ਗੁਰੂ ਨਾਨਕ ਦੇਵ ਜੀ ਨੂੰ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਧਰਮਾਂ ਵੱਲੋਂ ਵਡਿਆਈ ਦੇਣ ਲਈ ਉਨ੍ਹਾਂ ਨੂੰ 'ਨਾਨਕ ਵਲੀ ਖ਼ੁਦਾਇ', 'ਵੈਦ ਰੋਗੀਆਂ ਦਾ', 'ਪੈਗ਼ੰਬਰ', 'ਰਹਿਬਰ', 'ਮੁਰਸ਼ਦ', 'ਬੋਧੀ ਸੰਤ', 'ਨਾਨਕ ਲਾਮਾ', 'ਭਦਰਾ ਗੁਰੂ', 'ਨਾਨਕ ਰਿਸ਼ੀ', 'ਵਲੀ-ਏ-ਹਿੰਦ', 'ਨਾਨਕਚਾਰੀਆ', 'ਬਾਬਾ ਗੁੰਦਾਰੀ', 'ਰਿੰਮ ਪੋਜੀ' ਆਦਿ ਸਤਿਕਾਰਤ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।

'ਨਾਨਕ' ਦੇ ਅਰਥ ਵੀ ਵਿਦਵਾਨਾਂ ਨੇ ਡੂੰਘਾਈ ਵਿਚ ਜਾ ਕੇ ਵੱਖ-ਵੱਖ ਕੀਤੇ ਹਨ। ਭਾਈ ਸੰਤੋਖ ਸਿੰਘ ਅਨੁਸਾਰ, 'ਨਾਨਕ ਦਾ ਅਰਥ ਹੈ ਜਿਸ ਨੂੰ ਕੋਈ ਦੁੱਖ ਨਹੀਂ।' ਭਾਈ ਨੰਦ ਲਾਲ ਗੋਯਾ ਜੀ ਅਨੁਸਾਰ ਦੋ ਨ+ਨ ਭਾਵ 'ਨਈਮ' ਦਾਤਾਂ ਦੇਣ ਵਾਲਾ ਅਤੇ 'ਨਸੀਰ' ਸਹਾਇਤਾ ਕਰਨ ਵਾਲਾ, ਵਿਚਲਾ 'ਕੰਨਾ' ਭਾਵ 'ਹਾਕਸ' ਖ਼ੁਦਾਇਆ ਤੇ 'ਕ' ਤੋਂ ਭਾਵ ਹੈ ਕਬੀਰ, ਯਾਨੀ ਵੱਡਾ ਜਾਂ ਮਹਾਨ। ਇਕ ਯੂਰਪੀਨ ਲੇਖਕ ਦਾ ਵਿਚਾਰ ਹੈ ਕਿ ਲਾਤੀਨੀ ਭਾਸ਼ਾ ਵਿਚ ਨਾਨਕ ਦਾ ਮੂਲ ਹੈ 'Nuncio' ਭਾਵ ਧਾਰਮਿਕ ਸੁਧਾਰਕ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਨਾਨਕ ਦਾ ਭਾਵ ਹੈ - ਨਿਰਵੈਰ।

