ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ ਦੀਆਂ ਸਰਕਾਰਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮੀ ਸਰਹੱਦ 'ਤੇ ਖੋਲ੍ਹੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੌਰਾਨ ਜਿੱਥੇ ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਸਬੰਧੀ ਸਮਝੌਤਾ ਕੀਤਾ ਗਿਆ ਸੀ, ਉੱਥੇ ਸੋਮਵਾਰ ਨੂੰ ਲਾਂਘਾ ਖੁੱਲ੍ਹਣ ਦੇ ਦੱਸਵੇਂ ਦਿਨ ਤੋਂ ਬਾਅਦ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਅੰਕੜਾ ਸਿਰਫ਼ 3700 ਤਕ ਹੀ ਪੁੱਜ ਸਕਿਆ ਹੈ।

ਭਾਰਤ ਸਰਕਾਰ ਵੱਲੋਂ ਘੱਟ ਸ਼ਰਧਾਲੂਆਂ ਨੂੰ ਭੇਜਿਆ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਸਰਕਾਰ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਸ਼ਰਧਾਲੂਆਂ ਦੀ ਵੱਧ ਆਮਦ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰ ਕੇ ਪਰਤੇ ਰਾਜ ਜਤਿੰਦਰ ਸਿੰਘ ਬਿੱਟੂ ਪਿੰਡ ਨਾਰੂ ਜ਼ਿਲ੍ਹਾ ਪਟਿਆਲਾ, ਬਲਬੀਰ ਸਿੰਘ ਘਸੀਟਪੁਰ ਅਤੇ ਉੁਸ ਦੀ ਪਤਨੀ ਪਰਮਜੀਤ ਕੌਰ ਘਸੀਟਪੁਰ, ਕੰਵਲਜੀਤ ਕੌਰ ਨਿਊ ਬੰਬੇ, ਸਤਬੀਰ ਕੌਰ, ਜਗਜੀਤ ਕੌਰ ਮੁੰਬਈ, ਸਰਨਜੀਤ ਕੌਰ, ਨਹਿਰੂ ਗਾਰਡਨ ਮੁੰਬਈ ਆਦਿ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਟਰਮੀਨਲ ਦੇ ਅਧਿਕਾਰੀਆਂ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਮਾਣ ਤੇ ਸਤਿਕਾਰ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਸ਼ਰਧਾਲੂਆਂ ਨੂੰ ਛੁਹਾਰੇ, ਬਦਾਮਾਂ ਅਤੇ ਮਖਾਣਿਆਂ ਦਾ ਪ੍ਰਸਾਦਿ ਵੰਡਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਦਰਸ਼ਨਾ ਲਈ ਜਾ ਰਹੇ ਸ਼ਰਧਾਲੂਆਂ ਨੂੰ ਜਿੱਥੇ ਭਾਰਤੀ ਟਰਮੀਨਲ ਵਿਚ ਸਖ਼ਤ ਪ੍ਰਕਿਰਿਆ ਹੇਠੋਂ ਲੰਘਣਾ ਪੈ ਰਿਹਾ ਹੈ, ਉੱਥੇ ਪਾਕਿਸਤਾਨੀ ਟਰਮੀਨਲ ਵਿਚ ਕਿਸੇ ਵੀ ਸ਼ਰਧਾਲੂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਬੰਧਕਾਂ ਅਤੇ ਕਰਤਾਰਪੁਰ ਸਾਹਿਬ ਵਿਚ ਸੇਵਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਪਿੱਛੇ ਨਵਜੋਤ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਦਾ ਅਹਿਮ ਰੋਲ ਹੈ।

ਬਜ਼ੁਰਗਾਂ ਨੂੰ ਆਧਾਰ ਕਾਰਡ 'ਤੇ ਹੀ ਭੇਜਿਆ ਜਾਵੇ ਦਰਸ਼ਨਾਂ ਲਈ

ਰਾਜਿੰਦਰ ਬਿੱਟੂ ਨੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਕਈ ਬਜ਼ੁਰਗ ਪਾਸਪੋਰਟ ਬਣਾਉਣ ਤੋਂ ਅਸਮਰੱਥ ਹਨ ਉਨ੍ਹਾਂ ਨੂੰ ਆਧਾਰ ਕਾਰਡ 'ਤੇ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਭੇਜਿਆ ਜਾਵੇ।