ਬਲਵਿੰਦਰ ਸਿੰਘ ਧਾਲੀਵਾਲ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 10 ਲੱਖ ਜ਼ਰੂਰਤਮੰਦ ਬੱਚਿਆਂ ਲਈ ਭੋਜਨ ਇਕੱਠਾ ਕਰਨ ਦੇ ਟੀਚੇ ਨਾਲ ਗੁਰੂ ਸਾਹਿਬ ਦੀ ਪਹਿਲੀ ਤੇ ਦੂਜੀ ਉਦਾਸੀ ਦੇ 5000 ਕਿੱਲੋਮੀਟਰ ਮਾਰਗ 'ਤੇ ਪੈਦਲ ਚੱਲ ਕੇ ਅਤੇ ਦੌੜ ਕੇ ਸਾਢੇ ਪੰਜ ਮਹੀਨਿਆਂ ਵਿੱਚ ਸਫ਼ਰ ਪੂਰਾ ਕਰਕੇ ਸ਼ਰਧਾ ਦੀ ਅਨੋਖੀ ਮਿਸਾਲ ਪੈਦਾ ਕਰਨ ਵਾਲੇ ਬੈਂਗਲੁਰੂ ਦੇ 41 ਸਾਲਾ ਅਲਟਰਾ ਮੈਰਾਥਨ ਦੌੜਾਕ ਅਤੇ ਕੋਚ ਧਰਮਿੰਦਰ ਕੁਮਾਰ ਹੁਣ 11 ਨਵੰਬਰ ਨੂੰ ਯਾਦਗਾਰੀ ਦੌੜ ਲਾਉਣ ਜਾ ਰਹੇ ਹਨ।

ਧਰਮਿੰਦਰ ਦੌੜ ਦੀ ਸ਼ੁਰੂਆਤ 11 ਨਵੰਬਰ ਨੂੰ ਸਵੇਰੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੋਂ ਮੱਥਾ ਟੇਕ ਕੇ ਕਰਨਗੇ। ਸੋਮਵਾਰ 11 ਨਵੰਬਰ ਨੂੰ ਸ਼ਾਮ ਤਕ ਸੁਲਤਾਨਪੁਰ ਲੋਧੀ ਪੁਹੰਚ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋ ਕੇ ਆਪਣੀ ਯਾਤਰਾ ਸਮਾਪਤ ਕਰਨਗੇ। ਇਥੇ ਪਹੁੰਚਣ 'ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਦੌੜਾਕ ਤੇ ਕੋਚ ਧਰਮਿੰਦਰ ਕੁਮਾਰ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਮੈਰਾਥਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਧਰਮਿੰਦਰ ਨੇ ਆਪਣੀ 5000 ਕਿੱਲੋਮੀਟਰ ਦੀ ਯਾਤਰਾ ਦਾ ਉਦੇਸ਼ ਦੱਸਦੇ ਹੋਏ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਝਦੇ ਹੋਏ ਉਸ 'ਤੇ ਚੱਲਣ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਗੁਰਪੁਰਬ ਦੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਉਦਾਸੀਆਂ 'ਤੇ ਆਧਾਰਤ ਪੈਦਲ ਯਾਤਰਾ ਕਰਨ ਦਾ ਨਿਰਣਾ ਲਿਆ। ਯਾਤਰਾ ਦਾ ਮੁੱਖ ਉਦੇਸ਼ 10 ਲੱਖ ਜ਼ਰੂਰਤਮੰਦ ਬੱਚਿਆਂ ਲਈ ਭੋਜਨ ਦਾ ਪ੍ਰਬੰਧ ਕਰਨਾ ਹੈ।

ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਅਕਸ਼ੇ ਪਾਤਰ ਫਾਊਂਡੇਸ਼ਨ ਨਾਲ ਵੀ ਸਾਂਝੇਦਾਰੀ ਕੀਤੀ ਹੋਈ ਹੈ। ਇਸ ਯਾਤਰਾ ਦੌਰਾਨ ਉਹ ਕਰੀਬ 660 ਜ਼ਰੂਰਤਮੰਦ ਬੱਚਿਆਂ ਲਈ ਇਕ ਸਾਲ ਦੇ ਭੋਜਨ ਦਾ ਪ੍ਰਬੰਧ ਕਰਨ 'ਚ ਕਾਮਯਾਬ ਰਹੇ ਹਨ। ਉਨ੍ਹਾਂ ਸੰਗਤ ਨੂੰ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰਰੇਰਿਤ ਕੀਤਾ।