ਪੰਜਾਬ ਸਰਕਾਰ ਵਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸਮਰਪਿਤ ਨਿਵੇਕਲੇ ਅਤੇ ਅਨੋਖੇ 'ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ' ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕਰਨ ਲਈ ਰਾਜ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ।

ਇਹ ਸ਼ੋਅ ਤਿੰਨ ਤਰ੍ਹਾਂ ਨਾਲ ਪੇਸ਼ ਕੀਤੇ ਗਏ। ਪਹਿਲਾ 45 ਮਿੰਟ ਦੇ ਸ਼ੋਅ ਤਾਂ ਖੁੱਲ੍ਹੀ ਥਾਂ ਜਾਂ ਕਿਸੇ ਮੈਦਾਨ ਵਿਚ ਸੈੱਟ ਲਗਾ ਕੇ, ਦੂਜਾ 'ਮਲਟੀਮੀਡੀਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਜੋ ਸਤਲੁਜ ਅਤੇ ਬਿਆਸ ਦਰਿਆਵਾਂ ਅਤੇ ਸੁਖਨਾ ਝੀਲ ਦੇ ਪਾਣੀਆਂ ਵਿਚ ਖ਼ੂਬਸੂਰਤ ਸੈੱਟ ਲਗਾ ਕੇ ਕਰਵਾਏ ਗਏ। ਜਦਕਿ ਤੀਜਾ ਸ਼ੋਅ ਜੋ ਕਿ 70 ਮਿੰਟ ਦਾ ਸੀ ਵਿਸ਼ੇਸ਼ ਤੌਰ 'ਤੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ 4 ਨਵੰਬਰ ਤੋਂ 15 ਨਵੰਬਰ ਤਕ ਕਰਵਾਇਆ ਗਿਆ। ਇਹ ਸ਼ੋਅ ਸ਼ਾਮ ਨੂੰ 7 ਤੋਂ 7.45 ਵਜੇ ਤਕ ਅਤੇ 8.15 ਤੋਂ 9.00 ਵਜੇ ਤਕ ਹਰ ਰੋਜ਼ ਕਰਵਾਏ ਗਏ। ਜਦਕਿ ਸੁਲਤਾਨਪੁਰ ਲੋਧੀ ਵਿਖੇ ਇਹ 70 ਮਿੰਟ ਪੇਸ਼ ਕੀਤਾ ਗਿਆ ਜਿਸ ਵਿਚ 150 ਕਲਾਕਾਰਾਂ ਨੇ ਵੀ ਸਟੇਜ ਅਦਾਕਾਰੀ ਪੇਸ਼ ਕੀਤੀ। ਇਸ ਤੋਂ ਇਲਾਵਾ ਇਕ ਡਿਜੀਟਲ ਮਿਊਜ਼ੀਅਮ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਰੂਪਮਾਨ ਕਰਨ ਲਈ ਤਿਆਰ ਕੀਤਾ ਗਿਆ ਜੋ ਵੱਡੇ ਟਰਾਲਿਆਂ Àੁੱਪਰ ਏ.ਸੀ ਹਾਲ ਦੇ ਰੂਪ ਵਿਚ ਤਿਆਰ ਕੀਤਾ ਗਿਆ ਸੀ। ਇਸ ਮਿਊਜ਼ੀਅਮ ਵਿਚ ਐੱਲ.ਈ.ਡੀ ਸਕਰੀਨਾਂ ਲਗਾ ਕੇ ਗੁਰੂ ਸਾਹਿਬ ਦੀ ਸਮੁੱਚੀ ਸੰਸਾਰਕ ਯਾਤਰਾ ਅਤੇ ਉਪਦੇਸ਼ ਨੂੰ ਬਿਆਨ ਕੀਤਾ ਗਿਆ। ਇਸ ਮਿਊਜ਼ੀਅਮ ਵਿਚ ਲੋਕ ਹੈੱਡ ਫੋਨ ਲਗਾ ਸਕਰੀਨਾਂ ਦੇ ਸਾਹਮਣੇ ਖੜ੍ਹੇ ਹੋ ਕੇ ਗੁਰੂ ਸਾਹਿਬ ਦੇ ਫਲਸਫ਼ੇ ਅਤੇ ਜੀਵਨ ਬਾਰੇ ਵਿਸਥਾਰ ਨਾਲ ਅਨੰਦ ਮਾਣਦੇ ਰਹੇ।

'ਮਲਟੀਮੀਡੀਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ' ਜੋ ਰੋਸ਼ਨੀ, ਆਵਾਜ ਅਤੇ ਲੇਜ਼ਰ ਦੀ ਅਤਿ-ਅਧੁਨਿਕ ਤਕਨੀਕ ਦਾ ਸੁਮੇਲ ਸੀ, ਨੂੰ ਪਾਣੀ ਵਿਚ ਸੈੱਟ ਲਗਾ ਕੇ ਸੂਬੇ ਦੇ 10 ਜ਼ਿਲ਼ਿਆਂ ਵਿਚ ਵਗਦੇ ਦਰਿਆਵਾਂ ਵਿਚ ਅਤੇ ਸੁਖਨਾ ਝੀਲ ਚੰਡੀਗੜ੍ਹ ਵਿਖੇ ਬਾਖੂਬੀ ਪੇਸ਼ ਕੀਤਾ ਗਿਆ। ਇਹ ਸ਼ੋਅ ਪੰਜਾਬ ਦੇ 10 ਜ਼ਿਲਿਆਂ ਲੁਧਿਆਣਾ, ਰੋਪੜ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਪਾਣੀ ਵਿਚ ਵੀ ਪੇਸ਼ ਕੀਤੇ ਗਏ।

ਇਕ ਵਿਸੇਸ਼ ਲਾਈਟ ਐਂਡ ਸਾਊਂਡ ਸ਼ੋਅ ਵਿਸੇਸ਼ ਤੌਰ 'ਤੇ ਸੁਲਤਾਨਪੁਰ ਲੋਧੀ ਵਿਖੇ 4 ਨਵੰਬਰ ਤੋਂ 15 ਨਵੰਬਰ ਤਕ ਕਰਵਾਇਆ ਗਿਆ, 4 ਤੋਂ 9 ਨਵੰਬਰ ਤਕ ਇਕ ਸ਼ੋਅ ਹਰ ਰੋਜ਼ ਕਰਵਾਇਆ ਗਿਆ ਅਤੇ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ 10 ਨਵੰਬਰ ਤੋਂ 12 ਨਵੰਬਰ ਤਕ ਦੋ ਸ਼ੋਅ ਹਰ ਰੋਜ਼ ਪੇਸ਼ ਕੀਤੇ ਗਏ। ਇਸ ਸ਼ੋਅ ਦੀ ਖ਼ੂਬਸੂਰਤੀ ਇਹ ਸੀ ਕਿ 70 ਮਿੰਟ ਦੇ ਇਸ ਸ਼ੋਅ ਵਿਚ 150 ਦੇ ਕਰੀਬ ਕਲਾਕਾਰਾਂ ਨੇ ਸਾਊਂਡ ਅਤੇ ਲਾਈਟ ਦੇ ਲੇਜ਼ਰ ਇਫੈਕਟਾਂ ਨਾਲ ਆਪਣੀ ਅਦਾਕਾਰੀ ਰਾਹੀਂ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਤਕ ਬਾਖੂਬੀ ਪਹੁੰਚਾਇਆ। ਗੁਰੂ ਸਾਹਿਬ ਦੇ ਗੁਰਪੁਰਬ ਦੇ ਜਸ਼ਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਦੁਨੀਆ ਭਰ ਤੋਂ ਸੁਲਤਾਨਪੁਰ ਲੋਧੀ ਪਹੁੰਚੀ ਸੰਗਤ ਨੇ ਇਸ ਸ਼ੋਅ ਦਾ ਅਨੰਦ ਮਾਣਿਆ।

