ਸਾਨੂੰ ਸਾਰਿਆਂ ਨੂੰ ਜੀਵਨ ਵਿਚ ਇਕ ਖ਼ਾਸ ਟੀਚੇ ਨੂੰ ਨਿਰਧਾਰਤ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਟੀਚੇ ਤੋਂ ਰਹਿਤ ਜੀਵਨ ਗੁਜ਼ਾਰਨ ਦੀ ਕਲਪਨਾ ਕਰੀਏ ਤਾਂ ਸਾਡੇ ਅਤੇ ਪਸ਼ੂਆਂ ਵਿਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ। ਸਾਡੇ ਜੀਵਨ ਵਿਚ ਕੋਈ ਟੀਚਾ ਹੀ ਨਹੀਂ ਹੋਵੇਗਾ ਤਾਂ ਅਸੀਂ ਇੱਥੇ-ਉੱਥੇ ਭਟਕਦੇ ਰਹਿ ਜਾਵਾਂਗੇ ਪਰ ਪੁੱਜਾਂਗੇ ਕਿਤੇ ਨਹੀਂ। ਅਜਿਹੇ ਵਿਚ ਹਰ ਮਨੁੱਖ ਨੂੰ ਆਪਣਾ ਟੀਚਾ ਨਿਰਧਾਰਤ ਕਰਨਾ ਹੀ ਚਾਹੀਦਾ ਹੈ ਕਿਉਂਕਿ ਜੇ ਸਾਡਾ ਕੋਈ ਟੀਚਾ ਹੋਵੇਗਾ ਉਦੋਂ ਹੀ ਸਾਨੂੰ ਮਾਲੂਮ ਹੋਵੇਗਾ ਕਿ ਅਸੀਂ ਕਿਸ ਪਾਸੇ ਜਾਣਾ ਹੈ ਅਤੇ ਸਾਡੀ ਮੰਜ਼ਿਲ ਕੀ ਹੈ। ਮਨੁੱਖ ਦੇ ਜੀਵਨ ਵਿਚ ਟੀਚਾ ਬਹੁਤ ਜ਼ਰੂਰੀ ਹੈ। ਹਾਲਾਂਕਿ ਸਵਾਲ ਇਹ ਹੈ ਕਿ ਸਾਡਾ ਟੀਚਾ ਕੀ ਹੋਵੇ? ਟੀਚੇ ਬਾਰੇ ਜ਼ਿਆਦਾਤਰ ਲੋਕਾਂ ਦੀ ਇਹੋ ਧਾਰਨਾ ਰਹੀ ਹੈ ਕਿ ਬੇਹੱਦ ਧਨ-ਦੌਲਤ, ਨਾਮ, ਸਨਮਾਨ ਹਾਸਲ ਕਰਨਾ ਜੀਵਨ ਦੀ ਸਾਰਥਿਕਤਾ ਹੈ। ਅਨਜਾਣੇ ਵਿਚ ਅਸੀਂ ਪੈਸਾ ਅਤੇ ਭੌਤਿਕ ਸੁੱਖ ਹਾਸਲ ਕਰਨ ਨੂੰ ਹੀ ਆਪਣਾ ਟੀਚਾ ਬਣਾ ਲੈਂਦੇ ਹਾਂ। ਹਾਲਾਂਕਿ ਭੌਤਿਕ ਸੰਪਦਾ ਸਹੂਲਤਾਂ ਹਨ ਪਰ ਸਾਡੀ ਮੰਜ਼ਿਲ ਕਦੇ ਵੀ ਨਹੀਂ ਹੋ ਸਕਦੀ। ਧਨ-ਦੌਲਤ ਇਕੱਠੀ ਕਰਨੀ, ਵਿਆਹ ਕਰ ਕੇ ਬੱਚੇ ਪੈਦਾ ਕਰਨੇ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਕੇ ਸਵਰਗਵਾਸ ਹੋ ਜਾਣਾ ਹੀ ਮਨੁੱਖੀ ਜੀਵਨ ਦਾ ਟੀਚਾ ਨਹੀਂ ਹੈ। ਇਹ ਸੱਚ ਹੈ ਕਿ ਸਾਨੂੰ ਗੁਜ਼ਾਰਾ ਚਲਾਉਣ ਲਈ ਕੁਝ ਨਾ ਕੁਝ ਕਰਮ ਤਾਂ ਜ਼ਰੂਰ ਕਰਨਾ ਪੈਂਦਾ ਹੈ ਪਰ ਇਸ ਨੂੰ ਹੀ ਪਰਮ ਟੀਚਾ ਮੰਨਣ ਦੀ ਭੁੱਲ ਅਕਸਰ ਮਨੁੱਖ ਤੋਂ ਹੋ ਜਾਂਦੀ ਹੈ। ਦਰਅਸਲ ਦੁਨੀਆ ਦੀ ਚਮਕ-ਦਮਕ ਅਤੇ ਮੋਹ-ਮਾਇਆ ਵਿਚ ਅਸੀਂ ਅਜਿਹੇ ਫਸ ਜਾਂਦੇ ਹਾਂ ਕਿ ਆਪਣੀ ਹਕੀਕੀ ਅਤੇ ਸੁਭਾਵਿਕ ਸਥਿਤੀ ਨੂੰ ਹੀ ਭੁੱਲ ਬੈਠਦੇ ਹਾਂ। ਅਸੀਂ ਅਗਿਆਨਤਾ ਵਿਚ ਨਿਰੰਤਰ ਭੌਤਿਕ ਸੁੱਖਾਂ ਦੀ ਕਾਮਨਾ ਕਰਦੇ ਹਾਂ ਅਤੇ ਇਨ੍ਹਾਂ ਨੂੰ ਹੀ ਜੀਵਨ ਦਾ ਪਰਮ ਟੀਚਾ ਮੰਨ ਬੈਠਦੇ ਹਾਂ। ਅਸਲ ਵਿਚ ਜੋ ਲੋਕ ਭੌਤਿਕਤਾ ਪ੍ਰਤੀ ਖਿੱਚੇ ਜਾਂਦੇ ਹਨ ਅਤੇ ਰੂਹਾਨੀਅਤ ਤੋਂ ਬੇਪ੍ਰਵਾਹ ਰਹਿੰਦੇ ਹਨ, ਉਹ ਆਪਣੇ ਕਰਮਾਂ ਦੀ ਕਿਰਿਆ-ਪ੍ਰਤੀਕਿਰਿਆ ਦੇ ਨਤੀਜੇ ਵਜੋਂ ਜਨਮ ਅਤੇ ਮੌਤ ਦੇ ਚੱਕਰ ਵਿਚ ਬੱਝ ਜਾਂਦੇ ਹਨ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਭੌਤਿਕਤਾਵਾਦੀ ਜੀਵਨ ਤੋਂ ਸੱਚੀ ਖ਼ੁਸ਼ੀ ਨਹੀਂ ਮਿਲਦੀ ਅਤੇ ਧਰਤੀ ਤੋਂ ਵਿਦਾ ਹੋਣ ਦੇ ਅੰਤਿਮ ਪਲ ਤਕ ਉਨ੍ਹਾਂ ਨੂੰ ਇਹੋ ਲੱਗਦਾ ਹੈ ਕਿ ਹਾਲੇ ਕੁਝ ਛੁੱਟ ਰਿਹਾ ਹੈ। ਸੱਚ ਇਹੋ ਹੈ ਕਿ ਸਾਨੂੰ ਮਨੁੱਖੀ ਜੀਵਨ ਭੋਗਣ ਲਈ ਨਹੀਂ, ਸਗੋਂ ਪਰਮਾਤਮਾ ਦਾ ਅਹਿਸਾਸ ਕਰਨ ਲਈ ਮਿਲਿਆ ਹੈ। ਸਾਡੀ ਆਤਮਾ ਉਸ ਪਰਮਾਤਮਾ ਦਾ ਅਨਿੱਖੜਵਾਂ ਹਿੱਸਾ ਹੈ। ਇਸ ਲਈ ਆਤਮਾ ਨੂੰ ਜਾਣ ਲੈਣਾ ਅਤੇ ਉਸ ਅਨੁਸਾਰ ਜੀਵਨ ਨੂੰ ਚਲਾਉਣਾ, ਇਹੋ ਹਰ ਮਨੁੱਖ ਦੇ ਜੀਵਨ ਦਾ ਅਸਲੀ ਟੀਚਾ ਹੈ।

-ਮਹਾਯੋਗੀ ਪਾਇਲਟ ਬਾਬਾ।

Posted By: Sukhdev Singh