ਰਮੇਸ਼ ਰਾਮਪੁਰਾ, ਅੰਮਿ੍ਤਸਰ : ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕਰਦਿਆਂ ਵੱਖ-ਵੱਖ ਕਵੀਆਂ ਵੱਲੋਂ ਮੰਗਲਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਅਜਿਹੀ ਛਹਿਬਰ ਲਾਈ ਗਈ ਕਿ ਮਾਹੌਲ ਆਨੰਦਮਈ ਹੋ ਗਿਆ।

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਦੱਖਣੀ ਏਸ਼ੀਆਈ ਕਵੀ ਦਰਬਾਰ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਕੀਤੀ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲਣ ਵਾਲੇ ਦੱਖਣੀ ਏਸ਼ੀਆਈ ਕਵੀ ਦਰਬਾਰ ਵਿਚ ਉਨ੍ਹਾਂ ਦੇਸ਼ਾਂ ਅਤੇ ਰਾਜਾਂ ਤੋਂ ਕਵੀ ਪਹੁੰਚੇ ਜਿਥੇ ਜਿਥੇ ਗੁਰੂ ਜੀ ਆਪਣੀਆਂ ਉਦਾਸੀਆਂ ਸਮੇਂ ਪਹੁੰਚੇ ਸਨ।

ਵੱਖ-ਵੱਖ ਕਵੀਆਂ ਨੇ ਅੱਜ ਪਹਿਲੇ ਦਿਨ ਆਪੋ ਆਪਣੀਆਂ ਬੋਲੀਆਂ ਵਿਚ ਪੇਸ਼ ਕੀਤੀਆਂ ਕਵਿਤਾਵਾਂ ਵਿਚ ਮੁੱਖ ਤੌਰ 'ਤੇ ਗੁਰੂ ਜੀ ਦਾ ਫ਼ਲਸਫ਼ਾ, ਜੀਵਨ ਦੇ ਵੱਖ-ਵੱਖ ਬਿਰਤਾਂਤ ਅਤੇ ਸਾਖੀਆਂ ਤੋਂ ਇਲਾਵਾ ਆਧੁਨਿਕ ਸਮਾਜ ਵਿਚ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪਰੋਇਆ ਸੀ।

ਵੱਖ-ਵੱਖ ਕਵੀਆਂ ਨੇ ਜਿਥੇ ਤਰੰਨਮ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਉਥੇ ਦੂਜੀਆਂ ਭਾਸ਼ਾਵਾਂ ਵਿਚ ਪੇਸ਼ ਕੀਤੀਆਂ ਕਵਿਤਾਵਾਂ ਦੀ ਵਿਆਖਿਆ ਵੀ ਕੀਤੀ ਗਈ। ਪਹਿਲੇ ਦਿਨ ਦੇ ਕਵੀ ਦਰਬਾਰ ਵਿਚ ਸ੍ਰੀ ਲੰਕਾ, ਈਰਾਨ, ਪਾਕਿਸਤਾਨ, ਈਰਾਕ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਵੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਮਤ ਵਿਚ ਕਵੀਆਂ ਦੇ ਸਥਾਨ ਅਤੇ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਮਾਜ ਨੂੰ ਅੱਗੇ ਲੈ ਕੇ ਜਾਣ ਲਈ ਕਵੀਆਂ ਦਾ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਕਵੀਆਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਕਵੀ ਦਰਬਾਰ ਦੇ ਕੋਆਰਡੀਨੇਟਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਵੱਲੋਂ 25 ਤੋਂ ਵੱਧ ਪ੍ਰਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਵਿਚੋਂ ਇਹ ਇਕ ਹੈ।

ਕਵੀਆਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਰੋ. ਜਸਪਾਲ ਸਿੰਘ ਸੰਧੂ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਵੀ ਸਨਮਾਨਿਤ ਕੀਤਾ। ਇਸ ਸਮੇਂ ਉੜੀਸਾ ਤੋਂ ਉਚੇਚੇ ਤੌਰ 'ਤੇ ਪੁੱਜੀ ਨਾਮਵਰ ਕਵਿਤਰੀ ਸਾਧਨਾ ਪੱਤਰੀ ਵੱਲੋਂ 14 ਬਾਣੀਆਂ ਦੇ ਉੜੀਆ ਭਾਸ਼ਾ ਵਿਚ ਕੀਤੇ ਅਨੁਵਾਦ ਦੀਆਂ ਕਿਤਾਬਾਂ ਦਾ ਸੈੱਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਭੇਂਟ ਕੀਤਾ। ਕਵੀ ਦਰਬਾਰ ਦੇ ਪਹਿਲੇ ਦਿਨ ਨੌਂ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਈਰਾਨ ਤੋਂ ਸਨਮੁਖ ਸਿੰਘ ਅਨੰਦ, ਗੁਰਚਰਨ ਸਿੰਘ ਚਰਨ (ਦਿੱਲੀ), ਸ਼੍ਰੀ ਲੰਕਾ ਤੋਂ ਅਰਤਿਕਾ ਅਰੋੜਾ ਬਖਸ਼ੀ, ਕਸ਼ਮੀਰ ਤੋਂ ਪ੍ਰਰੋ. ਹਮੀਦੁਲਾ ਮਿਰਾਜ਼ੀ, ਕਲਕੱਤਾ ਤੋਂ ਰਵੇਲ ਸਿੰਘ, ਅਰਤਿੰਦਰ ਕੌਰ ਸੰਧੂ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰ ਮਾਹੌਲ ਨੂੰ ਇਲਾਹੀ ਬਣਾ ਦਿੱਤਾ। ਜਲੰਧਰ ਤੋਂ ਰਛਪਾਲ ਸਿੰਘ ਪਾਲ ਨੇ ਮੰਚ ਸੰਚਾਲਨ ਕੀਤਾ।