'ਆਕਸਫੋਰਡ ਐਡਵਾਂਸਡ ਲਰਨਰਜ਼ ਡਿਕਸ਼ਨਰੀ' ਅਨੁਸਾਰ ਨਾਨਕ ਤੋਂ ਭਾਵ ਹੈ 'ਏਂਜਲ', ਉਹ ਫ਼ਰਿਸ਼ਤਾ, ਉਹ ਰੂਹ ਜੋ ਖ਼ੁਦਾ ਦਾ ਸੇਵਕ ਹੈ, ਖ਼ੁਦਾ ਦਾ ਸੰਦੇਸ਼ ਲੋਕਾਈ ਤਕ ਪਹੁੰਚਾਉਣ ਲਈ ਖ਼ੁਦਾ ਰਾਹੀਂ ਭੇਜੀ ਹੋਈ ਰੂਹ। 'ਏ ਪਾਪੂਲਰ ਡਿਕਸ਼ਨਰੀ ਆਫ ਫੈਕਟਸ ਐਂਡ ਨਾਲੇਜ' ਅਨੁਸਾਰ- 'ਦੇਵਤਾ ਦੀਆਂ ਤਾਕਤਾਂ ਤੇ ਗੁਣਾਂ ਦਾ ਸਰੂਪ, ਰੂਹ ਜਿਸ ਵਿਚ ਮਨ, ਭਾਵਨਾਵਾਂ ਤੇ ਆਚਰਨ ਸ਼ਾਮਲ ਹੈ ਨਾ ਕਿ ਸਰੀਰ।' ਟੀਐੱਲ ਵਾਸਵਾਨੀ ਅਨੁਸਾਰ, 'ਨਾਨਕ ਚੀਨੀ ਸ਼ਬਦ ਹੈ, 'ਨਾਨਕਿੰਗ' ਜੋ ਪ੍ਰਸਿੱਧ ਚੀਨੀ ਸ਼ਹਿਰ ਹੈ, ਅੱਗ ਸਮਾਨ।' ਗੁਰੂ ਨੂੰ ਅਣਮਨੁੱਖੀ ਵਤੀਰਿਆਂ ਨੇ ਇਕ ਮਸ਼ਾਲ ਦੇ ਰੂਪ ਵਿਚ ਬਦਲ ਦਿੱਤਾ ਤੇ ਇਹ ਮਸ਼ਾਲ ਪਹੁੰਚੀ ਗੁਰੂ ਗੋਬਿੰਦ ਸਿੰਘ ਜੀ ਤੀਕ, ਜਿਨ੍ਹਾਂ ਨੇ ਕੌਮ ਵਿਚ ਨਵੀਂ ਰੂਹ ਫੂਕੀ। ਕਨਿੰਘਮ ਅਨੁਸਾਰ, 'ਗੁਰੂ ਨਾਨਕ ਦੇਵ ਜੀ ਨੇ ਸੁਧਾਰ ਦੇ ਸਹੀ ਨਿਯਮ ਵੇਖੇ, ਪਰਖੇ, ਨਿਰਧਾਰਿਤ ਕੀਤੇ ਤੇ ਉਹ ਬੁਨਿਆਦ ਰੱਖੀ, ਜਿਸ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਕੌਮ ਉਸਾਰੀ, ਜਿਸ ਵਿਚ ਧਾਰਮਿਕ, ਰਾਜਸੀ ਜਾਂ ਸਮਾਜਕ ਪੱਖ ਤੋਂ ਕੋਈ ਵੱਡਾ-ਛੋਟਾ ਜਾਂ ਉੱਚਾ-ਨੀਵਾਂ ਨਹੀਂ ਸੀ।' ਪ੍ਰੋ. ਹਮਾਯੂੰ ਕਬੀਰ ਦਾ ਮਤ ਹੈ, 'ਗੁਰੂ ਨਾਨਕ ਧਰਮ ਤੇ ਜਾਤ-ਪਾਤ ਤੋਂ ਉੱਚੇ ਉੱਠ ਕੇ ਇਕ ਮਹਾਨ ਰਹੱਸਮਈ ਪੁਰਖ ਸਨ, ਜਿਸ ਲਈ ਹਿੰਦੂ ਮੁਸਲਿਮ ਇਕ ਬਰਾਬਰ ਸਨ।' ਡਾ. ਐੱਸਐੱਸ ਕੋਹਲੀ ਅਨੁਸਾਰ, 'ਗੁਰੂ ਨਾਨਕ ਨੇ ਪਰਮਾਤਮਾ ਦੀ ਪਰਿਭਾਸ਼ਾ 'ਵਾਹਿਗੁਰੂ' ਕਹਿ ਕੇ ਕੀਤੀ। 'ਵਾਹ' ਅਰਬੀ ਦਾ ਸ਼ਬਦ 'ਸੁਬਹਾਨ' ਤੇ 'ਗੁਰੂ' ਸੰਸਕ੍ਰਿਤ ਦਾ ਸ਼ਬਦ ਹੈ, ਭਾਵ 'ਰੋਸ਼ਨੀ ਦੇਣ ਵਾਲਾ, ਹਨੇਰਾ ਦੂਰ ਕਰਨ ਵਾਲਾ। ਗੁਰੂ ਬਾਰੇ ਲਿਖਿਆ ਗਿਆ ਹੈ : 'ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰਾ।'

ਪ੍ਰੋ. ਖ਼ੁਦਾ ਦਾਦਾ ਖ਼ਾਨ ਅਨੁਸਾਰ, 'ਬੁੱਧ ਨੇ ਤਾਂ ਬੁੱਧਤਾ ਤਪੱਸਿਆ ਕਰ ਕੇ ਪ੍ਰਾਪਤ ਕੀਤੀ ਪਰ ਗੁਰੂ ਨਾਨਕ ਤਾਂ ਜਨਮ ਤੋਂ ਹੀ ਬੁੱਧ ਸਨ - ਰੋਸ਼ਨ, ਗਿਆਨ ਭਰਪੂਰ, ਖ਼ੁਦਾ ਦਾ ਭੇਜਿਆ ਪੈਗ਼ੰਬਰ, ਜੋ ਲੋਕਾਂ ਦਾ ਰਾਹ ਰੁਸ਼ਨਾ ਸਕੇ, ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰ ਸਕੇ।'

ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਪੈਦਾ ਹੀ ਇਨਕਲਾਬੀ ਪੈਗ਼ੰਬਰ ਹੋਏ ਸਨ, ਜਿਨ੍ਹਾਂ ਦਾ ਸਲੋਗਨ ਸੀ, 'ਨਾ ਕੋਈ ਹਿੰਦੂ ਨਾ ਮੁਸਲਮਾਨ।' ਉਹ ਤਾਂ ਜਗਤ ਗੁਰੂ ਸਨ - 'ਸਭਨਾਂ ਦਾ ਸਾਂਝਾ ਨਾਨਕ ਸਭਨਾਂ ਦਾ ਯੋਰ ਵੋ।' ਅਤੇ 'ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ ਮੁਸਲਮਾਨ ਦਾ ਪੀਰ।' ਈਰਾਕ ਦੇ ਮੁਸਲਮਾਨ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਸਨ, ਇਸ ਦਾ ਪ੍ਰਮਾਣ ਹੈ ਬਗ਼ਦਾਦ ਦੇ ਇਕ ਧਾਰਮਿਕ ਸਥਾਨ ਅੰਦਰ ਉੱਕਰੇ ਹੋਏ ਇਹ ਸ਼ਬਦ - 'ਹਜ਼ਰਤ ਰਬੀ-ਈ-ਮਾਜੀਦ ਬਾਬਾ ਨਾਨਕ ਔਲੀਆ, ਅੱਲਾਹ।' ਸਵਾਮੀ ਆਨੰਦਾਚਾਰਯ ਅਨੁਸਾਰ, 'ਇਨਕਲਾਬੀ ਉਹ ਹੁੰਦਾ ਹੈ ਜੋ ਦੱਬੇ ਕੁਚਲੇ ਲੋਕਾਂ ਪ੍ਰਤੀ ਆਪਣਾ ਆਪਾ ਸਮਰਪਿਤ ਕਰੇ, ਦੁਖੀ ਮਾਨਵਤਾ ਦੇ ਦੁੱਖ ਦੂਰ ਕਰੇ, ਧਰਵਾਸ ਦੇਵੇ, ਮਾਰਗ ਦਰਸ਼ਨ ਕਰੇ। ਡਾ. ਜੀਸੀ ਨਾਰੰਗ ਅਨੁਸਾਰ, 'ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਨੇ ਚੁੱਕ ਕੇ ਖ਼ਾਲਸੇ ਦਾ ਰਾਹ ਸਨਮਾਨ, ਸ਼ਾਨੋ-ਸ਼ੌਕਤ ਤੇ ਕੁਰਬਾਨੀ ਵੱਲ ਉਲੀਕਿਆ ਸੀ, ਉਸ ਦੀ ਨੀਂਹ ਤਾਂ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਲੋਕਾਂ 'ਚੋਂ ਭਿੰਨ-ਭੇਦ ਖ਼ਤਮ ਕਰ ਕੇ। ਉਨ੍ਹਾਂ ਨੇ ਪੰਜਾਬ ਦੀ ਹੀ ਨਹੀਂ, ਸਮੁੱਚੀ ਲੋਕਾਈ ਦਾ ਨੈਤਿਕ ਤੇ ਅਧਿਆਤਮਕ ਜੀਵਨ ਸੁਧਾਰਨ ਤੇ ਸਰਬਸਾਂਝੀ ਕੌਮੀਅਤ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਦਾ ਬੀੜਾ ਚੁੱਕਿਆ। ਉਹ ਸਮੁੱਚੇ ਹਿੰਦੁਸਤਾਨ ਦੇ ਨਾਇਕ ਸਨ, ਜਿਨ੍ਹਾਂ ਵਿਚ ਹੌਸਲਾ, ਪਵਿੱਤਰ ਭਾਵਨਾ, ਹਮਦਰਦੀ ਭਰਿਆ ਵਤੀਰਾ, ਪਵਿੱਤਰ ਮਕਸਦ ਲਈ ਨਰੋਈ ਦਿਆਲੂ ਰੂਹ, ਚੇਤਨੰਤਾ, ਪਿਆਰ, ਇਕਸੁਰਤਾ, ਆਸ਼ਾਵਾਦੀ ਨਜ਼ਰੀਆ, ਭਾਵ ਉਹ ਗੁਣਾਂ ਦਾ ਖ਼ਜ਼ਾਨਾ ਸਨ। ਇਹੀ ਨਾਨਕਾਇਣ ਫਲਸਫ਼ਾ ਸੀ, ਜੋ ਸਰਬਵਿਆਪੀ ਮਾਨਵਤਾ ਲਈ ਸੀ।

