ਇਸ ਅਸਥਾਨ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਤੇ ਬਾਬਾ ਬਾਬੂ ਸਿੰਘ ਨੇ ਕਰਵਾਈ। ਇੱਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ, ਸਰੋਵਰ, ਕਮਰੇ, ਬਾਥਰੂਮ ਉਸਾਰੇ ਗਏ ਹਨ, ਜਿਨ੍ਹਾਂ ਦੀ ਤਾਮੀਲ ਕਰਵਾਉਣ ’ਚ ਬੀਕਾ ਪੱਤੀ ਸੂਚ ਪੱਤੀ, ਹੰਡਿਆਇਆ ਦੀਆਂ ਸੰਗਤਾਂ ਵੱਲੋਂ ਸਹਿਯੋਗ ਪਾਇਆ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਪਾਤਸ਼ਾਹੀ ਨੌਵੀਂ ਹੰਡਿਆਇਆ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਜਗ੍ਹਾ ’ਤੇ ਬਣੇ ਗੁਰੂ ਘਰ ’ਚ ਵੱਡੀ ਗਿਣਤੀ ’ਚ ਸੰਗਤਾਂ ਦੂਰੋਂ-ਨੇੜਿਓਂ ਨਤਮਸਤਕ ਹੁੰਦੀਆਂ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਕਈ ਨਗਰਾਂ ਦੀਆਂ ਸੰਗਤਾਂ ਨੂੰ ਤਾਰ ਕੇ ਪਿੰਡ ਮੂਲੋਵਾਲ ਤੋਂ ਸੇਖਾ, ਕੱਟੂ, ਫਰਵਾਹੀ ਹੁੰਦੇ ਹੋਏ ਹੰਡਿਆਏ ਪਹੁੰਚੇ ਸਨ।
ਆਇ ਕੈ ਹੰਢਿਯਾਏ ਨਾਮ ਨਗਰ ਅਰਾਮ ਕੀਨੋ,
ਗ੍ਰਾਮ ਸੋ ਤਮਾਮ ਮੈ ਥਾ ਫੈਲਯੋ ਤਪ ਰੋਗ ਹੈ।।
ਆਏ ਗੁਰੂ ਪਾਸ ਜੋ, ਨਲਾਏ ਖਾਮ ਤਾਲ ਮੈਂ ਸੋ,
ਉਨ ਕੋ ਬਿਲਯੋ ਤਾਪ ਪਾਪ ਸਾਪ ਸੋਗ ਹੈ।।
ਗੁਰੂ ਜੀ ਨੇ ਇੱਕ ਛੱਪੜੀ ਦੇ ਕਿਨਾਰੇ ਡੇਰਾ ਕੀਤਾ। ਪਿੰਡ ’ਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਕੋਲ ਇੱਕ ਰੋਗੀ ਆਦਮੀ ਆਇਆ। ਗੁਰੂ ਜੀ ਨੇ ਰੋਗੀ ਨੂੰ ਛੱਪੜੀ ’ਚ ਇਸ਼ਨਾਨ ਕਰਵਾ ਕੇ ਰਾਜੀ ਕੀਤਾ ਤੇ ਵਰ ਦਿੱਤਾ ਕਿ ਇਸ ਅਸਥਾਨ ’ਤੇ ਜੋ ਵੀ ਸੱਚੇ ਮਨ ਨਾਲ ਅਰਦਾਸ ਕਰ ਕੇ ਇਸ਼ਨਾਨ ਕਰੇਗਾ, ਉਸ ਦਾ ਸਰੀਰਕ ਰੋਗ ਦੂਰ ਹੋ ਜਾਵੇਗਾ। ਇਸ ਤਰ੍ਹਾਂ ਛੱਪੜੀ ’ਚ ਇਸ਼ਨਾਨ ਕਰ ਕੇ ਸਾਰੇ ਪਿੰਡ ਦੇ ਲੋਕ ਰਾਜੀ ਹੋ ਗਏ, ਉਸ ਦਾ ਨਾਂ ਗੁਰਦੁਆਰਾ ਗੁਰੂਸਰ ਪੱਕਾ ਹੈ।
ਇਸ ਸਥਾਨ ’ਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਥਾਨ ’ਤੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ’ਚ ਹਰ ਸਾਲ ਆਗਮਨ ਦਿਵਸ ਵਜੋਂ ਸਾਲਾਨਾ ਜੋੜ ਮੇਲਾ 27, 28, 29 ਪੋਹ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕੁਝ ਦਿਨ ਠਹਿਰਨ ਪਿੱਛੋਂ ਗੁਰੂ ਸਾਹਿਬ ਜੀ ਘੋੜੇ ’ਤੇ ਸਵਾਰ ਹੋ ਕੇ ਨਗਰ ਧੌਲੇ ਵੱਲ ਨੂੰ ਚੱਲ ਪਏ ਤਾਂ ਇਕ ਮਾਈ ਨੇ ਜਲਦੀ-ਜਲਦੀ ਆ ਕੇ ਗੁਰੂ ਜੀ ਨੂੰ ਦੁੱਧ ਛਕਣ ਨੂੰ ਬੇਨਤੀ ਕੀਤੀ। ਉਸ ਨੇ ਕਿਹਾ ਕਿ ਮਹਾਰਾਜ ਗਲੀਆਂ ਭੀੜੀਆਂ ਹੋਣ ਕਰ ਕੇ ਦੇਰ ਹੋ ਗਈ ਹੈ। ਗੁਰੂ ਜੀ ਨੇ ਤੇ ਸਿੱਖਾਂ ਨੇ ਦੁੱਧ ਛਕਿਆ, ਖੁਸ਼ੀਆਂ ਬਖਸ਼ੀਆਂ ਤੇ ਸੰਗਤਾਂ ਤੋਂ ਵਿਦਾਇਗੀ ਲਈ ਇਸ ਜਗ੍ਹਾ ਮਾਈ ਨੇ ਗੁਰੂ ਜੀ ਨੂੰ ਕੱਚਾ ਦੁੱਧ ਛਕਾਇਆ ਸੀ। ਇਸ ਅਸਥਾਨ ਦਾ ਨਾਂ ਗੁਰਦੁਆਰਾ ਗੁਰੂਸਰ ਕੱਚਾ ਪ੍ਰਸਿੱਧ ਹੈ।
ਗੁਰਦੁਆਰਾ ਸਾਹਿਬ ’ਚ ਸਥਾਪਤ ਹੈ ਸਰੋਵਰ, ਲੰਗਰ ਹਾਲ, ਦੀਵਾਨ ਤੇ ਦਰਸ਼ਨੀ ਡਿਊਢੀ
ਗੁਰਦੁਆਰਾ ਸਾਹਿਬ ਦੀ ਇਮਾਰਤ, ਸਰੋਵਰ, ਲੰਗਰ ਹਾਲ, ਦੀਵਾਨ ਹਾਲ ਅਤੇ ਦਰਸ਼ਨੀ ਡਿਊਢੀ ਦੀ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਦਿੱਲੀ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਸੰਤ ਬਾਬਾ ਟੇਕ ਸਿੰਘ ਧਨੌਲਾ ਮੁਖੀ ਮਸਤੂਆਣਾ ਟਕਸਾਲ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਸੰਤ ਬਲਵੀਰ ਸਿੰਘ ਘੁੰਨਸ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਰਹੂਮ ਸੰਤ ਦਲਬਾਰ ਸਿੰਘ ਛੀਨੀਵਾਲ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਤੇ ਨਛੱਤਰ ਸਿੰਘ ਭਰੀ ਸਟੈਂਡਰਡ ਕੰਬਾਈਨ ਵਾਲੇ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਸਮੇਤ ਕਸਬੇ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਹੈ।
ਸੰਗਰਾਂਦ ਮੌਕੇ ਸੰਗਤਾਂ ਹੁੰਦੀਆਂ ਹਨ ਨਤਮਸਤਕ
ਇਸ ਅਸਥਾਨ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਤੇ ਬਾਬਾ ਬਾਬੂ ਸਿੰਘ ਨੇ ਕਰਵਾਈ। ਇੱਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ, ਸਰੋਵਰ, ਕਮਰੇ, ਬਾਥਰੂਮ ਉਸਾਰੇ ਗਏ ਹਨ, ਜਿਨ੍ਹਾਂ ਦੀ ਤਾਮੀਲ ਕਰਵਾਉਣ ’ਚ ਬੀਕਾ ਪੱਤੀ ਸੂਚ ਪੱਤੀ, ਹੰਡਿਆਇਆ ਦੀਆਂ ਸੰਗਤਾਂ ਵੱਲੋਂ ਸਹਿਯੋਗ ਪਾਇਆ ਗਿਆ। ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਖਾਲਸਾ ਦਾ ਵਿਸ਼ੇਸ਼ ਸਹਿਯੋਗ ਹੈ। ਇਸ ਅਸਥਾਨ ’ਤੇ ਹਰੇਕ ਮਹੀਨੇ ਦੀ ਸੰਗਰਾਂਦ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾਂਦਾ ਹੈ।