ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਮਵਰ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਡਾ. ਐੱਸਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਵਾਉਣ ਲਈ ਸ੍ਰੀ ਗੁਰੂ ਗ੍ੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਡੇ ਸਹਿਯੋਗ ਸਦਕਾ ਵਿਸ਼ੇਸ਼ ਬੱਸ 21 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸਪੀ ਸਿੰਘ ਓਬਰਾਏ ਤੇ ਡਾ.ਸਰਬਜਿੰਦਰ ਸਿੰਘ ਪ੍ਰੋਫੈਸਰ ਤੇ ਮੁਖੀ ਸ੍ਰੀ ਗੁਰੂ ਗ੍ੰਥ ਸਾਹਿਬ ਅਧਿਐਨ ਵਿਭਾਗ ਨੇ ਦੱਸਿਆ ਕਿ ਟਰੱਸਟ ਵੱਲੋ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਸ ਵਿਸ਼ੇਸ਼ ਬੱਸ 'ਚ 16 ਪੁਰਾਤਨ ਦੁਰਲੱਭ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤੇ ਜਾਣਗੇ।

ਇਸ ਬੱਸ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਉਪ ਕੁਲਪਤੀ ਡਾ. ਬੀਐੱਸ ਘੁੰਮਣ ਆਦਿ ਡਾ. ਐੱਸਪੀ ਸਿੰਘ ਓਬਰਾਏ ਦੀ ਮੌਜੂਦਗੀ 'ਚ 21 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ੰਥ ਸਾਹਿਬ ਭਵਨ ਦੇ ਸਾਹਮਣਿਓਂ ਰਵਾਨਾ ਕਰਨਗੇ, ਜਿਸ ਦਾ ਪਹਿਲਾ ਪੜਾਅ ਪਟਿਆਲਾ ਸ਼ਹਿਰ ਹੋਵੇਗਾ ਤੇ ਉਪਰੰਤ ਇਹ ਬੱਸ ਨਿਰਧਾਰਤ ਕੀਤੇ ਰੂਟ ਅਨੁਸਾਰ ਪਟਿਆਲਾ ਤੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗੀ।

ਦੂਜੇ ਪੜਾਅ ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਇਸ ਉਪਰੰਤ ਇਹ ਬੱਸ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਵਾਲੇ ਦੋ ਤਖ਼ਤ ਸਾਹਿਬਾਨ ਤਕ ਵੀ ਜਾਵੇਗੀ, ਜਿਸ ਦੌਰਾਨ ਲੱਖਾਂ ਦੀ ਗਿਣਤੀ 'ਚ ਸੰਗਤ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰ ਸਕੇਗੀ।

ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਰੂਪ ਸੋਨੇ, ਹੀਰੇ ਤੇ ਲਾਲਾਂ ਤੋਂ ਬਣੀ ਸਿਆਹੀ ਨਾਲ ਤਿਆਰ ਕੀਤੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ੰਥ ਸਾਹਿਬ ਵਿਭਾਗ ਵੱਲੋਂ ਡੂੰਘੀ ਖੋਜ ਕਰਨ ਉਪਰੰਤ ਕੁਝ ਨਾਨਕ ਨਾਮ ਲੇਵਾ ਸਿੱਖ ਘਰਾਣਿਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਸਾਂਭੇ ਗਏ ਇਨ੍ਹਾਂ ਦੁਰਲੱਭ ਹੱਥ ਲਿਖਤ ਸਰੂਪਾਂ ਨੂੰ ਇਕੱਤਰ ਕੀਤਾ ਗਿਆ ਹੈ।

ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੋਜਾਰਥੀ ਪੂਰਨ ਮਰਿਆਦਾ ਨਾਲ ਇਸ ਬੱਸ ਦੀ ਸਾਂਭ- ਸੰਭਾਲ ਕਰਨਗੇ ਤੇ ਦੁਰਲੱਭ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਦੀਦਾਰੇ ਕਰਵਾਉਣਗੇ। ਇਸ ਬੱਸ 'ਤੇ ਲੱਗਿਆ ਡਿਜੀਟਲ ਡਿਸਪਲੇਅ ਬੋਰਡ ਇਨ੍ਹਾਂ ਸਰੂਪਾਂ ਬਾਰੇ ਪੰਜਾਬ 'ਚ ਪੰਜਾਬੀ ਤੇ ਅੰਗਰੇਜ਼ੀ 'ਚ ਜਦਕਿ ਹੋਰਨਾਂ ਸੂਬਿਆਂ ਦੇ ਸਫ਼ਰ ਦੌਰਾਨ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਤੇ ਅੰਗਰੇਜ਼ੀ 'ਚ ਜਾਣਕਾਰੀ ਦੇਵੇਗਾ ਤੇ ਦਰਸ਼ਨਾਂ ਦੌਰਾਨ ਉਚੇਚੇ ਤੌਰ 'ਤੇ ਤਿਆਰ ਕਰਵਾਈ ਇਹ ਬੱਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।