ਇਨ੍ਹਾਂ ਸ਼ੋਆਂ ਦਾ ਮੁੱਖ ਮਕਸਦ ਸੂਬਾ ਵਾਸੀਆਂ ਅਤੇ ਖ਼ਾਸ ਕਰ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ। ਲੇਜਰ ਰੋਸ਼ਨੀ ਅਤੇ ਆਵਾਜ਼ 'ਤੇ ਅਧਾਰਿਤ ਇਸ ਮਲਟੀ ਮੀਡੀਆ ਸ਼ੋਅ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਅਧਾਰਿਤ ਵਿਆਪੀ ਸੰਦੇਸ਼ ਨੂੰ ਸ਼ਾਨਦਾਰ ਢੰਗ ਨਾਲ ਵਿਜੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜ਼ਰ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ। ਸ਼ੋਅ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਲ ਅਵਸਥਾ ਤੋਂ ਲੈ ਕੇ ਉਦਾਸੀਆਂ ਅਤੇ ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਦੇ ਕਿਰਸਾਨੀ ਤਕ ਦੇ ਜੀਵਨ ਤਕ ਦੇ ਸਫ਼ਰ ਨੂੰ ਰੂਪਮਾਨ ਕੀਤਾ ਗਿਆ ਹੈ ਅਤੇ ਮੌਜੂਦਾ ਧਰੁਵੀਕਰਨ ਦੇ ਮਾਹੌਲ ਵਿਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਚਹੁੰ ਦਿਸ਼ਾਵਾਂ ਤਕ ਪਹੁੰਚਾਉਣ ਦਾ ਇਹ ਸਾਰਥਕ ਯਤਨ ਹੈ। ਬਹੁਤ ਹੀ ਖੋਜ ਉਪਰੰਤ ਬਾਰੀਕੀ ਨਾਲ ਡਿਜ਼ਾਈਨ ਕੀਤਾ ਇਹ ਸ਼ੋਅ ਗੁਰੂ ਸਾਹਿਬ ਦੇ ਕੁਦਰਤੀ ਸਰੋਤਾਂ ਪਾਣੀ, ਆਬੋ ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਵੀ ਪੇਸ਼ ਕਰਦਾ ਹੈ।

ਰੋਸ਼ਨੀ ਅਤੇ ਆਵਾਜ਼ ਦੇ ਖ਼ੂਬਸੂਰਤ ਸੁਮੇਲ ਵਾਲੇ ਉਕਤ ਸ਼ੋਅ ਦੇ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਰਬ-ਸਾਂਝੀਵਾਲਤਾ, ਅਹਿੰਸਾ, ਸ਼ਾਂਤੀ, ਭਾਈਚਾਰਕ ਸਾਂਝ, ਮਹਿਲਾ ਸਸ਼ਕਤੀਕਰਨ ਅਤੇ ਕੁਦਰਤ ਦੀ ਸੁਰੱਖਿਆ ਦੇ ਸੰਦੇਸ਼ ਨੂੰ ਸੰਜੀਵੀ ਰੂਪ ਵਿਚ ਪੇਸ਼ ਕੀਤਾ। ਸ਼ੋਅ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮਾਜਿਕ ਬਰਾਬਰਤਾ ਲਈ ਕੀਤੇ ਗਏ ਉਪਰਾਲਿਆਂ ਬਾਰੇ ਵੀ ਦਰਸ਼ਕਾਂ ਨੂੰ ਜਾਣੂੰ ਕਰਵਾਇਆ ਗਿਆ।

ਜਿੱਥੇ ਵੀ ਇਹ ਸ਼ੋਅ ਕਰਵਾਇਆ ਗਿਆ ਉੱਥੋਂ ਦੀ ਪੂਰੀ ਫਿਜ਼ਾ ਅਤਿ ਆਧੁਨਿਕ ਤਕਨੀਕ ਰਾਹੀਂ ਪੇਸ਼ ਕੀਤੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ ਨਾਲ ਗੁਰੂ ਨਾਨਕ ਸਾਹਿਬ ਦੇ ਰੰਗ ਵਿਚ ਰੰਗੀ ਗਈ ਅਤੇ ਪੂਰਾ ਵਾਤਾਵਰਨ ਗੁਰੂ ਸਾਹਿਬ ਦੇ ਸੰਦੇਸ਼ ਨਾਲ ਮਹਿਕ ਉੱਠਿਆ। ਰੰਗ ਬਿਰੰਗੀਆਂ ਲਾਈਟਾਂ ਅਤੇ ਲੇਜ਼ਰ ਕਿਰਨਾਂ ਰਾਹੀਂ ਪਾਣੀ ਵਿੱਚੋਂ ਨਿਕਲੀਆਂ ਅਲੌਕਿਕ ਤਰੰਗਾਂ ਅਤੇ ਰੋਸ਼ਨੀਆਂ ਨਾਲ ਪੂਰਾ ਆਲਾ ਦੁਆਲਾ ਜਗਮਗਾ ਗਿਆ। ਇਨ੍ਹਾਂ ਪੇਸ਼ਕਾਰੀਆਂ ਨਾਲ ਅਧਿਆਤਮਕਤਾ ਦੀ ਅਜਿਹੀ ਧਾਰਾ ਵਗੀ, ਜਿਸਦੇ ਅਲੌਕਿਕ ਪ੍ਰਕਾਸ਼ ਨੇ ਪੂਰੀ ਲੋਕਾਈ ਨੂੰ ਗੁਰੂ ਦੇ ਰੰਗ 'ਚ ਰੰਗ ਦਿੱਤਾ।

ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਮਲਟੀਮੀਡੀਆ ਲਾਈਟ ਐਂਡ ਸਾਉੂਂਡ ਸ਼ੋਅ ਤੋਂ ਇਲਾਵਾ 4 ਨਵੰਬਰ ਤੋਂ 6 ਨਵੰਬਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ, 11 ਤੇ 13 ਨਵੰਬਰ ਨੂੰ ਪ੍ਰਸਿੱਧ ਗਾਇਕ ਹਰਭਜਨ ਮਾਨ, 14 ਤੇ 15 ਨਵੰਬਰ ਪੰਜਾਬੀ ਗਾਇਕ ਪੰਮਾ ਡੂਮੇਵਾਲ ਵਲੋਂ ਪੰਜਾਬੀ ਗੀਤਾਂ ਰਾਹੀਂ ਗੁਰੂ ਨਾਨਕ ਦੇਵ ਜੀ ਦਾ ਗੁਣਗਾਣ ਕੀਤਾ ਗਿਆ ਅਤੇ 7 ਤੋਂ 10 ਨਵੰਬਰ ਤਕ ਕਵੀਸ਼ਰ ਭਾਈ ਹਰਦੇਵ ਸਿੰਘ ਵਲੋਂ ਕਵੀਸ਼ਰੀ ਨਾਲ ਸੰਗਤ ਨੂੰ ਨਿਹਾਲ ਕੀਤਾ।

ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਇਸ ਅਤਿ ਆਧੁਨਿਕ ਤਕਨੀਕ ਰਾਹੀਂ ਲੋਕਾਂ ਤਕ ਗਰੂ ਸਾਹਿਬ ਦੇ ਸੰਦੇਸ਼ ਨੂੰ ਪਹੁੰਚਾਏ ਜਾਣ ਲਈ ਅਪਣਾਏ ਗਏ ਨਿਵੇਕਲੇ ਉਪਰਾਲੇ ਨੇ ਭਵਿੱਖ ਵਿਚ ਅਜਿਹੇ ਯਤਨ ਹੋਰ ਵੀ ਵੱਡੇ ਪੱਧਰ 'ਤੇ ਕੀਤੇ ਜਾਣ ਦੀ ਲੋੜ ਨੂੰ ਉਭਾਰਿਆ ਹੈ।

- ਗੁਰਮੀਤ ਸਿੰਘ ਖਹਿਰਾ

9780096101

Posted By: Harjinder Sodhi