ਉਦਾਰਤਾ ਪ੍ਰੇਮ ਦਾ ਉੱਨਤ ਰੂਪ ਹੈ। ਮਨੁੱਖ ਦੀ ਸ਼ਖ਼ਸੀਅਤ ਨੂੰ ਆਕਰਸ਼ਕ ਬਣਾਉਣ ਵਾਲੀ ਉਦਾਰਤਾ ਹੀ ਹੈ। ਦਿਆਲੂ ਮਨੁੱਖ ਦੂਜਿਆਂ ਨਾਲ ਪ੍ਰੇਮ ਆਪਣੇ ਸਵਾਰਥ ਲਈ ਨਹੀਂ ਕਰਦਾ ਸਗੋਂ ਉਨ੍ਹਾਂ ਦੇ ਭਲੇ ਤੇ ਆਪਣੇ ਸੁਭਾਅ ਕਾਰਨ ਕਰਦਾ ਹੈ। ਇਸ ਨਾਲ ਉਦਾਰਤਾਯੁਕਤ ਪ੍ਰੇਮ ਸੇਵਾ ਦਾ ਰੂਪ ਧਾਰਨ ਕਰ ਲੈਂਦਾ ਹੈ। ਦਿਆਲੂ ਮਨੁੱਖ ਨੂੰ ਆਪਣੇ ਸੁੱਖ-ਦੁੱਖ ਦੀ ਇੰਨੀ ਚਿੰਤਾ ਨਹੀਂ ਰਹਿੰਦੀ, ਜਿੰਨੀ ਹੋਰਾਂ ਦੇ ਸੁੱਖ-ਦੁੱਖ ਦੀ ਹੁੰਦੀ ਹੈ। ਭਗਵਾਨ ਬੁੱਧ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਸੰਸਾਰ ਨਹੀਂ ਤਿਆਗਿਆ ਸੀ ਸਗੋਂ ਲੋਕਾਈ ਦੇ ਸਾਰੇ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕਰਨ ਦੇ ਵਿਚਾਰ ਨਾਲ ਰਾਜ ਮਹਿਲ ਤਿਆਗ ਕੇ ਜੰਗਲ ਵਿਚ ਰਹਿਣ ਲਈ ਚਲੇ ਗਏ ਸਨ। ਅਜਿਹੇ ਵਿਅਕਤੀ ਹੀ ਸ੍ਰੇਸ਼ਠ ਕਹੇ ਜਾਂਦੇ ਹਨ। ਉਦਾਰਤਾ ਨਾਲ ਮਨੁੱਖ ਦੀਆਂ ਮਾਨਸਿਕ ਸ਼ਕਤੀਆਂ ਦਾ ਅਦਭੁਤ ਵਿਕਾਸ ਹੁੰਦਾ ਹੈ। ਜੋ ਵਿਅਕਤੀ ਆਪਣੇ ਕਮਾਏ ਧਨ ਦਾ ਜਿੰਨਾ ਵੱਧ ਦਾਨ ਕਰਦਾ ਹੈ, ਉਹ ਆਪਣੇ ਅੰਦਰ ਹੋਰ ਧਨ ਕਮਾ ਸਕਣ ਦਾ ਓਨਾ ਹੀ ਜ਼ਿਆਦਾ ਆਤਮ-ਵਿਸ਼ਵਾਸ ਉਤਪੰਨ ਕਰ ਲੈਂਦਾ ਹੈ। ਸੱਚੇ, ਉਦਾਰ ਵਿਅਕਤੀ ਨੂੰ ਆਪਣੀ ਉਦਾਰਤਾ ਲਈ ਕਦੇ ਅਫ਼ਸੋਸ ਨਹੀਂ ਕਰਨਾ ਪੈਂਦਾ। ਉਦਾਰ ਵਿਅਕਤੀ ਦੀ ਸ਼ਲਾਘਾ ਹੁੰਦੀ ਹੈ। ਸੇਵਾ-ਭਾਵ ਨਾਲ ਕੀਤਾ ਗਿਆ ਕੋਈ ਵੀ ਕੰਮ ਮਾਨਸਿਕ ਦ੍ਰਿੜ੍ਹਤਾ ਲੈ ਕੇ ਆਉਂਦਾ ਹੈ। ਕੁਦਰਤ ਦਾ ਨਿਯਮ ਹੈ ਕਿ ਕੋਈ ਵੀ ਤਿਆਗ ਫ਼ਜ਼ੂਲ ਨਹੀਂ ਜਾਂਦਾ। ਇਹ ਸੂਖ਼ਮ ਰੂਹਾਨੀ ਤਾਕਤ ਦੇ ਰੂਪ ਵਿਚ ਉਸ ਵਿਅਕਤੀ ਦੇ ਮਨ ਵਿਚ ਸੰਚਿਤ ਹੋ ਜਾਂਦਾ ਹੈ। ਸਾਰੇ ਲੋਕਾਂ ਨੂੰ ਆਪਣੇ ਭਵਿੱਖ ਦਾ ਸਦਾ ਭੈਅ ਲੱਗਾ ਰਹਿੰਦਾ ਹੈ। ਉਹ ਇਸ ਚਿੰਤਾ ਵਿਚ ਡੁੱਬੇ ਰਹਿੰਦੇ ਹਨ ਕਿ ਜਦ ਕੁਝ ਕੰਮ ਨਹੀਂ ਕਰ ਸਕਾਂਗੇ ਤਾਂ ਆਪਣੀ ਰੋਜ਼ੀ-ਰੋਟੀ ਕਿਸ ਤਰ੍ਹਾਂ ਚਲਾਵਾਂਗੇ? ਕਿੰਨੇ ਹੀ ਲੋਕਾਂ ਨੂੰ ਆਪਣੀ ਸ਼ਾਨ ਬਣਾਈ ਰੱਖਣ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਪਰ ਉਦਾਰ ਵਿਅਕਤੀ ਨੂੰ ਇਸ ਤਰ੍ਹਾਂ ਦੀ ਕੋਈ ਵੀ ਚਿੰਤਾ ਨਹੀਂ ਸਤਾਉਂਦੀ। ਜਦ ਉਹ ਗ਼ਰੀਬ ਵੀ ਰਹਿੰਦਾ ਹੈ, ਉਦੋਂ ਵੀ ਸੁਖੀ ਹੁੰਦਾ ਹੈ। ਉਸ ਨੂੰ ਭਾਵੀ ਕਸ਼ਟਾਂ ਦਾ ਭੈਅ ਰਹਿੰਦਾ ਹੀ ਨਹੀਂ। ਦਿਆਲੂ ਪੁਰਸ਼ ਦੇ ਮਨ ਵਿਚ ਉਹ ਸਭ ਅਸ਼ੁਭ ਵਿਚਾਰ ਨਹੀਂ ਆਉਂਦੇ ਜੋ ਆਮ ਲੋਕਾਂ ਨੂੰ ਸਦਾ ਪੀੜਤ ਕਰਦੇ ਹਨ। ਇਸ ਲਈ ਉਦਾਰ ਬਣੋ। ਰੂਹਾਨੀਅਤ ’ਚ ਉਦਾਰਤਾ ਦਾ ਬਹੁਤ ਮਹੱਤਵ ਹੈ। ਸੰਤ-ਮਹਾਪੁਰਸ਼ ਆਪਣੇ ਪੈਰੋਕਾਰਾਂ ਦਾ ਮਾਰਗ-ਦਰਸ਼ਨ ਕਰਦੇ ਸਮੇਂ ਉਨ੍ਹਾਂ ਨੂੰ ਸਭ ਜੀਵਾਂ ਪ੍ਰਤੀ ਦਿਆਲੂ ਬਣਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

-ਡਾ. ਪ੍ਰਣਵ ਪਾਂਡਿਆ।

Posted By: Jaswinder Duhra