ਜਗਤ ਗੁਰੂ ਨਾਨਕ ਦੇਵ ਜੀ ਦੀ ਬਹੁ-ਪੱਖੀ ਸ਼ਖ਼ਸੀਅਤ, ਮਾਨਵਤਾ ਨੂੰ ਅਦੁੱਤੀ ਦੇਣ ਤੇ ਬਾਣੀ ਦੀ ਵਿਸ਼ਾਲਤਾ ਅਤੇ ਗਹਿਰਾਈ ਇੰਨੀ ਵਿਲੱਖਣ ਹੈ ਕਿ ਉਸ ਠਾਠਾਂ ਮਾਰਦੇ ਮਹਾਸਾਗਰ ਦਾ ਥਾਹ ਪਾਉਣਾ ਅਸੰਭਵ ਜਾਪਦਾ ਹੈ। ਬਹੁਮੁੱਲੇ ਮੋਤੀ ਲੱਭਣ ਲਈ ਵਿਦਵਾਨਾਂ ਨੂੰ ਡੂੰਘੀਆਂ ਡੁਬਕੀਆਂ ਮਾਰਨੀਆਂ ਪੈਂਦੀਆਂ ਹਨ ਅਤੇ ਫਿਰ ਵੀ ਉਹ ਸੰਪੂਰਨ ਸਮਝ ਦਾ ਦਾਅਵਾ ਨਹੀਂ ਕਰ ਸਕਦੇ। ਮੈਂ ਇਥੇ ਸਿਰਫ਼ ਗੁਰੂ ਨਾਨਕ ਸਾਹਿਬ ਦੁਆਰਾ ਆਪਣੀ ਬਾਣੀ ਵਿਚ ਪ੍ਰਯੋਗ ਕੀਤੀ ਗਈ ਭਾਸ਼ਾ ਬਾਰੇ ਸਾਧਾਰਨ ਮਨੁੱਖ ਦੀ ਨਿਗੂਣੀ ਸਮਝ ਅਨੁਸਾਰ ਕੁਝ ਵਿਚਾਰ ਪ੍ਰਗਟ ਕਰ ਰਿਹਾ ਹਾਂ।

ਗੁਰੂ ਸਾਹਿਬ ਨੇ ਆਪਣੀਆਂ ਉਦਾਸੀਆਂ ਦੌਰਾਨ ਭਾਰਤ ਹੀ ਨਹੀਂ ਬਲਕਿ ਚਾਰੇ ਪਾਸੇ ਦੂਰ-ਦੁਰਾਡੇ ਦੇ ਦੇਸ਼ਾਂ ਦੀ ਯਾਤਰਾ ਕੀਤੀ। ਉੱਥੇ ਉਹ ਕਿਸ ਤਰ੍ਹਾਂ ਸੰਵਾਦ ਰਚਾਉਂਦੇ ਸਨ, ਇਹ ਕੋਈ ਭਾਸ਼ਾ ਵਿਗਿਆਨੀ ਹੀ ਦੱਸ ਸਕਦਾ ਹੈ। ਦੱਖਣੀ ਭਾਰਤ, ਸ੍ਰੀਲੰਕਾ, ਉੱਤਰ-ਪੂਰਬੀ ਭਾਰਤ, ਤਿੱਬਤ, ਨੇਪਾਲ, ਲੱਦਾਖ ਤੇ ਪੱਛਮ ਦੇ ਫ਼ਾਰਸੀ/ਅਰਬੀ ਭਾਸ਼ੀ ਇਸਲਾਮ ਧਰਮ ਵਾਲੇ ਵਿਭਿੰਨ ਦੇਸ਼ਾਂ ਵਿਚ ਗੋਸ਼ਟੀਆਂ ਕਰਨ ਵੇਲੇ ਗੁਰੂ ਜੀ ਨੂੰ ਉਨ੍ਹਾਂ ਖੇਤਰਾਂ ਦੀਆਂ ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਵੇਗਾ।

