ਦੁਬਈ (ਏਜੰਸੀਆਂ) : ਦੁਬਈ ਜਾਣ ਵਾਲੇ ਹਿੰਦੂਆਂ ਨੂੰ ਅਜੇ ਵਿਸ਼ਾਲ ਮੰਦਰ ਦੇ ਦਰਸ਼ਨ ਲਈ ਉਡੀਕ ਕਰਨੀ ਪਵੇਗੀ। ਕੋਰੋਨਾ ਮਹਾਮਾਰੀ ਕਾਰਨ ਇਹ ਮੰਦਰ ਹੁਣ 2022 'ਚ ਦੀਵਾਲੀ ਤੱਕ ਖੋਲ੍ਹਿਆ ਜਾਵੇਗਾ। ਮੰਦਰ ਸੋਕ ਬਨਿਆਜ, ਬੁਰਜ ਦੁਬਈ ਸਥਿਤ ਸਿੰਧੀ ਗੁਰੂ ਦਰਬਾਰ ਮੰਦਰ ਦਾ ਐਕਸਟੈਂਸ਼ਨ ਹੈ। ਇਹ ਸੰਯੁਕਤ ਅਰਬ ਅਮੀਰਾਤ ਦਾ 1950 'ਚ ਸਥਾਪਿਤ ਸਭ ਤੋਂ ਪੁਰਾਣਾ ਮੰਦਰ ਹੈ। ਮੰਦਰ 25 ਹਜ਼ਾਰ ਵਰਗ ਫੁੱਟ ਖੇਤਰ 'ਚ ਬਣਾਇਆ ਜਾ ਰਿਹਾ ਹੈ, ਚਾਰ ਹਜ਼ਾਰ ਵਰਗ ਫੁੱਟ ਦੇ ਇਕ ਹਾਲ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਕੁਲ ਖੇਤਰ ਕਰੀਬ 75 ਹਜ਼ਾਰ ਵਰਗ ਫੁੱਟ ਹੋਵੇਗਾ। ਮੰਦਰ ਦੇ ਇਕ ਟਰੱਸਟੀ ਰਾਜੂ ਸ਼ਰਾਫ ਨੇ ਦੱਸਿਆ ਕਿ ਮੰਦਰ 'ਚ 11 ਦੇਵਤੇ ਸਥਾਪਿਤ ਕੀਤੇ ਜਾਣਗੇ। ਮੰਦਰ ਅਰਬੀ ਭਵਨ ਕਲਾ 'ਤੇ ਅਧਾਰਿਤ ਹੋਵੇਗਾ। ਅੰਦਰ ਦੇ ਖੰਬੇ ਸੋਮਨਾਥ ਮੰਦਰ ਤੋਂ ਪ੍ਰਰੇਰਿਤ ਹੈ। ਮੁੱਖ ਗੁੰਬਦ ਨਾਗਰਾ ਸ਼ੈਲੀ ਦਾ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਮੰਦਰ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਦੀ ਖੁੱਲ੍ਹੀ ਸੋਚ ਦੀ ਮਿਸਾਲ ਹੈ। ਮੰਦਰ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਆਉਣ ਵਾਲੇ ਹਿੰਦੂਆਂ ਲਈ ਸ਼ਰਧਾ ਦਾ ਕੇਂਦਰ ਹੋਵੇਗਾ। ਦੁਬਈ 'ਚ ਤੀਹ ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ।