2019 ਦਾ ਵਰ੍ਹਾ ਸਿੱਖ ਜਗਤ ਸਮੇਤ ਸਮੁੱਚੀ ਲੋਕਾਈ ਲਈ ਬੇਹੱਦ ਮਹੱਤਵਪੂਰਨ ਹੈ। ਬੇਸ਼ੱਕ ਸਿੱਖ ਧਰਮ ਨਾਲ ਸਬੰਧਤ ਲੋਕ ਵੀ ਅਨੇਕ ਕਾਰਨਾਂ ਕਰਕੇ ਇਸ ਵਰ੍ਹੇ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਸੁਚੇਤ ਨਹੀਂ ਕਹੇ ਜਾ ਸਕਦੇ ਪਰ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 550 ਸਾਲ ਪਹਿਲਾਂ ਇਸ ਧਰਤੀ 'ਤੇ ਮਨੁੱਖੀ ਕਲਿਆਣ ਹਿੱਤ ਪਰਗਟ ਹੋਣ ਵਾਲੀ ਅਗੰਮੀ ਸ਼ਖ਼ਸੀਅਤ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਾਤ-ਜਮਾਤ ਸਮੇਤ ਅਨੇਕ ਪ੍ਰਕਾਰ ਦੀਆਂ ਵੰਡੀਆਂ ਨੂੰ ਨਕਾਰਦਾ ਹੋਇਆ ਸਾਰੀ ਲੋਕਾਈ ਲਈ ਸਾਂਝਾ ਹੈ।

ਵੇਈਂ ਪ੍ਰਵੇਸ਼ ਤੋਂ ਬਾਅਦ 'ਚੜ੍ਹਿਆ ਸੋਧਣ ਧਰਤਿ ਲੋਕਾਈ' ਦੀ ਮੁਤਬਰਕ ਤੇ ਵਡੇਰੀ ਮੁਹਿੰਮ ਦੌਰਾਨ ਗੁਰੂ ਸਾਹਿਬ ਹਰ ਉਸ ਥਾਂ 'ਤੇ ਪਹੁੰਚਦੇ ਹਨ, ਜਿੱਥੇ ਲੋਕਾਈ ਨੂੰ ਮਾਰ ਪੈ ਰਹੀ ਸੀ। ਉਹ ਚਾਹੇ ਧਰਮ ਦਾ ਨਕਾਬ ਪਹਿਨੀ ਬ੍ਰਾਹਮਣ, ਕਾਜ਼ੀ, ਜੋਗੀ, ਸੰਨਿਆਸੀ, ਵੈਸ਼ਣੋ, ਗਿਆਨੀ, ਮੋਨੀ, ਦਿਗੰਬਰ, ਸਰੇਵੜੇ ਆਦਿ ਦੇ ਗੜ੍ਹ ਹੋਣ, ਕੌਡੇ ਭੀਲ ਜਾਂ ਸੱਜਣ ਠੱਗ ਵਰਗੇ ਲੋਕਾਂ ਦੇ ਅਰਾਮਗਾਹ ਹੋਣ ਅਤੇ ਜਾਂ ਫਿਰ ਬੇਪਨਾਹ ਕਤਲੋ-ਗਾਰਤ ਮਚਾਉਣ ਵਾਲੀ ਸਮਕਾਲੀ ਰਾਜਨੀਤਿਕ ਸ਼ਰਕੀ ਬਾਬਰ ਦਾ ਦਰਬਾਰ ਹੋਵੇ। ਗੁਰੂ ਨਾਨਕ ਸਾਹਿਬ ਹਰ ਥਾਂ ਤੇ ਹਰ ਸਥਿਤੀ ਵਿਚ 'ਨਿਰਭਉ ਨਿਰਵੈਰ' ਦੇ ਮਹਾਨ ਸੰਕਲਪ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਮਾਨਵੀ ਕਲਿਆਣ ਹਿੱਤ ਇਲਾਹੀ ਸੰਦੇਸ਼ ਸੰਚਾਰਤ ਕਰਦੇ ਹਨ।

ਅਜਿਹੀ ਮਹਾਨ ਸ਼ਖ਼ਸੀਅਤ ਦੇ ਵੱਖ-ਵੱਖ ਪਸਾਰਾਂ ਸਬੰਧੀ ਜਿੱਥੇ ਅਨੇਕ ਵਿਦਵਾਨਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਹਨ, ਉੱਥੇ ਗੁਰੂ ਸਾਹਿਬ ਦੇ ਨਾਂ ਦੀ ਵਿਆਖਿਆ ਵੀ ਬਹੁਤ ਸਾਰੇ ਵਿਦਵਾਨਾਂ ਨੇ ਆਪੋ-ਆਪਣੇ ਦ੍ਰਿਸ਼ਟੀਕੋਣ ਤੋਂ ਕਰਨ ਦਾ ਯਤਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਗੋਯਾ ਜੀ ਗੁਰੂ ਨਾਨਕ ਸਾਹਿਬ ਦੇ ਨਾਂ 'ਨਾਨਕ' ਵਿਚਲੇ ਦੋਵੇਂ 'ਨ' ਅੱਖਾਂ ਨੂੰ ਕ੍ਰਮਵਾਰ 'ਨਈਮੇ' (ਨਿਆਮਤਾਂ ਦੇਣ ਵਾਲੇ) ਅਤੇ 'ਨਸੀਰ' (ਮਦਦਗਾਰ), ਵਿਚਕਾਰਲੇ ਕੰਨੇ (ਫ਼ਾਰਸੀ ਅੱਖਰ ਅਲਫ਼) ਨੂੰ 'ਅਹਿਦ' (ਅਦੁੱਤੀ) ਅਤੇ ਅਖ਼ੀਰਲੇ ਕੱਕੇ (ਕ) ਨੂੰ 'ਕਬੀਰ' (ਵਡਿਓਂ-ਵੱਡਾ) ਦੇ ਪ੍ਰਤੀਕ ਵਜੋਂ ਗ੍ਰਹਿਣ ਕਰ ਆਪਣੀ ਰਚਨਾ 'ਤੋਸੀਫ਼ੋ ਸਨਾਅ' ਵਿਚ ਫਰਮਾਉਂਦੇ ਹਨ :

ਹਰ ਦੋ ਨੂਨੋ ਨਾਮੇ ਪਾਕਿਸ਼ , ਨਈਮੋ ਨਸੀਰ

ਅਲਫ਼ ਮਿਆਨਾ ਅਹਿਦ, ਕਾਫ਼ੋ ਆਖ਼ਰੀ ਕਬੀਰ

ਭਾਈ ਨੰਦ ਲਾਲ ਗੋਯਾ ਜੀ ਵਾਂਗ ਹੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਵੀ 'ਗੁਰੂ ਨਾਨਕ ਪ੍ਰਕਾਸ਼' ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਵਿਆਖਿਆ ਸ਼ਬਦ ਦੀ ਧੁਨਾਤਮਕ, ਭਾਵੰਸ਼ਕ ਆਦਿ ਇਕਾਈਆਂ ਦੀ ਪੱਧਰ 'ਤੇ ਕਰਦੇ ਹੋਏ ਇਸ ਨੂੰ 'ਨ+ਅਨਕ' ਵਿਚ ਵੰਡ ਕੇ ਵਿਚਾਰਦੇ ਹਨ। ਉਹ 'ਨ' ਦਾ ਅਰਖ 'ਪੁਰਖ' ਅਤੇ 'ਅਨਕ' (ਅਨ+ਅਕ) ਵਿਚਲੇ 'ਅਨ' ਦਾ ਅਰਥ 'ਨਹੀਂ' ਤੇ 'ਅਕ' ਦਾ ਅਰਥ 'ਦੁੱਖ' ਕਰਦੇ ਹਨ। ਭਾਵ, ਉਹ ਪੁਰਖ, ਜਿਸ ਨੂੰ ਦੁੱਖ ਨਹੀਂ, ਜੋ ਸਦਾ ਆਨੰਦ ਸਰੂਪ ਹੈ, ਉਹੀ ਨਾਨਕ ਹੈ।

