੌਦਾ-ਸੂਤ ਲੈ ਕੇ ਖੱਚਰਾਂ ਉੱਪਰ ਲੱਦ ਕੇ ਚੂਹੜਕਾਣੇ ਮੰਡੀ ਤੋਂ ਤਲਵੰਡੀ ਵੱਲ ਨੂੰ ਤੁਰ ਪਏ। ਅੱਧਵਾਟੇ ਹੀ ਬਾਬਾ ਨਾਨਕ ਜੀ ਦਾ ਭੁੱਖੇ ਤੇ ਲੋੜਵੰਦ ਸਾਧੂਆਂ ਦੇ ਕਾਫ਼ਲੇ ਨਾਲ ਮਿਲਾਪ ਹੋਣ ਤੇ ਉਨ੍ਹਾਂ ਦੀ ਵੇਦਨਾ ਸੁਣ ਕੇ ਆਪ ਉੱਥੇ ਹੀ ਸਾਰੀ ਰਸਦ ਦਾ ਲੰਗਰ ਲਾ ਕੇ, ਉਨ੍ਹਾਂ ਨੂੰ ਖੁਆ ਕੇ ਖ਼ਾਲੀ ਹੱਥ ਘਰ ਪਰਤ ਆਏ। ਬਾਪ ਕੋਲੋਂ ਝਿੜਕ-ਝੰਭ, ਤਾਅਨੇ ਮਿਹਣੇ ਤੇ ਮਾਰ ਵੀ ਖਾ ਲਈ ਪਰ ਪਿਤਾ ਸਾਹਵੇਂ ਚੂੰ ਨਾ ਕੀਤੀ। ਦੱਬੀ ਆਵਾਜ਼ 'ਚ ਸਿਰਫ਼ ਏਨਾ ਹੀ ਕਿਹਾ ਕਿ ਪਿਤਾ ਜੀ ਤੁਸੀਂ ਆਪ ਹੀ ਤਾਂ ਹੁਕਮ ਕੀਤਾ ਸੀ ਕਿ ਪਹਿਲੀ ਵਾਰੀ ਮੰਡੀ ਜਾ ਰਿਹਾ ਏਂ, ਸੱਚਾ ਤੇ ਖਰਾ ਸੌਦਾ ਕਰੀਂ। ਇਸ ਤੋਂ ਸੱਚਾ ਸੌਦਾ ਹੋਰ ਕੀ ਹੋ ਸਕਦਾ ਸੀ। ਲਿਖਣ ਦਾ ਮਤਲਬ ਕਿ ਇਹ ਜਹਾਨ ਦੇ ਲੋਕਾਂ ਲਈ 'ਵੰਡ ਛਕਣ' ਦੀ ਤੇ ਲੋੜਵੰਦਾਂ ਦੇ ਕੰਮ ਆਉਣ ਦੀ ਅਨੋਖੀ ਮਿਸਾਲ ਸੀ, ਜੋ ਅੱਜ ਵੀ ਜਾਰੀ ਹੈ।

ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਵਿਚ ਉੱਚ ਅਹੁਦੇ 'ਤੇ ਚਾਕਰੀ ਵੀ ਕੀਤੀ ਪਰ ਥੋੜ੍ਹੇ ਸਮੇਂ ਬਾਅਦ ਹੀ ਨੌਕਰੀ ਦਾ ਤਿਆਗ ਕਰ ਕੇ ਲੰਬੀਆਂ ਤੇ ਅਮੁੱਕ ਵਾਟਾਂ ਦੇ ਮੁਸਾਫ਼ਰ ਬਣ ਕੇ, ਬੇਖ਼ੌਫ਼ ਤੁਰ ਪਏ ਤੇ ਫਿਰ ਇਸ ਮੁਕੱਦਸ ਧਰਤੀ ਤੋਂ ਰਬਾਬ ਦੀ ਧੁਨ ਤੇ ਗੁਰਮਤਿ ਸੰਗੀਤ ਕੀਰਤਨ ਸ਼ੈਲੀ ਦਾ ਆਗਾਜ਼ ਹੋਇਆ। ਖ਼ੈਰ, ਮੈਂ ਇਕ ਖ਼ਾਸ ਤੇ ਅਣਗੌਲੇ ਵਿਸ਼ੇ 'ਤੇ ਗੱਲ ਕਰਨ ਜਾ ਰਿਹਾ ਹਾਂ, ਜਿਸ ਤੋਂ ਅਸੀਂ ਸਭ ਅਵੇਸਲੇ ਬਣੇ ਹੋਏ ਹਾਂ। ਵਿੱਦਿਆ ਮਾਰਤੰਡ ਭਾਈ ਸਾਹਿਬ ਗੁਰਦਾਸ ਜੀ ਦੇ ਕਥਨ ਅਨੁਸਾਰ - 'ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ' ਦਾ ਅਟੁੱਟ ਸਾਥ ਇਤਿਹਾਸਿਕ ਹੋ ਨਿਬੜਿਆ, ਜੋ ਇਕ ਮਿਸਾਲ ਹੈ।

