ਇਸ 'ਚ ਸੰਦੇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦੇਸ਼ ਦੀ ਹਾਲਤ ਰਸਾਤਲ ਦੀ ਹੱਦ ਤਕ ਡਿੱਗ ਚੁੱਕੀ ਸੀ। ਗੁਰੂ ਸਾਹਿਬ ਦੇ ਸਮੇਂ ਹਿੰਦੂ (ਸਨਾਤਨ ਧਰਮ) ਤੇ ਇਸਲਾਮ ਸਮਾਨਾਂਤਰ ਰੂਪ 'ਚ ਪ੍ਰਚਲਿਤ ਸਨ ਪਰ ਦੋਵੇਂ ਸੱਭਿਆਚਾਰ ਇਕ-ਦੂਜੇ ਦੇ ਵਿਰੋਧੀ ਸਨ। ਹਾਕਮ ਧਿਰ ਮੁਸਲਮਾਨ ਸੀ, ਉਨ੍ਹਾਂ ਨੇ ਹਿੰਦੂ ਸ਼ਾਸ਼ਕਾਂ ਕੋਲੋਂ ਸੱਤਾ ਹਥਿਆ ਕੇ ਵਿਲਾਸ ਤੇ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰਨਾ ਤੇ ਹਿੰਦੂ ਪਰਜਾ 'ਤੇ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਸਮਾਜ ਵਿਚ ਜਾਤ-ਪਾਤ, ਛੂਤ-ਛਾਤ ਆਦਿ ਕੁਰੀਤੀਆਂ ਦਾ ਬੋਲਬਾਲਾ ਸੀ। ਸਮਾਜ ਦੇ ਹਰ ਵਰਗ ਤੇ ਹਰ ਖੇਤਰ 'ਚ ਹਨੇਰਗਰਦੀ ਸੀ। ਭਾਈ ਗੁਰਦਾਸ ਜੀ ਅਨੁਸਾਰ ਲੋਕਾਈ ਦੀ ਅਰਜ਼ੋਈ ਸੁਣ ਕੇ ਪਰਮਾਤਮਾ ਨੇ ਗੁਰੁ ਨਾਨਕ ਸਾਹਿਬ ਨੂੰ ਜਗਤ ਦੇ ਪਰਉਪਕਾਰ ਲਈ ਭੇਜਿਆ :

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆ

ਗੁਰੂ ਸਾਹਿਬ ਨੇ ਸੱਚ ਤੋਂ ਭਟਕੀ ਤੇ ਫੋਕਟ ਕਰਮਕਾਡਾਂ 'ਚ ਉਲਝੀ ਲੋਕਾਈ ਨੂੰ ਉਪਦੇਸ਼ ਦੇਣ ਹਿੱਤ ਚਾਰ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਹੋਰ ਧਾਰਮਿਕ ਆਗੂਆਂ ਵਾਂਗ ਉਪਦੇਸ਼ ਦੇਣ ਤਕ ਹੀ ਸੀਮਤ ਨਹੀਂ ਸਨ ਸਗੋਂ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਧਾਰਮਿਕ ਆਗੂਆਂ ਨਾਲ ਵਿਚਾਰ ਚਰਚਾ ਕਰਦੇ ਤੇ ਉਨ੍ਹਾਂ ਨੂੰ ਧਰਮ ਦੇ ਅਸਲ ਮਨੋਰਥ ਨੂੰ ਸਮਝਣ ਦਾ ਯਤਨ ਕਰਦੇ। ਭਾਈ ਗੁਰਦਾਸ ਜੀ ਅਨੁਸਾਰ ਗੁਰੂ ਸਾਹਿਬ ਨੇ ਉਦਾਸੀਆਂ ਰਾਹੀਂ ਸ੍ਰਿਸ਼ਟੀ ਦਾ ਭ੍ਰਮਣ ਕਰ ਕੇ ਲੋਕਾਈ ਦਾ ਪਾਰ ਉਤਾਰਾ ਕੀਤਾ ਤੇ ਸੱਚ ਦਾ ਮਾਰਗ ਦਿਖਾਇਆ :

ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ

ਗੁਰਮੁਖਿ ਕਲਿ ਵਿਚ ਪਰਗਟ ਹੋਆ।

ਗੁਰੂ ਸਾਹਿਬ ਨੇ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ ਤੇ ਸੰਸਥਾਵਾਂ ਦੀ ਨੀਂਹ ਰੱਖੀ। ਉਨ੍ਹਾਂ ਨੇ ਪਰਮਾਤਮਾ ਦੀ ਬੰਦਗੀ 'ਤੇ ਜ਼ੋਰ ਦਿੰਦੇ ਹੋਏ ਜਾਤ-ਪਾਤ, ਵਰਣ-ਵੰਡ ਆਦਿ ਭੇਦ-ਭਾਵ ਦਾ ਖੰਡਨ ਕੀਤਾ। ਉਨ੍ਹਾਂ ਅਜਿਹੇ ਸਮਾਜ ਦੀ ਨੀਂਹ ਰੱਖੀ ਜੋ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਸੀ, ਜਿਸ ਦਾ ਆਧਾਰ ਪ੍ਰੇਮ, ਸਦਭਾਵਨਾ ਤੇ ਸਾਂਝੀਵਾਲਤਾ ਸੀ। ਗੁਰੂ ਸਾਹਿਬ ਦੀ ਬਾਣੀ ਧਰਮ, ਨੈਤਿਕਤਾ, ਸਾਹਿਤ ਤੇ ਸੰਗੀਤ ਦਾ ਅਦੁੱਤੀ ਸੁਮੇਲ ਹੈ। ਉਦਾਸੀਆਂ ਉਪਰੰਤ ਉਨ੍ਹਾਂ ਨੇ ਰਾਵੀ ਦਰਿਆ ਕੰਢੇ ਕਰਤਾਰਪੁਰ ਨਗਰ ਵਸਾਇਆ, ਜਿੱਥੇ ਉਹ ਲਗਪਗ 18 ਸਾਲ ਰਹੇ। ਉੱਥੇ ਉਨ੍ਹਾਂ ਲੋਕਾਈ ਨੂੰ ਸੱਚੇ ਧਰਮ ਦੇ ਅਰਥ ਸਮਝਾਉਣ ਹਿੱਤ ਸਿਧਾਂਤਕ ਤੇ ਵਿਹਾਰਕ ਕਾਰਜ ਕੀਤੇ। ਗੁਰੂ ਸਾਹਿਬ ਨੇ ਕਈ ਸੰਸਥਾਵਾਂ ਦਾ ਬਾਨਣੂ ਬੰਨ੍ਹਿਆ, ਜਿਸ ਨਾਲ ਸਮਾਜ 'ਚ ਅਨੁਸ਼ਾਸਨ ਵਧਿਆ ਤੇ ਸਿੱਖ ਪੰਥ ਦੀ ਵਿਲੱਖਣ ਹੋਂਦ ਕਾਇਮ ਹੋਈ। ਇਨ੍ਹਾਂ ਸੰਸਥਾਵਾਂ ਨੇ ਸਿੱਖ ਸੱਭਿਆਚਾਰ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਈ।

