ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਕਰਵਾਏ ਜਾ ਰਹੇ ਸਮਾਗਮਾਂ ਦੇ ਸਬੰਧ ਵਿਚ 40 ਏਕੜ ਜ਼ਮੀਨ ਵਿਚ ਸ਼ਰਧਾਲੂਆਂ ਦੇ ਰੈਣ ਬਸੇਰੇ ਲਈ ਨਿਰਮਾਣ ਕੀਤੀ ਜਾ ਰਹੀ ਟੈਂਟ ਸਿਟੀ ਦਾ ਨਿਰਮਾਣ ਦਿਨ ਰਾਤ ਚੱਲ ਰਿਹਾ ਹੈ ਅਤੇ ਆਉਂਦੇ ਦੋ ਤਿੰਨ ਦਿਨਾਂ ਤੋਂ ਬਾਅਦ ਪੰਡਾਲ ਲਗਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਗੁਰਦਾਸਪੁਰ, ਰਮਦਾਸ, ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ 354 ਦੇ ਪਿੰਡ ਮਾਨ ਕਰਤਾਰਪੁਰ ਲਾਂਘੇ ਦੇ ਸਾਹਮਣੇ 40 ਏਕੜ ਜ਼ਮੀਨ ਵਿਚ ਟੈਂਟ ਸਿਟੀ ਦਾ ਨਿਰਮਾਣ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਬਰਸਾਤਾਂ ਹੋਣ ਕਾਰਨ ਟੈਂਟ ਸਿਟੀ ਦਾ ਨਿਰਮਾਣ ਪ੍ਰਭਾਵਿਤ ਹੋਇਆ ਸੀ ਪਰ ਇਸ ਤੋਂ ਬਾਅਦ ਮੌਸਮ ਸਾਫ਼ ਹੋਣ ਕਾਰਨ 40 ਏਕੜ ਜ਼ਮੀਨ ਵਿਚ ਟੈਂਟ ਸਿਟੀ ਦਾ ਨਿਰਮਾਣ ਦਿਨ ਰਾਤ ਕੀਤਾ ਜਾ ਰਿਹਾ ਹੈ ਤਾਂ ਜੋ ਨਵੰਬਰ ਮਹੀਨੇ ਤੋਂ ਪਹਿਲਾਂ ਮੁਕੰਮਲ ਹੋ ਸਕੇ।

ਟੈਂਟ ਸਿਟੀ ਦਾ ਨਿਰਮਾਣ ਕਰ ਰਹੇ ਪ੍ਰੀਤਮ ਮੋਦੀ ਨੇ ਦੱਸਿਆ ਕਿ ਇਹ ਨਿਰਮਾਣ ਦਿਨ ਰਾਤ ਲਾਈਟਾਂ ਦੇ ਸਹਾਰੇ ਕਰੀਬ 200 ਦੇ ਕਰੀਬ ਕਾਮਿਆਂ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਟੈਂਟ ਸਿਟੀ 'ਚ 600 ਪਖਾਨੇ ਤਿਆਰ ਹੋਣਗੇ, ਜਿਨ੍ਹਾਂ 'ਚੋਂ 400 ਪਖਾਨਿਆਂ ਵਿਚ ਇੰਗਲਿਸ਼ ਸੀਟ ਵਾਲੇ ਅਤੇ 200 ਪਖਾਨਿਆਂ ਵਿਚ ਦੇਸੀ ਸੀਟਾਂ ਲਗਾਈਆਂ ਜਾਣਗੀਆਂ। ਇਨ੍ਹਾਂ ਵਿਚੋਂ 280 ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਪਾਣੀ ਲਈ 8 ਟਿਊਬਵੈੱਲਾਂ ਦੇ ਬੋਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਉਂਦੇ ਦੋ ਦਿਨਾਂ ਵਿਚ ਟੈਂਟ ਸਿਟੀ ਦਾ ਪੰਡਾਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।