ਕੋਈ ਕਿਸੇ ਰੂਹਾਨੀ ਰਹਿਬਰ ਨਾਲ ਅੱਧੀ ਸਦੀ ਤੀਕਰ ਸੋਹਣਾ ਸਾਥ ਨਿਭਾਵੇ, ਅਜਿਹਾ ਬਹੁਤ ਔਖਾ ਤੇ ਇਮਤਿਹਾਨੀ ਹੁੰਦੈ। ਭਾਈ ਮਰਦਾਨਾ ਜੀ ਦੀਆਂ ਗੁਰੂ ਬਾਬੇ ਨਾਨਕ ਨਾਲ ਗੂੜ੍ਹੀਆਂ ਸਾਂਝਾਂ ਸਨ, ਮਿਸਾਲ ਵਜੋਂ ਬਚਪਨ ਦੇ ਖਿਲਾੜੀ ਦੋਸਤ, ਬੇਲੀ, ਯਾਰ, ਮਿੱਤਰ ਫਿਰ ਰਬਾਬੀ, ਰਾਗੀ, ਕੀਰਤਨੀਏ, ਖ਼ਿਦਮਤਦਾਰ, ਸੇਵਾਦਾਰ, ਹਮਰਾਜ, ਦੁੱਖ-ਸੁਖ ਦੇ ਭਾਈਵਾਲ ਤੇ ਰੂਹਾਨੀਅਤ ਭਰਪੂਰ ਨੇੜਤਾ ਆਦਿਕ। ਸੱਚ ਤਾਂ ਇਹ ਹੈ ਕਿ ਇਕੋ ਇਕ ਭਾਈ ਮਰਦਾਨਾ ਜੀ ਹੀ ਖ਼ੁਸ਼ਕਿਸਮਤ ਪੁਰਸ਼ ਸਨ, ਜਿਹੜੇ ਗੁਰੂ ਨਾਨਕ ਪਾਤਸਾਹ ਜੀ ਦੇ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ ਨਿਰੰਕਾਰ ਸਰੂਪ ਬਾਬਾ ਗੁਰੂ ਨਾਨਕ ਦੇਵ ਜੀ ਦੀ ਲੰਬਾ ਸਮਾਂ ਸੰਗਤ ਨਸੀਬ ਹੋਈ ਪਰ ਅਫ਼ਸੋਸ ਕਿ ਭਾਈ ਮਰਦਾਨਾ ਜਿਹੇ ਸਿਦਕੀ ਸਿੱਖ ਪ੍ਰਤੀ ਨਜ਼ਰੀਆ ਅਜੇ ਵੀ ਨਹੀਂ ਬਦਲਿਆ। ਬਹੁਤ ਸਾਰੇ ਮਨੂੰਵਾਦੀ ਇਤਿਹਾਸਕਾਰ, ਅਬੁੱਧੀਜੀਵੀ, ਪ੍ਰਚਾਰਕ ਆਦਿ ਅੱਜ ਵੀ ਗੁਰੂ ਸਾਹਿਬ ਦੇ ਪ੍ਰਾਣਾਂ ਤੋਂ ਪਿਆਰੇ ਪਹਿਲੇ ਇਸ ਸਿੱਖ ਨੂੰ ਮਿਰਾਸੀ, ਡੂਮ, ਮੰਗਤਾ, ਭੁੱਖਾ, ਪਿਆਸਾ, ਲਾਲਚੀ ਤੇ ਮਸਖ਼ਰਾ ਕਹਿ ਕੇ ਖਿੱਲੀ ਉਡਾਉਂਦੇ ਨੇ।

