ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ : ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੰਗਤ ਨੂੰ ਦਰਸ਼ਨ ਦੀਦਾਰੇ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਾ ਸਾਹਿਬਾਨ 'ਚ ਸੰਗਤ ਦੇ ਆਨਲਾਈਨ ਫਾਰਮ ਅਪਲਾਈ ਕਰਵਾਉਣ ਲਈ ਮੁਲਾਜ਼ਮਾਂ ਦੀ ਵਿਸ਼ੇਸ਼ ਡਿਊਟੀ ਲਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਗੱਲਬਾਤ ਕਰਦਿਆਂ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਕਾਰਜ ਲਈ ਸ਼ੋ੍ਮਣੀ ਕਮੇਟੀ ਆਪਣੇ ਮੁਲਾਜ਼ਮਾਂ ਨੂੰ ਵਿਸ਼ੇਸ਼ ਟੇ੍ਨਿੰਗ ਦੇਵੇਗੀ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਹਰ ਜ਼ਿਲੇ੍ਹ ਦੇ ਗੁਰਦੁਆਰਾ ਸਾਹਿਬ ਵਿਚ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਲੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਸ਼ੋ੍ਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਵਿਚ ਫਾਰਮ ਅਪਲਾਈ ਕਰਵਾਉਣ ਲਈ ਵਿਸ਼ੇਸ ਸੈਂਟਰ ਖੋਲੇ੍ਹ ਜਾਣਗੇ। ਫਾਰਮ ਆਨਲਾਈਨ ਅਪਲਾਈ ਕਰਨ ਲਈ ਛੋਟੀਆਂ-ਛੋਟੀਆਂ ਸ਼ਰਤਾਂ ਰੱਖੀਆਂ ਹੋਈਆਂ ਹਨ ਤੇ ਕਿਸੇ ਨਾ ਕਿਸੇ ਫਾਰਮ ਦੇ ਘੱਟ ਹੋਣ ਜਾਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਸੰਗਤ ਨੂੰ ਫਾਰਮ ਅਪਲਾਈ ਕਰਵਾਉਣ ਵਿਚ ਪਰੇਸ਼ਾਨੀ ਆ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਦੇ ਦਰਸ਼ਨ ਦੀਦਾਰੇ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪ੍ਰੰਤੂ ਸੰਗਤ ਲਈ ਸਰਕਾਰਾਂ ਵਲੋਂ ਨਿਰਧਾਰਤ ਕੀਤੀ 20 ਡਾਲਰ ਫੀਸ ਵੀ ਅਦਾ ਨਾ ਕਰਨ ਕਰਕੇ ਜਾਂ ਆਨਲਾਈਨ ਅਪਲਾਈ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਕਾਰਨ ਪੂਰਾ ਨਹੀਂ ਹੋ ਰਿਹਾ।

ਇਸ ਮੌਕੇ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼ੋ੍ਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਮੈਨੇਜਰ ਨੱਥਾ ਸਿੰਘ, ਸਵਰਨ ਸਿੰਘ ਗੁਪਾਲੋਂ, ਨਰਿੰਦਰ ਸਿੰਘ ਰਸੀਦਪੁਰਾ, ਅਮਰਜੀਤ ਸਿੰਘ, ਹਰਜੀਤ ਸਿੰਘ ਆਰਕੇ, ਹਰਪ੍ਰੀਤ ਸਿੰਘ, ਤਰਸੇਮ ਸਿੰਘ, ਸੁਰਿੰਦਰ ਸਿੰਘ ਆਦਿ ਮੌਜੂਦ ਸਨ।