ਜਤਿੰਦਰ ਪੰਮੀ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਨਕਾਣਾ ਸਾਹਿਬ ਤੋਂ ਚੱਲਿਆ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਕਰਤਾਰਪੁਰ ਦੇ ਰਸਤੇ ਜਲੰਧਰ ਜ਼ਿਲ੍ਹੇ 'ਚ ਦਾਖ਼ਲ ਹੋਇਆ।

ਇਹ ਨਗਰ ਕੀਰਤਨ ਤੜਕੇ ਸ਼ਹਿਰ 'ਚ ਦਾਖ਼ਲ ਹੋਇਆ, ਜਿਸ ਦਾ ਜੈਕਾਰਿਆਂ ਦੀ ਗੂੰਜ 'ਚ ਫੁੱਲਾਂ ਦੀ ਵਰਖਾ ਕਰ ਕੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਅਤੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਸੰਗਤ ਸਾਰੀ ਰਾਤ ਬਾਣੀ ਦਾ ਜਾਪ ਕਰਦੀ ਹੋਈ ਉਡੀਕ ਕਰਦੀ ਰਹੀ। ਨਗਰ ਕੀਰਤਨ ਪੁੱਜਣ 'ਤੇ ਸੰਗਤ ਨਤਮਸਤਕ ਹੋ ਕੇ ਨਿਹਾਲ ਹੋਈ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ।

ਰਾਤ ਨੂੰ ਇੰਡਸਟਰੀਅਲ ਏਰੀਆ ਸਥਿਤ ਗੁਰਦੁਆਰਾ ਸਾਹਿਬ 'ਚ ਠਹਿਰਾਅ ਕਰਨ ਤੋਂ ਬਾਅਦ ਸੋਮਵਾਰ ਸਵੇਰੇ ਇਹ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ। ਇਹ ਨਗਰ ਕੀਰਤਨ ਇੰਡਸਟਰੀਅਲ ਏਰੀਏ ਤੋਂ ਸੋਢਲ ਰੋਡ, ਦੁਆਬਾ ਚੌਕ, ਕਿਸ਼ਨਪੁਰਾ ਚੌਕ ਤੋਂ ਹੁੰਦਾ ਹੋਇਆ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਬਸਤੀ ਅੱਡਾ ਚੌਕ, ਜੋਤੀ ਚੌਕ ਅਤੇ ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਸੰਦ ਚੌਕ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਗੁਰੂ ਰਵਿਦਾਸ ਚੌਕ, ਮਾਡਲ ਹਾਊਸ, ਬਬਰੀਕ ਚੌਕ, 120 ਫੁੱਟੀ ਰੋਡ, ਬਸਤੀ ਬਾਵਾ ਖੇਲ, ਵਰਿਆਣਾ, ਸੰਗਲ ਸੋਹਲ ਅਤੇ ਮੰਡ ਪਿੰਡ ਵਿਚੋਂ ਹੁੰਦਾ ਹੋਇਆ ਕਪੂਰਥਲਾ ਲਈ ਰਵਾਨਾ ਹੋਇਆ।

ਇਸ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸਾਰਾ ਸ਼ਹਿਰ ਹੀ ਸੜਕਾਂ ਕੰਢੇ ਖਲੋਤਾ ਪਿਆ ਸੀ, ਜਿਸ 'ਚ ਹਰ ਫਿਰਕੇ, ਮਜ਼ਹਬ ਤੇ ਖਿੱਤੇ ਦੇ ਲੋਕ ਸ਼ਰਧਾ ਭਾਵਨਾ ਨਾਲ ਪੁੱਜੇ ਹੋਏ ਸਨ। ਸੰਗਤ ਪਾਲਕੀ ਸਾਹਿਬ ਅੱਗੇ ਨਤਮਸਤਕ ਹੋਣ ਦੇ ਨਾਲ਼-ਨਾਲ਼ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਕੇ ਨਿਹਾਲ ਹੋ ਰਹੀ ਸੀ। ਨਗਰ ਕੀਰਤਨ ਉੱਪਰ ਅਸਮਾਨ ਤੋਂ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਸਾਰਾ ਸ਼ਹਿਰ ਕੇਸਰੀ ਝੰਡਿਆਂ ਨਾਲ ਸਜਿਆ ਪਿਆ ਸੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ।

ਨਗਰ ਕੀਰਤਨ ਦੇ ਅੱਗੇ-ਅੱਗੇ ਮੋਟਰਸਾਈਕਲ ਸਵਾਰ ਸਿੱਖ ਨੌਜਵਾਨ ਜੱਥੇ ਦੇ ਰੂਪ ਵਿਚ ਚੱਲ ਰਹੇ ਸਨ। ਬੱਚੇ, ਬਜ਼ੁਰਗ ਅਤੇ ਔਰਤਾਂ ਸਾਰੇ ਨਗਰ ਕੀਰਤਨ ਦੇ ਦਰਸ਼ਨ ਲਈ ਪੁੱਜੇ ਹੋਏ ਸਨ, ਜਿਨ੍ਹਾਂ ਲਈ ਵੱਖ-ਵੱਖ ਗੁਰਦੁਆਰਾ ਕਮੇਟੀਆਂ, ਸਭਾਵਾਂ, ਧਾਰਮਿਕ ਸੰਸਥਾਵਾਂ ਅਤੇ ਦੁਕਾਨਦਾਰਾਂ ਵੱਲੋਂ ਲੰਗਰ ਲਾਏ ਗਏ ਸਨ। ਨਗਰ ਕੀਰਤਨ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਤੇ ਹੋਰ ਅਧਿਕਾਰੀਆਂ ਨੇ ਹਾਜ਼ਰੀ ਭਰੀ।