ਓ ਗੁਰੂ ਵਾਲਿਓ! ਜ਼ਰਾ ਸੋਚੋ ਕੀ ਇਹ ਜਾਇਜ਼ ਹੈ? ਕੀ ਬਾਬੇ ਨੂੰ ਭਾਈ ਮਰਦਾਨਾ ਜੀ ਦੀ ਪਰਖ ਨਹੀਂ ਸੀ? ਜਿਹੜਾ ਵਿਅਕਤੀ 50 ਸਾਲ ਬਾਬੇ ਨਾਨਕ ਦੇ ਨਾਲ ਰਿਹਾ ਹੋਵੇ, ਕੀ ਉਸ ਉੱਪਰ ਜਗਤ ਤਾਰਕ ਗੁਰੂ ਦਾ ਕੋਈ ਅਸਰ ਨਹੀਂ ਪਿਆ? ਕੀ ਗੁਰੂ ਦੀਆਂ ਰੱਬੀ ਰਹਿਮਤਾਂ ਦੀ ਬਾਰਿਸ਼ ਦੇ ਛਿੱਟੇ ਜਾਂ ਸੁਆਤੀ ਬੂੰਦਾਂ ਭਾਈ ਮਰਦਾਨਾ ਜੀ ਉੱਪਰ ਨਹੀਂ ਪਈਆਂ? ਕੀ ਭਾਈ ਮਰਦਾਨਾ ਜੀ ਦਾ ਮਜ਼ਾਕ ਉਡਾ ਕੇ ਅਸੀਂ ਆਪਣੇ ਹੀ ਗੁਰੂ ਪਾਤਸਾਹ ਜੀ ਦਾ ਮਜ਼ਾਕ ਤਾਂ ਨਹੀਂ ਉਡਾ ਰਹੇ? ਜ਼ਰਾ ਸੋਚੋ, ਅਸੀਂ ਆਪਣੇ ਹੀ ਪਹਿਲੇ ਸਿੱਖ ਨਾਲ ਨਾਇਨਸਾਫ਼ੀ ਤਾਂ ਨਹੀਂ ਕਰ ਰਹੇ? ਅਸੀਂ ਅੱਜ ਤੀਕਰ ਵੀ ਗੁਰੂ ਦੇ ਇਸ ਅਨਿੰਨ ਸੇਵਕ ਸਿੱਖ ਨੂੰ ਬਣਦਾ ਮਾਣ-ਸਤਿਕਾਰ ਤੇ ਬਰਾਬਰੀ ਦਾ ਦਰਜਾ ਨਹੀਂ ਦੇ ਸਕੇ? ਪਿਆਰੇ ਗੁਰਸਿੱਖੋ! ਜੇ ਸਾਡੀ ਇਹੋ ਜਿਹੀ ਹੀ ਵਿਤਕਰਿਆਂ ਭਰੀ ਸੋਚ ਰਹੀ ਤਾਂ ਕੀ ਫ਼ਾਇਦਾ ਸ਼ਤਾਬਦੀਆਂ ਮਨਾਉਣ ਦਾ?

ਅੱਜ ਸਮੁੱਚਾ ਸਿੱਖ ਪੰਥ ਗੁਰੂ ਸਾਹਿਬ ਦੀ 550 ਸਾਲਾ ਸ਼ਤਾਬਦੀ ਮਨਾਉਣ ਲਈ ਪੱਬਾਂ ਭਾਰ ਹੈ। ਹਿੰਦੁਸਤਾਨ ਸਮੇਤ ਪੂਰੀ ਦੁਨੀਆ 'ਚ ਇਸ ਪੁਰਬ ਨੂੰ ਮਨਾਉਣ ਲਈ ਹਰ ਕੋਈ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਜ਼ੋਰ-ਸ਼ੋਰ ਨਾਲ ਤਿਆਰੀ 'ਚ ਜੁਟਿਆ ਹੈ। ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਮੁੱਚੀਆਂ ਪੰਥਕ ਸੰਸਥਾਵਾਂ, ਅਲੱਗ-ਅਲੱਗ ਡੇਰੇਦਾਰ, ਸੰਤ ਮਹਾਂਪੁਰਸ਼, ਕੇਂਦਰ ਸਰਕਾਰ, ਸੂਬਾ ਸਰਕਾਰ ਤੇ ਬਾਹਰਲੇ ਦੇਸ਼ਾਂ ਦੀਆਂ ਕੁਝ ਨੇਕਨੀਅਤ ਸਰਕਾਰਾਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਇਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਅਜਿਹੇ ਇਤਿਹਾਸਕ ਪਲ ਰੋਜ਼-ਰੋਜ਼ ਨਹੀਂ ਆਉਂਦੇ।