ਧਰਮਸਾਲ

ਧਰਮਸਾਲ ਦਾ ਕੋਸ਼ਗਤ ਅਰਥ ਹੈ ਜਿੱਥੇ ਧਰਮ ਦੀ ਕਿਰਿਆ ਹੋਵੇ, ਧਰਮ ਕਮਾਉਣ ਦੀ ਥਾਂ, ਲੋੜਵੰਦਾਂ ਨੂੰ ਨਿਵਾਸ ਤੇ ਅੰਨ ਮਿਲੇ ਅਤੇ ਵਿੱਦਿਆ ਸਿਖਾਈ ਜਾਵੇ। ਸ੍ਰੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿਚ ਧਰਮਸਾਲ ਦੇ ਅਰਥ ਧਰਮ ਦੀ ਥਾਂ, ਜਿੱਥੇ ਧਰਮ-ਅਧਰਮ ਦਾ ਵਿਚਾਰ ਹੋਵੇ, ਭਜਨ, ਬੰਦਗੀ, ਕੀਰਤਨ, ਵਿੱਦਿਅਕ ਆਦਿ ਪ੍ਰਬੰਧ ਕੀਤੇ ਹੁੰਦੇ ਹਨ। ਗੁਰੂ ਨਾਨਕ ਸਾਹਿਬ ਨੇ ਬਾਣੀ ਵਿਚ ਜਿੱਥੇ ਧਰਮਸਾਲ ਨੂੰ ਦੈਵੀ ਰੁਤਬਾ ਪ੍ਰਦਾਨ ਕੀਤਾ, ਉੱਥੇ ਧਰਮਸਾਲ ਦਾ ਘੇਰਾ ਏਨਾਂ ਵਿਸ਼ਾਲ ਚਿਤਰਿਆ, ਜਿਸ ਨੇ ਸਾਰੀ ਧਰਤੀ ਨੂੰ ਧਰਮਸਾਲ ਦੇ ਕਲਾਵੇ 'ਚ ਲੈ ਆਂਦਾ ਹੈ।

'ਜਨਮਸਾਖੀਆਂ' ਅਨੁਸਾਰ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ 'ਤੁਲੰਬਾ' ਨਗਰ 'ਚ ਭਾਈ ਸੱਜਣ ਦੇ ਘਰ ਧਰਮਸਾਲ ਦੀ ਸਥਾਪਨਾ ਕੀਤੀ। ਭਾਈ ਗੁਰਦਾਸ ਜੀ ਅਨੁਸਾਰ ਗੁਰੂ ਸਾਹਿਬ ਦੀ ਚਰਨ ਛੋਹ ਨਾਲ ਹਰ ਘਰ ਧਰਮਸਾਲ ਬਣ ਗਿਆ ਤੇ ਉਸ ਘਰ ਅੰਦਰੋਂ ਕਿਰਤ ਤੇ ਪਰਮਾਤਮਾ ਦੀ ਵਡਿਆਈ ਦੀਆਂ ਧੁੰਨਾਂ ਗੂੰਜਣ ਲੱਗੀਆਂ :

ਘਰ-ਘਰ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ

ਇਹ ਧਰਮਸਾਲ ਆਤਮਿਕ ਸ਼ਾਂਤੀ ਦਾ ਕੇਂਦਰ ਸਨ ਤੇ ਉੱਥੇ ਲੋੜਵੰਦਾਂ ਦੀ ਸਹਾਇਤਾ, ਮਹਿਮਾਨ ਨੂੰ ਰੋਟੀ, ਵਸਤਰ, ਨਿਵਾਸ ਲਈ ਜਗ੍ਹਾ ਆਦਿ ਮਿਲਣ ਦੀ ਆਸ ਵੀ ਬੱਝੀ। 'ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ', 'ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਸਿੱਖਾਂ ਕੀ' ਵਰਗੇ ਸੰਕਲਪ ਮੌਲਣੇ ਸ਼ੁਰੂ ਹੋਏ। ਧਰਮਸਾਲ 'ਚ ਆ ਕੇ ਕੋਈ ਵਿਅਕਤੀ ਕਥਾ-ਵਾਰਤਾ ਸੁਣ ਸਕਦਾ ਸੀ। ਕਿਸੇ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ ਸੀ।