ਉਹ ਸ਼ਬਦ ਗਾਇਨ ਤਾਂ ਭਾਈ ਮਰਦਾਨੇ ਦੀ ਸੰਗਤ ਵਿਚ ਆਪਣੇ ਸੁਰੀਲੇ ਕੰਠ ਨਾਲ ਸ਼ਾਸਤਰੀ ਰਾਗਾਂ ਵਿਚ ਕਰਦੇ ਸਨ ਪਰ ਵਿਚਾਰ-ਵਟਾਂਦਰਾ ਇਕ-ਪੱਖੀ ਭਾਸ਼ਣਾਂ ਰਾਹੀਂ ਨਹੀਂ ਬਲਕਿ 'ਕਿਛੁ ਸੁਣੀਐ ਕਿਛੁ ਕਹੀਐ' ਦੇ ਸਿਧਾਂਤ ਨਾਲ ਕਰਦੇ ਸਨ। ਜੇ ਕੋਈ ਵਿਰੋਧੀ ਗੁੱਸੇ ਵਿਚ ਆ ਜਾਂਦਾ ਤਾਂ ਮੁਸਕਰਾ ਕੇ ਕਹਿ ਦਿੰਦੇ, “ਰੋਸ ਨ ਕੀਜੈ ਉਤਰ ਦੀਜੈ।'' ਸਪਸ਼ਟ ਹੈ ਕਿ ਉਹ ਕਈ ਭਾਸ਼ਾਵਾਂ ਦੇ ਗਿਆਤਾ ਸਨ।

ਬਾਣੀ ਦੀ ਰਚਨਾ ਸਮੇਂ ਗੁਰੂ ਜੀ ਨੇ ਆਮ ਆਦਮੀ ਨੂੰ ਸਮਝ ਆਉਣ ਵਾਲੀ ਭਾਸ਼ਾ ਚੁਣੀ। ਆਪਣੇ ਮਾਨਵਵਾਦੀ ਵਿਚਾਰਾਂ ਅਨੁਸਾਰ ਉਹ ਜਨ ਸਾਧਾਰਨ ਨੂੰ ਸਵਾਰਥੀ ਹਿੱਤਾਂ ਵਾਲੇ ਲੋਕਾਂ ਦੀ ਲੁੱਟ-ਖਸੁੱਟ ਤੋਂ ਮੁਕਤ ਕਰਨਾ ਚਾਹੁੰਦੇ ਸਨ ਜੋ ਸੰਸਕ੍ਰਿਤ ਵਿਚ ਰਚੇ ਗਏ ਗ੍ਰੰਥਾਂ ਦੀ ਵਿਆਖਿਆ ਕਰਨ ਨੂੰ ਲਾਹੇਵੰਦ ਪੇਸ਼ਾ ਬਣਾ ਕੇ ਪਰਮਾਤਮਾ ਦੇ ਦਲਾਲ ਬਣੇ ਬੈਠੇ ਸਨ। ਇਕ ਹੋਰ ਸੰਦਰਭ ਵਿਚ ਗੁਰੂ ਸਾਹਿਬ ਨੇ ਕਿਹਾ ਹੈ, “ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ' (ਅੰਗ 472)। ਇਸ ਮਨੋਰਥ ਨਾਲ ਗੁਰੂ ਸਾਹਿਬ ਨੇ ਸਭ ਖੇਤਰਾਂ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ। ਮਿਸਾਲ ਵਜੋਂ, ਉਨ੍ਹਾਂ ਨੇ ਹਰਿਆਣਾ-ਰਾਜਸਥਾਨ ਦੇ ਸ਼ਬਦ 'ਵਿਆਈ' (ਜਨਮ ਦਿੱਤਾ) ਅਤੇ 'ਥਾਰੇ' (ਤੁਹਾਡੇ) ਆਦਿ ਦੀ ਵੀ ਬਾਣੀ 'ਚ ਵਰਤੋਂ ਕੀਤੀ।