ਮੈਂ ਮਾਮੂਲੀ ਜਿਹਾ ਭਾਈ, ਨਿਗੁਣਾ, ਨਿਮਾਣਾ ਜਿਹਾ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੀਰਤਨੀਆ ਹਾਂ। ਮੈਂ ਆਪਣੀ ਅਲਪ ਬੁੱਧੀ ਨੂੰ ਸਾਹਵੇਂ ਰੱਖ ਕੇ ਸ਼ਤਾਬਦੀ ਸਮਾਗਮਾਂ ਬਾਰੇ ਇਕ ਤਰਲੇ ਦੁਆਰਾ ਸੁਨੇਹੜਾ ਦੇਣ ਦਾ ਹੀਆ ਕਰ ਰਿਹਾ ਹਾਂ। ਪਹਿਲੀ ਗੱਲ ਇਹ ਕੀ ਅਸੀਂ ਸਭ ਸ਼ਤਾਬਦੀ ਇਸ ਲਈ ਨਹੀਂ ਮਨਾ ਰਹੇ ਕਿ ਕੁਲ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਆਪਣੇ ਗੁਰੂ ਪ੍ਰਤੀ ਕਿੰਨੀ ਜਾਗਰੁਕ, ਸੁਚੇਤ ਤੇ ਸ਼ਰਧਾਵਾਨ ਹੈ। ਕੀ ਕੁਝ ਸੰਸਥਾਵਾਂ ਦੇ ਪ੍ਰਬੰਧਕ ਇਸ ਦੌੜ ਵਿਚ ਤਾਂ ਨਹੀਂ ਕਿ ਉਨ੍ਹਾਂ ਦਾ ਸਮਾਗਮ ਨੰਬਰ-1 'ਤੇ ਹੋਵੇ? ਕੀ ਤਮਾਮ ਪ੍ਰਬੰਧਕ ਕਮੇਟੀਆਂ ਇਕ ਦੂਜੇ ਨੂੰ ਸਹਿਯੋਗ ਦੇਣ 'ਚ ਮਾਣ ਮਹਿਸੂਸ ਕਰਨਗੀਆਂ? ਕੀ ਸਮਾਗਮਾਂ ਦੌਰਾਨ ਕੋਈ ਸੰਸਥਾ ਗੁਰੂ ਨਾਨਕ ਦੇਵ ਜੀ ਦੀਆਂ ਮੁਢਲੀਆਂ ਤੇ ਗੁਰਮਤਿ ਭਰਪੂਰ ਸਿੱਖਿਆਵਾਂ ਤੋਂ ਉਲਟ ਤਾਂ ਨਹੀਂ ਜਾ ਰਹੀਆਂ? ਕੀ ਕੋਈ ਸੰਸਥਾ ਗੁਰੂ ਨਾਨਕ ਪਾਤਸ਼ਾਹ, ਤਮਾਮ ਗੁਰੂਆਂ

ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰੰਪਰਾਵਾਦੀ ਗੁਰਮਤਿ ਕੀਰਤਨ ਸ਼ੈਲੀ ਤੋਂ ਉਲਟ ਵਿਰਾਸਤੀ ਕੀਰਤਨ ਨੂੰ ਕਿਸੇ ਕਿਸਮ ਦਾ ਖੋਰਾ ਲਾ ਕੇ ਨਵੀਂ ਪਿਰਤ ਤਾਂ ਨਹੀਂ ਤੋਰ ਰਹੀ? ਕੀ ਅਸੀਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਖ਼ਾਤਿਰ ਨਾਅਰੇਬਾਜ਼ੀਆਂ, ਬੋਲ-ਕਬੋਲ ਤਾਂ ਨਹੀਂ ਬੋਲਾਂਗੇ? ਕੀ ਧਾਰਮਿਕ ਸਟੇਜ਼ਾਂ ਨੂੰ ਰਾਜਸੀ ਰੰਗਤ ਦੇ ਕੇ ਆਪਣੀ-ਆਪਣੀ ਚੌਧਰ ਤਾਂ ਨਹੀਂ ਦਿਖਾਵਾਂਗੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਪੈਗ਼ਾਮੇ-ਮੁਹੱਬਤ ਹੈ ਤੇ ਇਸ ਸ਼ਾਨਾਮੱਤੀ ਪਿਰਤ ਨੂੰ ਕਾਇਮ ਰੱਖਣਾ ਬੇਹੱਦ ਜ਼ਰੂਰੀ ਹੈ।