ਸੰਗਤ

'ਸੰਗਤ' ਦਾ ਅਰਥ ਹੈ ਜਥਾ, ਭਾਈਚਾਰਾ ਤੇ ਸਭਾ। ਸਿੱਖ ਸੱਭਿਆਚਾਰ 'ਚ ਸੰਗਤ ਤੋਂ ਭਾਵ ਉਨ੍ਹਾਂ ਵਿਅਕਤੀਆਂ ਦਾ ਸਮੂਹ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਧਾਰਮਿਕ ਉਦੇਸ਼ ਜਾਂ ਪਰਮਾਤਮਾ ਦੀ ਸਿਫ਼ਤ-ਸਲਾਹ ਲਈ ਇਕੱਠੇ ਹੋਏ ਹੋਣ। ਗੁਰੂ ਸਾਹਿਬ ਜਦੋਂ ਸੁਲਤਾਨਪੁਰ ਤੋਂ ਚੱਲ ਕੇ ਵੱਖ-ਵੱਖ ਥਾਵਾਂ 'ਤੇ ਗਏ ਤਾਂ ਲੋਕ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਪੈਰੋਕਾਰ ਬਣੇ। ਗੁਰੂ ਸਾਹਿਬ ਉਸ ਸਥਾਨ ਦੀ ਜ਼ਿੰਮੇਵਾਰੀ ਇਕ ਸਿੱਖ ਨੂੰ ਸੌਂਪ ਕੇ ਅਗਲੇ ਪੜਾਅ ਲਈ ਰਵਾਨਾ ਹੋ ਜਾਂਦੇ । 'ਸੰਗਤ' ਦਾ ਸਮੂਹ ਗੁਰੂ ਸਾਹਿਬ ਦੇ ਉਸ ਸਥਾਨ ਤੋਂ ਜਾਣ ਉਪਰੰਤ ਵੀ ਸਮੇਂ-ਸਮੇਂ 'ਤੇ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ ਬਾਰੇ ਵਿਚਾਰ ਵਟਾਂਦਰਾ ਕਰਦੇ। ਕਰਤਾਰਪੁਰ ਦੀ ਸਥਾਪਨਾ ਉਪਰੰਤ ਧਰਮਸਾਲ 'ਚ ਸੰਗਤ ਨੂੰ ਇਕੱਤਰ ਕਰਨ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਰਚਨਾ 'ਚ ਕਰਦੇ ਹਨ :

ਧਰਮਸਾਲ ਕਰਤਾਰਪੁਰੁ ਸਾਧਸੰਗਤਿ ਸਚਖੰਡ ਵਸਾਇਆ

ਗੁਰੂ

ਸਿੱਖ ਧਰਮ 'ਚ ਗੁਰੁ ਦਾ ਮਹਾਨ ਦਰਜਾ ਹੈ। ਸਿੱਖ ਧਰਮ 'ਚ ਪਰਮਾਤਮਾ, ਬਾਣੀ, ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਨੌਂ ਉਤਰਾਧਿਕਾਰੀਆਂ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ ਗਈ ਹੈ। ਸਿੱਖ ਪਰੰਪਰਾ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਜੋਤਿ ਹੀ ਬਾਕੀ ਨੌਂ ਗੁਰੂ ਸਾਹਿਬਾਨ ਵਿਚ ਪ੍ਰਵੇਸ਼ ਕਰਦੀ ਹੈ। ਭਾਈ ਸਤਾ ਤੇ ਭਾਈ ਬਲਵੰਡਿ ਜੀ, ਭੱਟਾਂ ਦੇ ਸਵੱਈਏ ਤੇ ਭਾਈ ਗੁਰਦਾਸ ਜੀ ਦੀ ਬਾਣੀ 'ਚ ਇਸ ਬਾਰੇ ਸਪਸ਼ਟ ਹਵਾਲੇ ਹਨ। ਭਾਈ ਸਤਾ ਤੇ ਬਲਵੰਡਿ ਜੀ ਫਰਮਾਉਂਦੇ ਹਨ :

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ (966)