ਇਸ ਤੋਂ ਇਲਾਵਾ ਫ਼ਾਰਸੀ/ਅਰਬੀ ਦੇ ਸਲਾਮਤ, ਮਸਕਤ (ਮੁਸ਼ੱਕਤ), ਸੁਲਤਾਨ, ਕਰਮ (ਕ੍ਰਿਪਾ) ਆਦਿ ਸ਼ਬਦ ਵੀ ਨਾਨਕ ਬਾਣੀ ਵਿਚ ਪ੍ਰਯੋਗ ਕੀਤੇ ਗਏ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ 1972 ਵਿਚ ਪ੍ਰਕਾਸ਼ਿਤ ਕੀਤੀ ਗਈ ਕਿਤਾਬ 'ਹਾਈਮਨਸ ਆਫ ਗੁਰੂ ਨਾਨਕ' ਵਿਚ ਐਡਵੋਕੇਟ ਮਨਮੋਹਨ ਸਿੰਘ, ਚੰਡੀਗੜ੍ਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਇਨ੍ਹਾਂ ਸ਼ਬਦਾਂ ਦੇ ਅਰਥ ਬਾਖ਼ੂਬੀ ਕਰਦੇ ਹਨ। ਗੁਰੂ ਜੀ ਨੇ ਆਮ ਲੋਕਾਂ ਦੀ ਭਾਸ਼ਾ ਤੇ ਕਿਰਸਾਨੀ ਅਤੇ ਦੁਕਾਨਦਾਰੀ ਵਰਗੇ ਆਮ ਕਿੱਤਿਆਂ ਵਿੱਚੋਂ ਹਲ਼, ਸੁਹਾਗਾ, ਅਹਿਰਣ, ਖਲਾ ਆਦਿ ਬਿੰਬ ਵਰਤ ਕੇ ਆਤਮਾ, ਪਰਮਾਤਮਾ ਅਤੇ ਸੁਚੱਜੀ ਜੀਵਨ ਜਾਚ ਦੇ ਰਹੱਸ ਬੋਲਚਾਲ ਦੀ ਭਾਸ਼ਾ ਵਿਚ ਸਮਝਾਏ।

ਇਸ ਕਰਕੇ ਕੁਝ ਸਵਾਰਥੀ ਹਿੱਤਾਂ ਵਾਲੇ ਅਖੌਤੀ ਵਿਦਵਾਨਾਂ ਨੇ ਉਨ੍ਹਾਂ ਦੇ ਸੰਸਕ੍ਰਿਤ, ਫ਼ਾਰਸੀ ਤੇ ਅਰਬੀ ਭਾਸ਼ਾਵਾਂ ਦੇ ਗਿਆਨ ਬਾਰੇ ਸ਼ੰਕੇ ਉਤਪਨ ਕੀਤੇ ਹਨ, ਜੋ ਸਰਾਸਰ ਗ਼ਲਤ ਹਨ।

ਇਸ ਗੱਲ ਦੇ ਅਨੇਕ ਸਪਸ਼ਟ ਪ੍ਰਮਾਣ ਹਨ ਕਿ ਉਹ ਇਨ੍ਹਾਂ ਭਾਸ਼ਾਵਾਂ ਵਿਚ ਨਿਪੁੰਨ ਸਨ, ਮਿਸਾਲ ਵਜੋਂ ਸ੍ਰਿਸ਼ਟੀ ਦੀ ਉਤਪਤੀ ਬਾਰੇ ਮਨੁੱਖੀ ਅਗਿਆਨਤਾ ਪਰਗਟ ਕਰਦੇ ਹੋਏ ਉਨ੍ਹਾਂ ਨੇ ਜਪੁਜੀ ਸਾਹਿਬ ਵਿਚ ਕਿਹਾ ਹੈ :

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ

ਹਿੰਦੂ ਧਰਮ ਗ੍ਰੰਥ ਸੰਸਕ੍ਰਿਤ ਵਿਚ ਹਨ ਅਤੇ ਕੁਰਆਨ ਸ਼ਰੀਫ਼ ਅਰਬੀ ਭਾਸ਼ਾ ਵਿਚ ਹੈ। ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਇਹ ਸਾਰੇ ਪੜ੍ਹੇ ਹੋਏ ਸਨ ਪਰ ਆਪਣੀ ਸਵਤੰਤਰ ਵਿਚਾਰਧਾਰਾ ਰਾਹੀਂ ਉਹ ਇਨ੍ਹਾਂ ਤੋਂ ਬਹੁਤ ਉੱਪਰ ਉੱਠ ਗਏ।