ਉਨ੍ਹਾਂ ਦੇ ਵਿਚਾਰਾਂ 'ਚੋਂ ਇਨਕਲਾਬੀ ਭਾਵਨਾ ਤਾਂ ਉਦੋਂ ਹੀ ਪ੍ਰਗਟ ਹੋਣੀ ਆਰੰਭ ਹੋ ਗਈ ਸੀ, ਜਦੋਂ ਉਨ੍ਹਾਂ ਨੇ ਔਰਤਾਂ ਦੇ ਹੱਕ 'ਚ ਆਵਾਜ਼ ਉਠਾ ਕੇ ਸਮਾਜ ਵਿਚ ਸਨਮਾਨ ਵਾਲਾ ਦਰਜਾ ਦਿਵਾਉਣ ਦਾ ਉਪਰਾਲਾ ਕੀਤਾ। ਗੁਰੂ ਸਾਹਿਬ ਨੇ ਖੁੱਲ੍ਹ ਕੇ ਔਰਤ ਦੀ ਸਮਾਨਤਾ ਦੀ ਆਵਾਜ਼ ਬੁਲੰਦ ਕੀਤੀ ਤੇ ਆਖਿਆ :

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਉਨ੍ਹਾਂ ਨੇ ਆਸਾ ਦੀ ਵਾਰ ਵਿਚ ਇਸਤਰੀ ਪੁਰਸ਼ ਦੀ ਬਰਾਬਰੀ ਦੀ ਗੱਲ ਕੀਤੀ, ਜਿਨ੍ਹਾਂ ਨਾਲ ਸਮਾਜ ਦੀ ਹੋਂਦ ਹੈ, ਔਰਤ ਜਗ ਜਣਨੀ ਹੈ, ਉਹ ਸਤਿਕਾਰਯੋਗ ਹੈ, ਜਦੋਂ ਲਿਖਦੇ ਹਨ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਜ ਮੰਗਣੁ ਵੀਆਹੁ

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਹੁ

ਉਨ੍ਹਾਂ ਤੋਂ ਬਾਅਦ ਗੁਰੂ ਸਾਹਿਬਾਨ ਨੇ ਸਤੀ ਪ੍ਰਥਾ ਤੇ ਪਰਦੇ ਦੀ ਰਸਮ ਦੇ ਵਿਰੋਧ ਤੇ ਵਿਧਵਾ ਵਿਆਹ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ, ਜਿਸ ਨਾਲ ਸਮਾਜ ਵਿਚ ਔਰਤ ਨੂੰ ਰੁਤਬਾ ਤੇ ਮਾਣ-ਸਨਮਾਨ ਵਧਿਆ। ਮਾਣ ਵਾਲੀ ਗੱਲ ਹੈ ਜਦੋਂ ਅਸੀਂ ਆਖਦੇ ਹਾਂ, ''ਇਹ ਬਾਬੇ ਨਾਨਕ ਦਾ ਵਿਹੜਾ ਹੈ, ਜਿੱਥੇ ਨਾਰੀ ਅੰਦਰ ਆਤਮ ਵਿਸ਼ਵਾਸ ਭਰਨ ਲਈ ਬੇਬੇ ਨਾਨਕੀ ਜੀ ਵਰਗੀ ਭੈਣ, ਬੀਬੀ ਖੀਵੀ ਜੀ ਵਰਗੀ ਲੰਗਰ ਦੀ ਜਾਂਚ ਸਿਖਾਉਣ ਵਾਲੀ ਮਾਤਾ, ਨਾਮ ਬਾਣੀ ਦਾ ਅਭਿਆਸ ਕਰਨ ਵਾਲੀ ਬੀਬੀ ਅਮਰੋ ਜੀ, ਧੀਰਜ ਦੀ ਮੂਰਤ ਮਾਤਾ ਗੰਗਾ ਜੀ, ਸੇਵਾ ਕਮਾਉਣ ਵਾਲੀ ਬੀਬੀ ਭਾਨੀ ਜੀ, ਕੁਰਬਾਨੀਆਂ ਦਾ ਇਤਿਹਾਸ ਸਿਰਜਣ ਵਾਲੇ ਮਾਤਾ ਗੁਜਰੀ ਜੀ ਹਨ।'

ਗੁਰੂ ਨਾਨਕ ਦੇਵ ਦੀ ਨੇ ਸਮਾਜ ਸੁਧਾਰ ਲਈ ਫ਼ਾਲਤੂ ਰਸਮਾਂ-ਰਿਵਾਜਾਂ ਦਾ ਵਿਰੋਧ ਕੀਤਾ, ਜਿਵੇਂ ਜਨੇਊ ਪਾਉਣਾ, ਸੂਤਕ-ਪਾਤਕ ਤੇ ਸਰਾਧ ਕਰਨੇ ਆਦਿ। ਉਨ੍ਹਾਂ ਨੇ ਜਨੇਊ ਦਾ ਅਸਲੀ ਅਰਥ ਸਮਝਾਉਂਦੇ ਹੋਏ ਲਿਖਿਆ :

ਦਇਆ ਕਪਾਹ ਸੰਤੋਖੁ ਸੂਤ ਜਤੁ ਗੰਢੀ ਸਤੁ ਵਟੁ

ਇਹ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ

ਇਸੇ ਤਰ੍ਹਾਂ ਸਰਾਧ ਕਰਨ ਤੇ ਸੁੱਚ-ਭਿੱਟ ਦੇ ਵਹਿਮਾਂ ਬਾਰੇ ਵੀ ਉਨ੍ਹਾਂ ਨੇ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਕਿ ਜੇ ਠੱਗੀਆਂ, ਚੋਰੀਆਂ ਕਰ ਕੇ ਪਿੱਤਰਾਂ ਦੇ ਸ਼ਰਾਧ ਕਰਨੇ ਹਨ ਤਾਂ ਕੀ ਲਾਭ?। ਸੁੱਚ-ਭਿੱਟ ਬਾਰੇ ਉਨ੍ਹਾਂ ਲਿਖਿਆ ਹੈ :

ਦੇ ਕੇ ਚਉਕਾ ਕਢੀ ਕਾਰ

ਉਪਰਿ ਆਇ ਬੈਠੇ ਕੁੜਿਆਰ

ਮਤੁ ਭਿਟੈ ਵੇ ਮਤੁ ਭਿਟੈ

ਇਹ ਅਨੁੰ ਅਸਾਡਾ ਫਿਟੈ

ਤਨਿ ਫਿਟੈ ਫੇੜ ਕਰੇਨਿ

ਮਨਿ ਜੂਠੇ ਚੁਲੀ ਭਰੇਨਿ

ਸੂਤਕ-ਪਾਤਕ ਬਾਰੇ ਗੁਰੂ ਜੀ ਨੇ ਦੱਸਿਆ ਕਿ ਕੋਈ ਵੀ ਸੂਤਕ ਰਹਿਤ ਨਹੀਂ। ਗੋਹਾ, ਲੱਕੜੀ, ਅੰਨ ਤੇ ਪਾਣੀ ਆਦਿ ਸਭ ਅੰਦ ਕੀਟ ਜੰਮਦੇ ਤੇ ਮਰਦੇ ਹਨ। ਅਸਲ ਸੂਤਕ ਹਨ- ਮਨ ਦਾ ਸੂਤਕ ਲੋਭ ਹੈ, ਜੀਭ ਦਾ ਸੂਤਕ ਝੂਠ, ਅੱਖਾਂ ਦਾ ਸੂਤਕ ਪਰਾਇਆ ਧਨ ਤੇ ਇਸਤਰੀ 'ਤੇ ਬੁਰੀ ਨਜ਼ਰ ਰੱਖਣਾ, ਕੰਨਾਂ ਦਾ ਸੂਤਕ ਨਿੰਦਿਆ-ਚੁਗਲੀ ਹੈ, ਇਸ ਲਈ ਇਨ੍ਹਾਂ ਤੋਂ ਬਚ ਕੇ ਰਹੋ।

ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਲੋਕਾਂ 'ਤੇ ਵੀ ਵਿਅੰਗ ਕੀਤਾ, ਜੋ ਦੂਸਰਿਆਂ ਦੀ ਲੁੱਟ-ਖਸੁੱਟ ਕਰ ਕੇ ਐਸ਼ ਕਰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਕਿਰਤ ਦੀ ਕੋਈ ਮਹੱਤਤਾ ਨਹੀਂ। ਗੁਰੂ ਸਾਹਿਬ ਦਾ ਸਮਾਜਵਾਦ ਅਜਿਹਾ ਸੀ, ਜਿਸ ਵਿਚ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਹੋਵੇ ਤੇ ਹੱਥੀਂ ਕਿਰਤ ਕਰ ਕੇ ਵੰਡ ਛਕਣ। ਉਨ੍ਹਾਂ ਨੇ ਆਪ ਬਚਪਨ ਵਿਚ ਮੱਝਾਂ ਚਾਰੀਆਂ, ਮੋਦਾਖ਼ਾਨੇ ਦੀ ਨੌਕਰੀ ਕੀਤੀ ਤੇ ਆਖ਼ਰੀ ਉਮਰੇ ਕਰਤਾਰਪੁਰ ਵਿਖੇ ਖੇਤੀਬਾੜੀ ਕੀਤੀ। ਉਹ ਗ਼ਰੀਬਾਂ ਦੇ ਹਮਦਰਦ ਸਨ, ਇਹੀ ਕਾਰਨ ਸੀ ਕਿ ਉਨ੍ਹਾਂ ਨੇ ਮਲਕ ਭਾਗੋ ਦਾ ਭੋਜਨ ਛੱਡ ਕੇ ਭਾਈ ਲਾਲੋ ਦੀ ਕਿਰਤ ਕਮਾਈ ਦੀ ਰੋਟੀ ਖਾਧੀ। ਉਨ੍ਹਾਂ ਦੱਸਿਆ ਕਿ ਦਸਾਂ ਨਹੁੰਆਂ ਦੀ ਕਿਰਤ ਮਨੁੱਖ ਨੂੰ ਸਬਰ ਸੰਤੋਖ ਵਾਲਾ ਬਣਾ ਦਿੰਦੀ ਹੈ।

ਭਾਈ ਬਾਲਾ ਜੀ ਅਤੇ ਮਰਦਾਨੀ ਜੀ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਨੇ ਕਿਰਤੀ ਮਿਸਤਰੀ ਭਾਈ ਲਾਲੋ ਤੇ ਝੰਡਾ, ਹਸੋ ਲੁਹਾਰ ਤੇ ਸ਼ਿਹਾਨ ਦਰਜੀ ਨੂੰ ਮਾਨਤਾ ਦਿੱਤੀ। ਗੁਰੂ ਸਾਹਿਬ ਨੇ ਕੰਜੂਸ ਕਾਰੂੰ ਦੀ ਮਿਸਾਲ ਦੇ ਕੇ ਲੋਕਾਂ ਨੂੰ ਸਮਝਾਇਆ ਕਿ ਉਹ ਕਬਰਾਂ ਵਿੱਚੋਂ ਮੁਰਦਿਆਂ ਦੇ ਮੂੰਹ 'ਚੋਂ ਵੀ ਸਿੱਕੇ ਕਢਵਾ ਲੈਂਦਾ ਸੀ ਜਦਕਿ ਮਾਇਆ ਨਾਲ ਨਹੀਂ ਜਾਣੀ। ਸਿਕੰਦਰ ਤੇ ਰਾਵਣ ਜਿਹੇ ਖ਼ਾਲੀ ਹੱਥ ਚਲੇ ਗਏ। ਉਨ੍ਹਾਂ ਨੇ ਨਸੀਹਤ ਦਿੱਤੀ ਕਿ 'ਅੰਜਨ ਮਾਹਿ ਨਿਰੰਜਨਿ ਰਹੀਐ।'' ਮਾਇਆ ਤਾਂ ਆਉਣੀ-ਜਾਣੀ ਹੈ, ਜਿਸ ਨੇ 'ਵਿਣੁ ਦੰਤਾ ਜਗੁ ਖਾਇਆ।''

ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੀ ਧਰਤੀ ਨੂੰ ਭਾਗ ਲਾਏ ਤੇ ਆਪਣੇ ਸਮੇਂ ਦੌਰਾਨ ਲੋਧੀ ਰਾਜ, ਮੁਗ਼ਲਾਂ ਤੇ ਸ਼ੇਰ ਸ਼ਾਹ ਸੂਰੀ ਦੀ ਆਮਦ ਵੇਖੀ ਤੇ ਇਸ ਸਮੇਂ ਦੌਰਾਨ ਜੋ ਜ਼ੁਲਮ ਕਮਜ਼ੋਰ ਜਨਤਾ 'ਤੇ ਹੋਏ, ਉਹ ਸਹਿਣ ਨਾ ਕਰ ਸਕੇ ਤੇ ਰਾਜਿਆਂ ਨੂੰ ਬੁੱਚੜ ਤੇ ਕਸਾਈ ਤਕ ਕਹਿਣ ਤੋਂ ਗੁਰੇਜ਼ ਨਾ ਕੀਤਾ। ਬਾਬਰ ਨੇ ਜਦੋਂ ਐਮਨਾਬਾਦ ਵਿਖੇ ਲੁੱਟ ਮਚਾਈ, ਔਰਤਾਂ ਤੇ ਬੱਚਿਆਂ 'ਤੇ ਜ਼ੁਲਮ ਦਾ ਕੀਤਾ ਤਾਂ ਬਾਬਾ ਜੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਉਨ੍ਹਾਂ ਲਿਖਿਆ :