ਗੁਰੂ ਸਾਹਿਬ ਨੇ ਬਾਣੀ ਵਿਚ ਪ੍ਰਾਥਮਿਕਤਾ 'ਸ਼ਬਦ ਗੁਰੂ' ਨੂੰ ਹੀ ਪ੍ਰਦਾਨ ਕੀਤੀ ਹੈ ਪਰ ਉਨ੍ਹਾਂ ਜਿਸ ਨਿਰਮਲ ਪੰਥ ਦੀ ਆਧਾਰਸ਼ਿਲਾ ਰੱਖੀ, ਉਸ ਨੂੰ ਅਗਲੇ ਪੜਾਅ ਤਕ ਲੈ ਜਾਣ ਲਈ ਯੋਗ ਵਾਰਿਸ ਦੀ ਨਿਯੁਕਤੀ ਕਰਨੀ ਜਰੂਰੀ ਸਮਝੀ। ਉਸ ਸਮੇਂ ਇਹ ਪ੍ਰਚਲਿਤ ਪਰੰਪਰਾ ਸੀ ਕਿ ਧਾਰਮਿਕ ਆਗੂ ਜਾਂ ਰਾਜੇ ਦੇ ਅਕਾਲ ਚਲਾਣੇ ਉਪਰੰਤ ਉਸ ਦਾ ਪੁੱਤਰ ਹੀ ਪਿਤਾ ਦੀ ਜਾਇਦਾਦ ਦਾ ਵਾਰਿਸ਼ ਸਮਝਿਆ ਜਾਂਦਾ ਸੀ ਪਰ ਗੁਰੂ ਸਾਹਿਬ ਨੇ ਉੱਤਰਾਧਿਕਾਰੀ ਦੀ ਚੋਣ ਲਈ ਚੰਗੀ ਘੋਖ ਕੀਤੀ। ਇਹ ਪਰਖ ਸੀ ਸਿੱਖਾਂ ਦੇ ਸਿਦਕ ਦੀ, ਸੇਵਾ ਤੇ ਆਗਿਆਕਾਰਤਾ ਦੀ, ਜਿਸ ਵਿੱਚੋਂ ਕੇਵਲ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਪੂਰੇ ਉਤਰੇ ਸਨ :

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ(967)

ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਆਪਣੇ ਪ੍ਰਚਾਰ ਦੌਰਾਨ ਹੀ ਮੁੱਢਲੇ ਰੂਪ 'ਚ ਧਰਮਸਾਲ (ਗੁਰਦੁਆਰਾ), ਸੰਗਤ, ਲੰਗਰ-ਪੰਗਤ, ਗੁਰੂ ਆਦਿ ਸੰਸਥਾਵਾਂ ਦਾ ਮੁੱਢ ਬੰਨ੍ਹਿਆ। ਉਸ ਸਮੇਂ ਸਮਾਜ 'ਚ ਜਾਤ-ਪਾਤ ਤੇ ਛੂਤ-ਛਾਤ ਦਾ ਬੋਲਬਾਲਾ ਸੀ, ਗੁਰੂ ਸਾਹਿਬ ਨੇ ਜਿਨ੍ਹ੍ਹਾਂ ਸੰਸਥਾਵਾਂ ਦੀ ਆਧਾਰਸ਼ਿਲਾ ਰੱਖੀ, ਉਹ ਸੰਸਥਾਵਾਂ ਜਾਤ-ਪਾਤ, ਛੂਤ-ਛਾਤ ਆਦਿ ਦੀਆਂ ਜ਼ੰਜੀਰਾਂ ਨੂੰ ਤੋੜਦਿਆਂ, ਲੋਕਾਈ ਨੂੰ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਅਹਿਸਾਸ ਕਰਵਾਉਂਦੀਆਂ ਸਨ। ਇਨ੍ਹਾਂ ਸੰਸਥਾਵਾਂ ਨੇ ਸਿੱਖ ਪੰਥ ਵਿਚ ਅਹਿਮ ਯੋਗਦਾਨ ਪਾਇਆ।