ਅਸੀਂ ਜੋ ਕੁਝ ਵੀ ਸ਼ਤਾਬਦੀ ਸਮਾਗਮਾਂ ਦੌਰਾਨ ਪੇਸ਼ ਕਰਾਂਗੇ ਉਹ ਸਮੁੱਚੀ ਲੋਕਾਈ ਲਈ ਮਿਸਾਲ ਹੋ ਸਕਦਾ ਹੈ। ਬੀਤ ਚੁੱਕੇ ਸਮੇਂ ਵਿਚ ਜੋ ਹੋ ਗਿਆ, ਸੋ ਹੋ ਗਿਆ। ਹੁਣ ਸਭ ਗਿਲੇ-ਸ਼ਿਕਵੇ ਭੁਲਾ ਕੇ ਗੁਰੂ ਸਿਧਾਂਤਾਂ 'ਤੇ ਚੱਲਣ ਲਈ ਨਵੀਂ ਪਿਰਤ ਪਾਉਣ ਤੇ ਨਵੀਂ ਇਬਾਰਤ ਲਿਖਣ ਦਾ ਵਕਤ ਸਾਡੇ ਦਰਾਂ 'ਤੇ ਦਸਤਕ ਦੇ ਚੁੱਕਾ ਹੈ। ਬਹੁਤ ਮਨਮਰਜ਼ੀਆਂ ਹੋ ਗਈਆਂ ਨੇ, ਭੁੱਲ ਜਾਉ ਸਭ ਦੇ ਗੁਣ ਅਵਗੁਣ ਤੇ ਗ਼ਲਤੀਆਂ ਨੂੰ, ''ਸਾਂਝ ਕਰੀਜੈ ਗੁਣਹਾ ਕੇਰੀ ਛੋਡਿ ਅਵਗੁਣ ਚਲੀਐ'' 'ਤੇ ਅਮਲ ਕਰੀਏ।