- ਰਾਜੇ ਸ਼ੀਹ ਮੁਕਦਮ ਕੁਤੇ

ਜਾਇ ਜਗਾਇਨਿ ਬੈਠੇ ਸੁਤੇ

- ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ

- ਪਾਪ ਕੀ ਜੰਝ ਲੈ ਕਾਬਲਹੁ ਧਾਇਆ

ਜੋਰੀ ਮੰਗੈ ਦਾਨ ਵੇ ਲਾਲੋ

ਉਨ੍ਹਾਂ ਨੇ ਬਾਬਰ ਨੂੰ ਨਸੀਹਤ ਦਿੱਤੀ ਕਿ ਦੇ ਪੱਕੇ ਪੈਰੀਂ ਰਾਜ ਕਰਨਾ ਹੈ ਤਾਂ ਲੋਕਾਂ ਦੇ ਦਿਲ ਜਿੱਤੇ।

ਉਨ੍ਹਾਂ ਨੇ ਹੋਰ ਬੁਰਾਈਆਂ ਵੱਲ ਵੀ ਜਨਤਾ ਦਾ ਧਿਆਨ ਦੁਆਇਆ ਤੇ ਉਨ੍ਹਾਂ ਧਰਮ ਰਹਿਬਰਾਂ ਨੂੰ ਵੀ ਰੱਜ ਕੇ ਭੰਡਿਆ, ਜੋ ਜਨਤਾ ਨੂੰ ਲੁੱਟ ਰਹੇ ਸਨ :

ਸਰਮੁ ਧਰਮੁ ਦੁਇ ਛਪਿ ਖਲੋਏ

ਕੂੜੁ ਫਿਰੈ ਪਰਧਾਨੁ ਵੇ ਲਾਲੋ

ਕਾਜੀਆ ਬਾਮਣਾ ਕੀ ਗਲ ਥਕੀ

ਅਗਦੁ ਪੜੈ ਸੈਤਾਨੁ ਵੇ ਲਾਲੋ

ਉਨ੍ਹਾਂ ਨੇ ਜੋਗੀਆਂ ਤੇ ਸਿੱਧਾਂ ਨੂੰ ਉਪਦੇਸ਼ ਦਿੱਤਾ ਕਿ ਤੁਹਾਡੇ ਜਿਹੇ ਲੋਕ ਗ੍ਰਹਿਸਥੀ ਤਿਆਗ ਕੇ ਪਹਾੜਾਂ ਦੀਆਂ ਕੁੰਦਰਾਂ 'ਚ ਬੈਠ ਜਾਣਗੇ ਤਾਂ ਸੰਸਾਰ ਦਾ ਪਾਰ ਉਤਾਰਾ ਕੌਣ ਕਰੇਗਾ :

ਸਿਧ ਛਪਿ ਬੈਠੇ ਪਰਬਤੀ

ਕਉਣੁ ਜਗਤ੍ਰਿ ਕਉ ਪਾਰਿ ਉਤਾਰਾ

ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਕਿ ਗ੍ਰਹਿਸਥ 'ਚ ਰਹਿ ਕੇ ਭਗਤੀ ਕਰੋ ਤੇ ਸਮਾਜ ਦੀ ਉਸਾਰੀ 'ਚ ਹਿੱਸਾ ਪਾਓ :

ਵਿਚਿ ਦੁਨੀਆ ਸੇਵ ਕਮਾਇਐ

ਤਾ ਦਰਗਹ ਬੈਸਣੁ ਪਾਈਐ

ਉਨ੍ਹਾਂ ਨੇ ਸੱਜਣ ਠੱਗ, ਮਲਕ ਭਾਗੋ, ਚਤੁਰ ਦਾਸ, ਬਨਾਰਸ ਦੇ ਬ੍ਰਾਹਮਣਾਂ, ਕੌਡੇ ਰਾਕਸ਼ਸ਼, ਨੂਰ ਸ਼ਾਹ, ਕਾਮਰੂਪ ਦੀ ਰਾਣੀ, ਬਗ਼ਦਾਦ ਦੇ ਪੀਰ ਦਸਤਗੀਰ ਤੇ ਮੱਕੇ ਦੇ ਕਾਜ਼ੀ ਆਦਿ ਨੂੰ ਰਾਹੇ ਪਾਇਆ।