ਪ੍ਰਾਕ ਦੋ ਨਕਾਰ ਨ ਪੁਮਾਨ

ਆਬਿਧਾਨ ਜਾਨਿ

ਤਾਹੂ ਤੇ ਅਕਾਰ ਲੋ ਅਨਿਕ

ਪੁਨ ਤੀਨ ਹੈ।

ਦੂਸਰੇ ਨਕਾਰ ਤੇ ਨਿਕਾਰ ਕੈ

ਅਕਾਰ ਕਰਿ

ਭਯੋ ਅਨ ਅਕ ਚਾਰ ਬਰਨ ਸੁ

ਕੀਨਿ ਹੈ।

ਅਕ ਨਾਮ ਦੁਖ ਕੋ ਬਿਦਤ ਹੈ

ਜਗਤ ਮਧ

ਜਾ ਨਰ ਕੋ ਨਹੀਂ ਦੁਖ ਸਦਾ ਸੁੱਖ ਲੀਨ ਹੈ।

ਐਸੋ ਇਹ 'ਨਾਨਕ' ਕੇ ਨਾਮ ਕੋ

ਅਰਥ ਚੀਨ

ਸਤਿ ਚਿਦਾ ਨੰਦ ਨਿਤਿ ਭਗਤਿ ਅਧੀਨ ਹੈ।

ਪ੍ਰਿੰਸੀਪਲ ਧਰਮਾਨੰਤ ਸਿੰਘ ਜੀ ਵੀ ਉਪਰੋਕਤ ਨਾਲ ਮਿਲਦੇ ਜੁਲਦੇ ਵਿਚਾਰ ਦਿੰਦੇ ਹੋਏ ਲਿਖਦੇ ਹਨ ਕਿ ਗੁਰੂ ਸਾਹਿਬ ਦੇ ਨਾਮ 'ਨਾਨਕ' ਜਾ ਅਰਥ ਹੈ 'ਇਕ'। ਇਹ ਦੋ ਉਚਾਰਖੰਡਾਂ ਦਾ ਬਣਿਆ ਹੋਇਆ ਹੈ। ਪਹਿਲਾ 'ਨਾ' ਇਕ ਨਕਾਰਾਤਮਕ ਅਗੇਤਰ ਹੈ, ਜਿਸ ਦਾ ਅਰਥ ਹੈ 'ਨਹੀਂ, ਦੂਜੇ 'ਅਨਕ' ਦਾ ਅਰਥ ਹੈ 'ਬਹੁਤ ਸਾਰੇ' ਅਤੇ ਇਹ 'ਅਨੇਕ' ਜਾਂ 'ਅਨਿਕ' ਦਾ ਹੀ ਦੂਜਾ ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਤੁਕਾਂ 'ਅਨਿਕ' ਨਾਲ ਸ਼ੁਰੂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਦੋਵੇਂ ਉਚਾਰਖੰਡ ਮਿਲ ਕੇ 'ਨਾਨਕ' ਨਾਮ ਦੀ ਰਚਨਾ ਕਰਦੇ ਹਨ, ਜਿਸ ਦਾ ਅਰਥ ਹੈ 'ਅਨੇਕ ਨਹੀਂ', ਭਾਵ 'ਇਕ।'

ਪਰ ਸੋਢੀ ਮਨੋਹਰ ਦਾਸ ਮਿਹਰਵਾਨ ਨੇ ਜਨਮ ਸਾਖੀ 'ਸ੍ਰੀ ਗੁਰੂ ਨਾਨਕ ਦੇਵ ਜੀ' ਵਿਚ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਜਨਮ ਨਾਨਕੇ ਜਾਂ ਨਾਨੇ ਦੇ ਪਿੰਡ ਚਾਹਲ, ਜ਼ਿਲ੍ਹਾ ਲਾਹੌਰ ਵਿਖੇ ਹੋਣ ਕਾਰਨ ਉਨ੍ਹਾਂ ਦੇ ਨਾਂ ਨਾਨਕੀ ਅਤੇ ਨਾਨਕ ਰੱਖੇ ਗਏ ਦਰਸਾਏ ਹਨ।

ਡਾ. ਵਿਕਰਮ ਸਿੰਘ ਵੀ ਸੋਢੀ ਮਿਹਰਵਾਨ ਦੇ ਉਪਰੋਕਤ ਵਿਚਾਰਾਂ ਦੀ ਪ੍ਰੋਢਤਾ ਕਰਦੇ ਹੋਏ 'ਏਕ ਓਅੰਕਾਰ ਦਰਸ਼ਨ ਜਪੁ ਨੀਸਾਣ' ਪੁਸਤਕ ਵਿਚ ਲਿਖਦੇ ਹਨ :

