ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਦਰਮਿਆਨੀ ਰਾਤ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਨਨਕਾਣੇ ਦਾ 550ਵਾਂ ਪ੍ਰਕਾਸ਼ ਪੁਰਬ ਸਮਾਗਮ ਅਤੇ 6ਵਾਂ ਅਰਧ ਸ਼ਤਾਬਦੀ ਮੇਲਾ ਸਮਾਪਤ ਹੋਇਆ।

ਇਸ ਮੌਕੇ ਦੁਨੀਆ ਭਰ ਤੋਂ ਸਿੱਖ ਸੰਗਤ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜੀ। ਦੇਸ਼-ਵਿਦੇਸ਼ਾਂ ਤੋਂ ਆਏ ਕੀਰਤਨੀ ਜਥਿਆਂ ਨੇ ਗੁਰੂ ਜਸ ਗਾਇਨ ਕਰ ਕੇ ਸੰਗਤ ਨੂੰ ਬਾਣੀ ਨਾਲ ਜੋੜਿਆ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਅਰਦਾਸ ਗਿਆਨੀ ਪ੍ਰਰੇਮ ਸਿੰਘ ਨੇ ਕੀਤੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ ਕੀਤੀ ਗਈ ਅਤੇ ਸਮਾਪਤੀ ਸਮੇਂ ਅਲੌਕਿਕ ਆਤਿਸ਼ਬਾਜ਼ੀ ਵੀ ਕੀਤੀ ਗਈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਆਏ ਯਾਤਰੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਖੁੱਲ੍ਹੇ ਦਿਲੀਂ ਵੀਜ਼ੇ ਜਾਰੀ ਕੀਤੇ ਪਰ ਅਫ਼ਸੋਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਯਾਤਰੂ ਹੀ ਨਹੀਂ ਲਿਆ ਸਕੀਆਂ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਤੋਂ ਉਨ੍ਹਾਂ ਨੂੰ 10 ਹਜ਼ਾਰ ਯਾਤਰੂਆਂ ਦੀ ਆਸ ਸੀ ਪਰ ਸਿਰਫ਼ 4500 ਯਾਤਰੂ ਹੀ ਪੁੱਜੇ। ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਆਪਣੇ ਦਿਨ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ।

ਇਸ ਮੌਕੇ ਸਾਈਂ ਮੀਆਂ ਮੀਰ ਦਰਬਾਰ ਦੇ ਗੱਦੀਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਨੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਇਕ ਰੁਬਾਬ ਭੇਟ ਕੀਤੀ। ਰੁਬਾਬ ਭੇਟ ਕਰਨ ਦੀ ਸੇਵਾ ਉਨ੍ਹਾਂ ਭਾਈ ਮਰਦਾਨਾ ਜੀ ਦੇ ਪਰਿਵਾਰਕ ਮੈਂਬਰ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਅਤੇ ਭਾਈ ਸਰਫਰਾਜ ਨੂੰ ਦਿੱਤੀ।

ਇਸ ਮੌਕੇ ਸਾਈਂ ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਬਾਬਾ ਨਾਨਕ ਨਾਲ ਸਾਰੀ ਉਮਰ ਬਿਤਾਉਣ ਵਾਲੇ ਬਾਬੇ ਦੇ ਪਿਆਰੇ ਸਿੱਖ ਭਾਈ ਮਰਦਾਨਾ ਜੀ ਦੀ ਯਾਦ ਇਸ ਅਸਥਾਨ 'ਤੇ ਹੋਣੀ ਜ਼ਰੂਰੀ ਹੈ। ਇਸ ਮੌਕੇ ਰਾਏ ਬੁਲਾਰ ਦੇ ਪਰਿਵਾਰ ਦੇ ਰਾਏ ਅਕਰਮ ਭੱਟੀ ਨੇ ਕਿਹਾ ਕਿ ਸਿੱਖ ਵਿਰਾਸਤ ਦਾ ਅਹਿਮ ਪਾਤਰ ਰਾਏ ਬੁਲਾਰ, ਭਾਈ ਮਰਦਾਨਾ ਅਤੇ ਸਾਈਂ ਮੀਆਂ ਮੀਰ ਨੂੰ ਸਿੱਖ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਸ ਮੌਕੇ ਰਾਏ ਸਲੀਮ ਅਖਤਰ ਭੱਟੀ, ਰਾਏ ਬਿਲਾਲ ਭੱਟੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੁਹ, ਭਾਈ ਚਰਨਜੀਤ ਸਿੰਘ ਜੱਸੋਵਾਲ, ਸਾਬਕਾ ਮੈਂਬਰ ਬੀਬੀ ਰਵਿੰਦਰ ਕੌਰ, ਓਕਾਫ਼ ਬੋਰਡ ਦੇ ਡਿਪਟੀ ਸੈਕਟਰੀ ਇਮਰਾਨ ਗੋਂਦਲ, ਮਸਤਾਨ ਸਿੰਘ, ਤਾਰੂ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਸਾਗਰ ਸਿੰਘ, ਡਾ. ਮੀਮਪਾਲ ਸਿੰਘ, ਵਿਕਾਸ ਸਿੰਘ, ਡਾ. ਸਾਗਰ ਜੀਤ ਸਿੰਘ, ਸਰਬਤ ਸਿੰਘ ਤੇ ਮੈਂਬਰ ਸੇਵਾ ਸਿੰਘ ਆਦਿ ਮੌਜੂਦ ਸਨ।