ਉਨ੍ਹਾਂ ਦੇ ਆਪਣੇ ਸੇਵਕ ਭਾਈ ਲਾਲੋ ਜੀ ਨੂੰ ਪਹਿਲੀ ਮੰਜੀ ਬਖ਼ਸ਼ੀ ਤਾਂ ਕਿ ਉੱਤਰੀ ਭਾਰਤ ਵਿਚ ਸਿੱਖੀ ਅਤੇ ਭਰਾਤਰੀ ਭਾਵ ਦਾ ਪ੍ਰਚਾਰ ਹੋ ਸਕੇ। ਭਾਈ ਗੁਰਦਾਸ ਜੀ ਨੇ ਉਨ੍ਹਾਂ ਬਾਰੇ ਲਿਖਿਆ ਹੈ :

- ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ

ਗੁਰੂ ਸਾਹਿਬ ਦੀ ਵਡਿਆਈ ਦੀ ਹੋਰ ਵੱਡੀ ਮਿਸਾਲ ਕੀ ਹੋ ਸਕਦੀ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਅੰਨਿਨ ਸੇਵਕ ਭਾਈ ਲਹਿਣੇ ਨੂੰ ਅੰਗੀਕਾਰ ਕੀਤਾ ਤੇ 'ਅੰਗਦ' ਨਾਮ ਦਿੱਤਾ ਤੇ ਉਨ੍ਹਾਂ ਨੂੰ ਗੁਰਗੱਦੀ ਦਾ ਵਾਰਿਸ ਥਾਪਿਆ।

ਗੁਰੂ ਜੀ ਨੇ ਦੇਸ਼-ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਲਗਪਗ 38 ਹਜ਼ਾਰ ਮੀਲ ਦੀ ਪੈਦਲ ਯਾਤਰਾ ਕੀਤੀ ਤੇ ਤਰ੍ਹਾਂ ਦੇ ਲੋਕਾਂ ਕਿਰਤੀ, ਮਿਸਤਰੀ, ਕੋਹੜੀ, ਅਨਾਥ, ਗ਼ਰੀਬ ਤੇ ਲੱਖਪਤੀਆਂ ਨੂੰ ਮਿਲੇ ਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।

ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਵਿਖੇ ਟਿਕਾਣਾ ਕੀਤਾ ਤੇ ਖੇਤੀਬਾੜੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਬਾਣੀਆਂ ਜਪੁਜੀ, ਆਸਾ ਦੀ ਵਾਰ, ਓਂਕਾਰ, ਸਿਧ ਗੋਸਟਿ, ਬਾਰਹਮਾਹ, ਅਲਾਹੁਣੀਆਂ ਤੇ ਘੋੜੀਆਂ ਦੀ ਰਚਨਾ ਮਾਤ ਭਾਸ਼ਾ ਪੰਜਾਬੀ 'ਚ ਕੀਤੀ, ਜੋ ਬਾਅਦ ਵਿਚ ਗੁਰਮੁਖੀ ਕਹਾਈ। ਉਨ੍ਹਾਂ ਦਾ ਮਕਸਦ ਸੀ ਆਪਣੇ ਸਿਧਾਂਤ, ਵਿਚਾਰ, ਉਪਦੇਸ਼ ਲੋਕਾਈ ਤਕ ਆਸਾਨ ਰੂਪ 'ਚ ਪਹੁੰਚਦੇ ਕੀਤੇ ਜਾਣ। ਪੰਜਾਬੀ ਵਿਚ ਬਾਣੀ ਦੀ ਰਚਨਾ ਸਦਕਾ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਵਧੀ ਤੇ ਧਾਰਮਿਕ ਉਪਦੇਸ਼ ਉਨ੍ਹਾਂ ਤਕ ਪੁੱਜੇ। ਇਸ ਤੋਂ ਇਲਾਵਾ ਬ੍ਰਾਹਮਣ ਵਰਗ ਵਿਚ ਉਸ ਵੇਲੇ ਦੇਵ ਭਾਸ਼ਾ ਜਾਂ ਸੰਸਕ੍ਰਿਤ ਪ੍ਰਚਲਿਤ ਸੀ। ਨਿਮਨ ਵਰਗਾਂ ਨੂੰ ਇਹ ਭਾਸ਼ਾ ਪੜ੍ਹਨ ਜਾ ਸਿੱਖਣ ਦੀ ਮਨਾਹੀ ਸੀ। ਗੁਰੂ ਸਾਹਿਬ ਨੇ ਉਸ ਵਰਗ ਨੂੰ ਪੰਜਾਬੀ ਭਾਸ਼ਾ ਪੜ੍ਹਨ ਦੀ ਖੁੱਲ੍ਹ ਦਿੱਤੀ ਤੇ ਆਮ ਲੋਕਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ।

- ਡਾ. ਜਗਦੀਸ਼ ਕੌਰ ਵਾਡੀਆ

98555-84298

Posted By: Harjinder Sodhi