'ਸ਼ਬਦ 'ਨਾਨਕ' ਖ਼ਾਸ ਨਾਂਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਈ , ਨਿੱਜ ਨਾਂ ਲਈ ਇਹ ਵਰਤਿਆ ਗਿਆ ਹੈ। 'ਨਾਨਕ' ਸ਼ਬਦ ਪੰਜਾਬੀ ਸੱਭਿਆਚਾਰ ਵਿੱਚੋਂ ਹੈ। ਇਸ ਸ਼ਬਦ ਦੇ ਸ਼ਬਦ-ਜੋੜ, ਰੂਪ ਤੇ ਅਰਥ ਦੀ ਨਿਕਟਤਾ ਦਾ ਸਬੰਧ 'ਨਾਨਕੀ', ਨਾਨਕਾ, 'ਨਾਨਕੇ' ਆਦਿ ਸ਼ਬਦਾਂ ਨਾਲ ਹੈ। ਇਸੇ ਲੜੀ ਵਿਚ 'ਨਾਨਾ-ਨਾਨੀ' ਸ਼ਬਦ ਆਉਂਦੇ ਹਨ। ਇਹ ਸਾਰੇ ਸ਼ਬਦ ਧਾਤੂ ਪਦ 'ਨਾਨ' ਤੋਂ ਵਿਕਸਤ ਹੋਏ ਹਨ। ਨਾਂਵ ਮੀਲ 'ਨਾਨ' ਦੇ ਨਾਲ ਕਰਤਰੀ ਪ੍ਰਤੇ 'ਕ' ਲਗਾ ਕੇ 'ਨਾਨਕ' ਬਣਿਆ ਹੈ। 'ਨਾਨਕ' ਸ਼ਬਦ ਦਾ ਸ਼ਾਬਦਿਕ ਅਰਥ, ਭਾਸ਼ਾਈ ਦ੍ਰਿਸ਼ਟੀ ਤੋਂ, 'ਨਾਨਕੇ ਨਾਲ ਸਬੰਧ ਰੱਖਣ ਵਾਲਾ' ਜਾਂ 'ਨਾਨਕੇ ਘਰ ਜਨਮ ਲੈਣ ਵਾਲਾ' ਵੀ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਾਨਕੇ ਘਰ, ਪਿੰਡ ਚਾਹਲ ਵਿਚ ਸੰਮਤ 1526 ਵੈਸਾਖ ਸੁਦੀ 3 ਨੂੰ ਹੋਇਆ। ਪਿੰਡ ਚਾਹਲ ਥਾਣਾ ਬਰਕੀ, ਪਿੰਡ ਕਾਰਬਾਠ ਦੇ ਕੋਲ (ਗਹੁਣ ਨਨਕਾਣਾ ਸਾਹਿਬ ਵਾਲੀ ਥਾਂ), ਜ਼ਿਲ੍ਹਾ ਲਾਹੌਰ ਵਿਚ ਹੈਸ਼ ਇਹ 'ਚਾਹਲ' ਗੁਰੂ ਨਾਨਕ ਦੇਵ ਜੀ ਦਾ ਨਾਨਕਾ ਪਿੰਡ ਹੈ।''

ਇਸ ਤਰ੍ਹਾਂ, ਗੁਰੂ ਨਾਨਕ ਸਾਹਿਬ ਦੇ ਨਾਂ 'ਨਾਨਕ' ਨੂੰ ਬੇਸ਼ੱਕ ਇਕ ਮੱਤ ਉਨ੍ਹਾਂ ਦੇ ਜਨਮ ਅਸਥਾਨ, ਨਾਨਕੇ ਪਿੰਡ ਨਾਲ ਜੋੜ ਕੇ ਪੇਸ਼ ਕਰਦਾ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ 'ਇਕ ਓਅੰਕਾਰੀ' ਸੰਦੇਸ਼ ਤੇ ਮਨੁੱਖੀ ਸਰੋਕਾਰਤਾ ਵਿੱਚੋਂ ਪੈਦਾ ਹੋਈ ਰੂਹਾਨੀ ਛਵੀ ਦੇ ਸੰਧਰਭ ਵਿਚ ਇਸ 'ਨਾਨਕ ਸੰਦੇਸ਼' ਦੇ ਸੰਕੇਤਕ ਵਜੋਂ ਵੀ ਚਿਤਰਿਆ ਜਾ ਸਕਦਾ ਹੈ। ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਭਿੰਨਤਾ ਦਾ ਭਰਮ ਸਿਰਜ ਕੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੀ ਧਿਰ ਦੇ ਸਾਹਮਣੇ ਅਡੋਲਤਾ ਸਹਿਤ ਰੱਬੀ ਏਕਤਾ ਤੋਂ ਮਾਨਵੀ ਏਕਤਾ ਤਕ ਦਾ ਸਰਬੱਤ ਦੇ ਭਲੇ ਦਾ ਸੰਕਲਪ ਪੇਸ਼ ਕਰਨ ਵਾਲੀ ਰੂਹਾਨੀ ਹੋਂਦ ਦਾ ਨਾਮ ਹੀ 'ਨਾਨਕ' ਗੈ ਅਤੇ ਅਨੇਕਤਾ ਵਿਚ ਏਕਤਾ ਦਾ ਗਿਆਨ ਹੀ 'ਨਾਨਕ' ਨਾਮ ਦਾ ਰਹੱਸ ਹੈ।

ਜਸਵੰਤ ਸਿੰਘ ਫ਼ਰੀਦਾਬਾਦ

Posted By: Harjinder Sodhi