ਗੁਰੂ ਨਾਨਕ ਦੇਵ ਜੀ ਨੇ ਫ਼ਾਰਸੀ ਬੋਲੀ ਵਿਚ ਚਾਰ ਸ਼ਬਦ ਰਚੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 721 'ਤੇ ਦਰਜ ਹਨ। ਸਾਫ਼ ਹੈ ਕਿ ਗੁਰੂ ਸਾਹਿਬ ਇਨ੍ਹਾਂ ਭਾਸ਼ਾਵਾਂ ਵਿਚ ਨਿਪੁੰਨ ਸਨ ਪਰ ਇਨ੍ਹਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਦੇ ਸਨ।

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ

ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ

ਭਾਵ, ਮੈਂ ਤੇਰੇ ਅੱਗੇ ਇਕ ਬੇਨਤੀ ਉਚਾਰਨ ਕਰਦਾ ਹਾਂ। ਤੂੰ ਇਸ ਨੂੰ ਸਰਵਣ ਕਰ, ਹੇ ਮੇਰੇ ਸਿਰਜਣਹਾਰ! ਤੂੰ ਸੱਚਾ, ਵੱਡਾ, ਦਇਆਵਾਨ ਤੇ ਸੰਪੂਰਨ ਪਾਲਣ-ਪੋਸ਼ਣਹਾਰ ਹੈਂ।

ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ

ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ

ਭਾਵ, ਇਹ ਸੰਸਾਰ ਇਕ ਨਾਸ਼ਵਾਨ ਟਿਕਾਣਾ ਹੈ, ਇਸ ਨੂੰ ਆਪਣੇ ਮਨ ਵਿਚ ਸੱਚ ਕਰ ਕੇ ਜਾਣ। ਮੌਤ ਦੇ ਦੂਤ 'ਅਜ਼ਰਾਈਲ' ਨੇ ਮੈਨੂੰ ਸਿਰ ਦੇ ਵਾਲ਼ਾਂ ਤੋਂ ਫੜਿਆ ਹੋਇਆ ਹੈ, ਪ੍ਰੰਤੂ ਆਪਣੇ ਦਿਲ ਵਿਚ ਮੈਨੂੰ ਇਸ ਦਾ ਬਿਲਕੁਲ ਹੀ ਪਤਾ ਨਹੀਂ।

ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ

ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ

ਭਾਵ, ਪਤਨੀ, ਪੁੱਤਰ, ਪਿਤਾ ਅਤੇ ਭਰਾ, ਇਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰਾ ਹੱਥ ਨਹੀਂ ਫੜਨਾ। ਅੰਤ ਨੂੰ ਜਦੋਂ ਮੈਂ ਡਿੱਗ ਪਵਾਂਗਾ ਤੇ ਅਖ਼ੀਰਲੀ ਅਰਦਾਸ ਦਾ ਵੇਲਾ ਆਵੇਗਾ ਤਾਂ ਕੋਈ ਜਣਾ ਵੀ ਮੈਨੂੰ ਬਚਾਉਣ ਵਾਲਾ ਨਹੀਂ ਹੋਵੇਗਾ।

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ

ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ

ਰਾਤ ਦਿਨ ਮੈਂ ਲਾਲਚ ਅੰਦਰ ਭਟਕਦਾ ਹਾਂ ਅਤੇ ਮੰਦਾ ਚਿਤਵਦਾ ਤੇ ਕਰਦਾ ਹਾਂ। ਮੈਂ ਕਦੇ ਵੀ ਚੰਗੇ ਅਮਲ ਨਹੀਂ ਕਮਾਉਂਦਾ, ਇਸ ਤਰ੍ਹਾਂ ਦੀ ਹੈ ਮੇਰੀ ਅਵਸਥਾ।

ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ ਬੇਬਾਕ

ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾਖਾਕ

ਭਾਵ, ਮੈਂ ਨਿਕਰਮਣ, ਨਾਲ ਹੀ ਕੰਜੂਸ, ਅਚੇਤ ਬੇਸ਼ਰਮ ਅਤੇ ਤੇਰੇ ਡਰ ਤੋਂ ਰਹਿਤ ਹਾਂ। ਨਾਨਕ ਆਖਦਾ ਹੈ, ਮੈਂ ਤੇਰਾ ਦਾਸ ਹਾਂ ਅਤੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਹਾਂ।

- ਪ੍ਰੋ. ਬਸੰਤ ਸਿੰਘ ਬਰਾੜ

98149-41214

Posted By: Harjinder Sodhi