ਜੇਐੱਨਐੱਨ, ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ (ਐੱਮਓਪੀ ਅਤੇ ਐੱਨਜੀ), ਭਾਰਤ ਸਰਕਾਰ ਨੂੰ ਸਾਲ 2019-20 ਵਿਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕੀਤਾ ਗਿਆ ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀਡੀਐੱਸ ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਸਿਨਹਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਸਰਗਰਮੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਸਰਗਰਮੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਕਰਵਾਏ ਜਾ ਰਹੇ ਹਨ। ਅਜਿਹੀਆਂ ਸਾਰੀਆਂ ਸਰਗਰਮੀਆਂ ਵਿਚ ਸੰਗਤ/ਆਮ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਜਿਸ ਕਰਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿਚ ਤੇਲ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ ''ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿਚ ਪ੍ਰਦੂਸ਼ਣ ਵਧੇਗਾ ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ, ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁਕਵੇਂ ਅਤੇ ਵੱਡੇ ਪੱਧਰ 'ਤੇ ਮਨਾਉਣ ਲਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਐਂਡ ਐਨ.ਜੀ.), ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।

ਜ਼ਿਲ੍ਹਾਵਾਰ ਵੰਡ ਮੁਤਾਬਕ ਅੰਮ੍ਰਿਤਸਰ ਲਈ 636 ਕਿਲੋ ਲੀਟਰ, ਬਰਨਾਲਾ ਲਈ 96 ਕਿਲੋ ਲੀਟਰ, ਬਠਿੰਡਾ ਲਈ 444 ਕਿਲੋ ਲੀਟਰ, ਫਰੀਦਕੋਟ ਲਈ 156 ਕਿਲੋ ਲੀਟਰ, ਫਤਿਹਗੜ੍ਹ ਸਾਹਿਬ ਲਈ 72 ਕਿਲੋ ਲੀਟਰ, ਫਾਜ਼ਿਲਕਾ ਲਈ 588 ਕਿਲੋ ਲੀਟਰ, ਫਿਰੋਜ਼ਪੁਰ ਲਈ 480 ਕਿਲੋ ਲੀਟਰ, ਗੁਰਦਾਸਪੁਰ ਲਈ 480 ਕਿਲੋ ਲੀਟਰ, ਹੁਸ਼ਿਆਰਪੁਰ ਲਈ 288 ਕਿਲੋ ਲੀਟਰ, ਜਲੰਧਰ ਲਈ 252 ਕਿਲੋ, ਕਪੂਰਥਲਾ ਲਈ 240 ਕਿਲੋ ਲੀਟਰ, ਲੁਧਿਆਣਾ ਲਈ 180 ਕਿਲੋ ਲੀਟਰ, ਮਾਨਸਾ ਲਈ 204 ਕਿਲੋ ਲੀਟਰ, ਮੋਗਾ ਲਈ 180 ਕਿਲੋ ਲੀਟਰ, ਪਠਾਨਕੋਟ ਲਈ 216 ਕਿਲੋ ਲੀਟਰ, ਪਟਿਆਲਾ ਲਈ 228 ਕਿਲੋ ਲੀਟਰ, ਰੂਪਨਗਰ ਲਈ 96 ਕਿਲੋ ਲੀਟਰ, ਸੰਗਰੂਰ ਲਈ 300 ਕਿਲੋ ਲੀਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ , ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਲਈ ਕ੍ਰਮਵਾਰ 72,48, 360 ਅਤੇ 576 ਕਿੱਲੋ ਲੀਟਰ ਗੈਰ-ਸਬਸਿਡੀ ਵਾਲੇ ਪੀ.ਡੀ.ਐਸ. ਮਿੱਟੀ ਦੇ ਤੇਲ ਅਲਾਟ ਕੀਤਾ ਗਿਆ ਹੈ।

ਧਾਰਮਿਕ ਸਰਗਰਮੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ ਅਤੇ ਲੰਗਰ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਸੁਖਮਨੀ ਸੁਸਾਇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ ਆਦਿ ਰਾਹੀਂ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਵੱਖ-ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਵਿਖੇ ਆਯੋਜਿਤ ਕੀਤੇ ਜਾਣਗੇ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਬਿਨਾਂ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਅਲਾਟਮੈਂਟ ਲਈ ਕੋਈ ਸਬਸਿਡੀ ਨਹੀਂ ਹੁੰਦੀ, ਇਸ ਲਈ ਮਿੱਟੀ ਦੇ ਤੇਲ ਦੀ ਅਲਾਟਮੈਂਟ ਮੌਜੂਦਾ ਥੋਕ ਵਿਕਰੇਤਾਵਾਂ ਵਲੋਂ ਉਕਤ ਅਦਾਰਿਆਂ ਨੂੰ ਸਿੱਧੇ ਹੀ ਕੀਤੀ ਜਾਵੇਗੀ।

Posted By: Susheel Khanna