ਕੁਝ ਦਹਾਕੇ ਪਹਿਲਾਂ ਦੁਨੀਆ ਦੇ ਤਮਾਮ ਧਰਮਾਂ ਤੇ ਖ਼ਾਸ ਕਰਕੇ ਹਿੰਦੁਸਤਾਨ 'ਚ ਇਹ ਗੱਲ ਪ੍ਰਚਲਤ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਅੰਦਰ ਭੇਦ-ਭਾਵ, ਊਚ-ਨੀਚ ਤੇ ਜਾਤ-ਪਾਤ ਲਈ ਕੋਈ ਥਾਂ ਨਹੀਂ। ਸਿੱਖ ਹਰ ਸ਼ਖ਼ਸ ਨੂੰ ਬਰਾਬਰ ਦਾ ਮਾਣ-ਸਨਮਾਨ ਦੇ ਕੇ ਸਿਰਫ਼ ਇਨਸਾਨੀ ਰੂਪ ਵਿਚ ਦੇਖਦੇ ਹਨ ਤੇ ਸਭ ਸਿੱਖ ਆਪਣੇ ਗੁਰੂਆਂ ਦੇ ਹੁਕਮ ਦੀ ਤਾਮੀਲ ਕਰਦੇ ਨੇ। ਧਰਤੀ 'ਤੇ ਸਿਰਫ਼ ਸਿੱਖ ਧਰਮ ਹੀ ਹੈ ਜਿਹੜਾ ਦੱਬੇ-ਕੁਚਲਿਆਂ ਤੇ ਗ਼ਰੀਬੜਿਆਂ ਨੂੰ ਬਿਨਾਂ ਛੂਆ-ਛਾਤ ਆਪਣੇ ਗਿਰੇਬਾਨ ਨਾਲ ਲਗਾਉਂਦਾ ਹੈ। ਇਨ੍ਹਾਂ ਸਿੱਖ ਸਿਧਾਂਤਾਂ ਨੂੰ ਪੜ੍ਹ-ਸੁਣ ਕੇ ਦੁਨੀਆ ਦਾ ਇਕ ਮਹਾਨ ਦਾਰਸ਼ਨਿਕ ਇੰਨਾ ਮੁਤਾਸਿਰ ਹੋਇਆ ਕਿ ਉਸ ਨੇ ਫ਼ੈਸਲਾ ਲਿਆ ਕਿ ਹੁਣ ਉਸ ਦੀ ਤੇ ਉਸ ਦੀ ਕੌਮ ਦੀ ਮੰਜ਼ਿਲ ਸਿਰਫ਼ ਸਿੱਖ ਕੌਮ ਹੀ ਹੈ, ਜਿੱਥੋਂ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਮਿਲੇਗਾ ਪਰ ਉਸ ਵਿਦਵਾਨ ਪੁਰਸ਼ ਦੇ ਇਹ ਖ਼ਾਬ ਤੇ ਭਰਮ ਭੁਲੇਖੇ ਉਸ ਵੇਲੇ ਚਕਨਾਚੂਰ ਹੋ ਗਏ ਸਨ ਜਦੋਂ ਜਾਤ-ਪਾਤ 'ਚ ਗ੍ਰੱਸੇ ਸਿੱਖ ਪੰਥ ਦੇ ਕੁਝ ਤਥਾਕਥਿਤ ਆਗੂਆਂ ਨੇ ਭਾਰਤੀ ਸੰਵਿਧਾਨ ਦੇ ਰੋਸ਼ਨ ਦਿਮਾਗ਼ ਨੀਤੀ-ਘਾੜੇ, ਅਤਿ ਜ਼ਹੀਨ, ਦਾਨਿਸ਼ਮੰਦ, ਦੂਰਅੰਦੇਸ਼, ਦਿਆਨਤਦਾਰ ਤੇ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਤੇ ਉਸ ਦੀ ਬਿਰਾਦਰੀ ਨੂੰ ਸਿੱਖ ਪੰਥ ਦੀ ਝੋਲੀ ਵਿਚ ਪਾਉਣ ਲਈ ਨਿਮਾਣੇ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਫ਼ਰਿਆਦੀ ਬਣ ਆਏ ਸਨ ਨੂੰ ਅਪਨਾਉਣ ਤੋਂ ਨਾਂਹ ਕਰ ਦਿੱਤੀ। ਡਾ. ਅੰਬੇਦਕਰ ਨੇ ਪੰਥਕ ਲੀਡਰਾਂ ਸਾਹਵੇਂ ਕਿਹਾ ਕਿ ਅਸੀਂ ਉਸ ਗੁਰੂ ਦੀ ਸ਼ਰਨ 'ਚ ਆਏ ਹਾਂ ਜਿਨ੍ਹਾਂ ਨੇ ਰਵਿਦਾਸ ਜੀ, ਕਬੀਰ ਸਾਹਿਬ ਆਦਿ ਨੂੰ ਆਪਣੇ ਬਰਾਬਰ ਬਿਠਾ ਕੇ ਮਾਣ ਦਿੱਤਾ। ਭਾਈ ਮਰਦਾਨਾ ਜੀ ਨੂੰ ਆਪਣਾ ਭਾਈ ਮੰਨਿਆ, ਭਾਈ ਜੈਤਾ ਜੀ ਤੇ ਭਾਈ ਸੰਗਤ ਸਿੰਘ ਨੂੰ ਬੇਟਿਆਂ ਦਾ ਦਰਜਾ ਦੇ ਕੇ ਨਿਵਾਜਿਆ, ਇਸ ਲਈ ਉਮੀਦ ਹੈ ਕਿ ਤੁਸੀਂ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਿੱਖ ਪੰਥ 'ਚ ਸ਼ਾਮਲ ਕਰ ਕੇ ਗੁਰੂ ਪਰੰਪਰਾ ਦੀ ਸ਼ਾਨ ਵਧਾਉਗੇ ਪਰ ਅਫ਼ਸੋਸ ਕਿ ਗੁਰੂ ਸ਼ਰਨ ਵਿਚ ਆਏ ਹੋਏ ਇਨ੍ਹਾਂ ਲੋਕਾਂ ਨੂੰ ਤਥਾਕਥਿਤ ਲੀਡਰਾਂ ਨੇ ਊਚ-ਨੀਚ ਵਾਲੀ ਬਿਰਤੀ ਅਧੀਨ ਪੰਥ 'ਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ। J (ਚੱਲਦਾ)

- ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ

98159-92135

Posted By: Harjinder Sodhi