ਲੰਗਰ

ਲੰਗਰ ਸ਼ਬਦ ਦੇ ਅਰਥ ਹਨ, ਅਨਲਗ੍ਰਿਹ, ਪਾਕਸਾਲ, ਰਸੋਈ ਘਰ ਜਾਂ ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ ਆਦਿ। ਗੁਰੂ ਨਾਨਕ ਸਾਹਿਬ ਨਾਲ ਸਬੰਧਤ ਤਵਾਰੀਖ਼ੀ ਸਰੋਤਾਂ ਤੋਂ ਇਸ ਸੰਸਥਾਂ ਦੇ ਮੁੱਢਲੇ ਪੜਾਅ ਦੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿੱਖ ਪਰੰਪਰਾ ਅਨੁਸਾਰ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਪ੍ਰਸ਼ਾਦਾ ਤਿਆਰ ਕਰ ਕੇ ਭੁੱਖੇ ਸਾਧੂਆਂ ਨੂੰ ਛਕਾ ਕੇ ਇਸ ਸੰਸਥਾ ਦਾ ਮੁੱਢ ਬੰਨ੍ਹਿਆ। ਸਿੱਖ ਸਰੋਤ ਇਸ ਬਾਰੇ ਸ਼ਾਹਦੀ ਭਰਦੇ ਹਨ ਕਿ ਗੁਰੂ ਸਾਹਿਬ ਜਦੋਂ ਕਰਤਾਰਪੁਰ ਨਗਰ ਦੀ ਸਥਾਪਨਾ ਉਪਰੰਤ ਉੱਥੇ ਰਹਿਣ ਲੱਗੇ ਤਾਂ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂ ਧਰਮਸਾਲ ਵਿਚ ਸਮੂਹਿਕ ਪਾਠ-ਪੂਜਾ ਉਪਰੰਤ ਇੱਕੋ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ। ਜਨਮਸਾਖੀਆਂ 'ਚ ਬਿਓਰਾ ਮਿਲਦਾ ਹੈ ਕਿ “ਜਬ ਰਸੋਈ ਹੋਵੈ ਤਾਂ ਰਸੋਈਆ ਆਇ ਖੜਾ ਹੋਵੈ ਰਸੋਈਆ ਚੁਪ ਕਰਿ ਕੈ ਜਾਇ ਖੜਾ ਹੋਵੈ ਜਬ ਬਾਬਾ ਨਦਰਿ ਕਰਿ ਵੇਖੈ ਤਾ ਆਖੈ ਪੁਰਖਾ ਰਸੋਈ ਹੋਈ ਹੈ ਤਾ ਰਸੋਈਆ ਕਹੈ ਪਿਛੋ ਦੀ ਜੀਓ ਪਾਤਿਸਾਹੁ ਹੋਈ ਹੈ ਤਾ ਬਾਬਾ ਰਸੋਈ ਵਿਚ ਬਹਿ ਕਰਿ ਆਗਿਆ ਕਰੈ ਜਾਹਿ ਬਚਾ ਜੇਵਹੁ£ ਸਿਆਲ ਹੋਇ ਤਾ ਖਿਚੜੀ ਰੋਟੀ ਜੇ ਉਨਾਲ ਹੋਇ ਤਾ ਦਾਲ ਰੋਟੀਜਿਤਨਾ ਆਹਾਰ ਕਿਸੈ ਦਾ ਹੋਵੈ ਸੋ ਲੈ ਉਠੈ... ਦੁਇ ਵਖਤ ਸਿਖਾ ਕੋ ਰਸੋਈ ਹੁੰਦੀਜੇਹੀ ਜਿਨਸ ਦਾ ਕੋਈ ਸੰਸਾਰੀ ਸਿਖ ਆਵੈ ਤੇਹਾ ਜੇਹਾ ਪਰਸਾਦ ਮਿਲਦਾ''

- ਨਵਜੋਤ ਸਿੰਘ ਖਡੂਰ ਸਾਹਿਬ

87289-70280

Posted By: Harjinder Sodhi