ਭਾਰਤੀ ਦਰਸ਼ਨ ਵਿਚ ਗੁਰੂ-ਚੇਲੇ ਦੀ ਪਰੰਪਰਾ ਯੁਗਾਂ-ਯੁਗਾਂਤਰਾਂ ਤੋਂ ਨਿਰੰਤਰ ਚਲੀ ਆ ਰਹੀ ਹੈ। ‘ਗੁ’ ਸ਼ਬਦ ਦਾ ਅਰਥ ਹੈ ਅੰਧਕਾਰ (ਅਗਿਆਨ) ਅਤੇ ‘ਰੂ’ ਸ਼ਬਦ ਦਾ ਅਰਥ ਹੈ ਪ੍ਰਕਾਸ਼ (ਗਿਆਨ)। ਮਤਲਬ ਇਹ ਕਿ ਅਗਿਆਨ ਨੂੰ ਨਸ਼ਟ ਕਰ ਕੇ ਜੋ ਸਾਨੂੰ ਗਿਆਨ ਰੂਪੀ ਪ੍ਰਕਾਸ਼ ਪ੍ਰਦਾਨ ਕਰਦਾ ਹੈ, ਉਹ ਗੁਰੂ ਹੈ। ਗੁਰੂ ਦੁਆਰਾ ਹੀ ਮਜ਼ਬੂਤ ਰਾਸ਼ਟਰ ਅਤੇ ਸੁਚੱਜੀ ਸੰਸਕ੍ਰਿਤੀ ਵਾਲੇ ਸਮਾਜ ਦਾ ਮੁੱਢ ਬੱਝਦਾ ਹੈ। ਉਹ ਤਜਰਬਿਆਂ ਅਤੇ ਗਿਆਨ ਦੇ ਆਧਾਰ ’ਤੇ ਆਪਣੇ ਚੇਲਿਆਂ ਨੂੰ ਸਮਾਜ ਵਿਚ ਸਥਾਪਤ ਕਰਦਾ ਹੈ ਜਿਸ ਸਦਕਾ ਉਹ ਆਪਣੇ ਜੀਵਨ ਵਿਚ ਆਉਣ ਵਾਲੀਆਂ ਕਠਿਨਾਈਆਂ ਦਾ ਸਾਹਮਣਾ ਕਰ ਕੇ ਉੱਨਤੀ ਵੱਲ ਵਧ ਸਕਣ। ਅਸਲ ਵਿਚ ਗੁਰੂ ਦੀ ਘਾਟ ਕਾਰਨ ਇਕ ਸਿਹਤਮੰਦ ਤੇ ਸਫਲ ਜੀਵਨ ਦੀ ਕਲਪਨਾ ਕਰਨੀ ਵੀ ਫ਼ਜ਼ੂਲ ਹੈ। ਰਿਸ਼ੀਆਂ-ਮੁਨੀਆਂ ਦਾ ਮੱਤ ਹੈ ਕਿ ਗੁਰੂ ਸਾਡਾ ਸੱਚਾ ਮਾਰਗ-ਦਰਸ਼ਕ ਹੁੰਦਾ ਹੈ। ਗੁਰੂ ਦੀ ਅਣਹੋਂਦ ਵਿਚ ਕੋਈ ਵੀ ਟੀਚਾ ਸਫਲਤਾਪੂਰਵਕ ਹਾਸਲ ਨਹੀਂ ਕੀਤਾ ਜਾ ਸਕਦਾ ਹੈ। ਵੇਦ ਵਿਆਸ ਜੀ ਨੇ ਵੀ ਮਹਾਭਾਰਤ ਵਿਚ ਗੁਰੂ ਦੀ ਮਹਿਮਾ ਦੱਸਦੇ ਹੋਏ ਕਿਹਾ ਹੈ, ‘‘ਜਿਵੇਂ ਗਿਆਨ-ਵਿਗਿਆਨ ਦੇ ਬਿਨਾਂ ਮੋਕਸ਼ ਹਾਸਲ ਨਹੀਂ ਹੋ ਸਕਦਾ, ਉਸੇ ਤਰ੍ਹਾਂ ਸਦਗੁਰੂ ਨਾਲ ਸਬੰਧ ਹੋਣ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕੇਗੀ।’’ ਗੁਰੂ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲੇ ਹਨ। ਉਨ੍ਹਾਂ ਦਾ ਦਿੱਤਾ ਹੋਇਆ ਗਿਆਨ ਬੇੜੀ ਦੇ ਸਮਾਨ ਦੱਸਿਆ ਗਿਆ ਹੈ। ਮਨੁੱਖ ਉਸ ਗਿਆਨ ਨੂੰ ਹਾਸਲ ਕਰ ਕੇ ਭਵਸਾਗਰ ਤੋਂ ਪਾਰ ਲੰਘ ਜਾਂਦਾ ਹੈ। ਫਿਰ ਉਸ ਨੂੰ ਬੇੜੀ ਅਤੇ ਮਲਾਹ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਤਰ੍ਹਾਂ ਘੜੇ ਨੂੰ ਸੁੰਦਰ ਬਣਾਉਣ ਲਈ ਘੁਮਾਰ ਅੰਦਰੋਂ ਹੱਥ ਦਾ ਸਹਾਰਾ ਦੇ ਕੇ ਉੱਪਰੋਂ ਥਾਪ ਮਾਰਦਾ ਹੈ। ਉਸੇ ਤਰ੍ਹਾਂ ਗੁਰੂ ਆਪਣੇ ਚੇਲਿਆਂ ਨੂੰ ਡਾਂਟ-ਫਟਕਾਰ ਲਗਾ ਕੇ ਕਠੋਰ ਅਨੁਸ਼ਾਸਨ ’ਚ ਰੱਖਦਾ ਹੈ। ਉਹ ਹਿਰਦੇ ’ਚ ਪ੍ਰੇਮ ਭਾਵਨਾ ਰੱਖਦੇ ਹੋਏ ਸ਼ਿਸ਼ ਨੂੰ ਸੱਜਣ ਤੇ ਚੰਗੇ ਸੰਸਕਾਰਾਂ ਵਾਲਾ ਬਣਾਉਂਦਾ ਹੈ। ਗੁਰੂ ਦੀ ਕਠੋਰਤਾ ਬਾਹਰੋਂ ਹੀ ਹੁੰਦੀ ਹੈ, ਅੰਦਰੋਂ ਉਹ ਅਤਿਅੰਤ ਦਿਆਲੂ ਹੁੰਦਾ ਹੈ। ਭਗਵਾਨ ਸ੍ਰੀਰਾਮ ਵੀ ਆਪਣੇ ਜੀਵਨ ਵਿਚ ਗੁਰੂ ਨੂੰ ਹੀ ਸਭ ਤੋਂ ਉੱਪਰ ਮੰਨਦੇ ਸਨ। ਲੰਕਾ ’ਤੇ ਜਿੱਤ ਮਗਰੋਂ ਜਦ ਉਹ ਅਯੁੱਧਿਆ ਵਾਪਸ ਆਏ ਤਾਂ ਸਭ ਤੋਂ ਪਹਿਲਾਂ ਗੁਰੂ ਵਸ਼ਿਸ਼ਠ ਕੋਲ ਗਏ ਤੇ ਕਿਹਾ ਕਿ ਤੁਹਾਡੇ ਅਸ਼ੀਰਵਾਦ ਦੇ ਬਿਨਾਂ ਇਹ ਕੰਮ ਅਸੰਭਵ ਸੀ। ਸੋ, ਸਾਨੂੰ ਸਦਾ ਆਪਣੇ ਗੁਰੂ ਦਾ ਆਦਰ-ਸਤਿਕਾਰ ਤੇ ਉਸਤਤ ਕਰਨੀ ਚਾਹੀਦੀ ਹੈ।-ਪੁਸ਼ਪੇਂਦਰ ਦੀਕਸ਼ਤ।

Posted By: Jaswinder Duhra