ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਪਾਕਿਸਤਾਨ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਦੇਸ਼ ਦੇ 17 ਰਾਜਾਂ ਤੋਂ ਹੁੰਦਾ ਹੋਇਆ ਬੁੱਧਵਾਰ ਦੀ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਪੁੱਜਾ।

ਸ੍ਰੀ ਗੁਰੂ ਗ੍ੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੁੱਜੇ ਇਸ ਨਗਰ ਕੀਰਤਨ ਦਾ ਸਵਾਗਤ ਸੰਗਤਾਂ ਨੇ ਗਰਮਜੋਸ਼ੀ ਨਾਲ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਿਮਰਨਸਰ ਸਾਹਿਬ ਵਿਖੇ ਪੁੱਜਣ 'ਤੇ ਸੰਗਤਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਪਾਲਕੀ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ।

ਇਸ ਮੌਕੇ ਕਾਰਸੇਵਾ ਸੰਸਥਾ ਦੇ ਮੁਖੀ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਨੇ ਗੁਰੂ ਸਾਹਿਬ ਲਈ ਪਵਿੱਤਰ ਰੁਮਾਲਾ ਸਾਹਿਬ ਭੇਟ ਕੀਤੇ। ਇਸ ਮੌਕੇ ਸੰਗਤਾਂ ਨੇ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਾਤਨ ਸ਼ਸ਼ਤਰਾਂ ਦੇ ਦਰਸ਼ਨ ਵੀ ਕੀਤੇ।

ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਨੇ ਕਿਹਾ ਕਿ ਸੰਗਤਾਂ ਵਡਭਾਗੀਆਂ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਏ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸਿੱਖਾਂ ਦੀ ਦਹਾਕਿਆਂ ਬੱਧੀ ਮੰਗ ਨੂੰ ਪੂਰਾ ਕਰਨ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਵੀਰਵਾਰ ਸਵੇਰੇ ਸਾਬਕਾ ਕੈਬਨਿਟ ਮੰਤਰੀ ਜਥੇ. ਤੋਤਾ ਸਿੰਘ ਵੱਲੋਂ ਸ਼੍ਰੀ ਗੁਰੂ ਗ੍ੰਥ ਸਾਹਿਬ ਨੰੂ ਨਨਕਾਣਾ ਸਾਹਿਬ ਤੋਂ ਆਈ ਸੁੰਦਰ ਪਾਲਕੀ ਵਿਚ ਫੁੱਲਾਂ ਦੀ ਵਰਖਾ ਨਾਲ ਜੈਕਾਰਿਆਂ ਦੀ ਗੂੰਜ ਵਿਚ ਸਤਿਨਾਮ ਵਾਹਿਗੁਰ ਦੇ ਜਾਪ ਨਾਲ ਪਾਲਕੀ ਵਿਚ ਸ਼ਸੋਭਿਤ ਕੀਤਾ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬੇ ਨਾਨਕ ਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਹੋਕੇ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਬਾਬਾ ਗੁਰਨਾਮ ਸਿੰਘ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਭਾਈ ਦਰਸ਼ਨ ਸਿੰਘ ਘੋਲੀਆ, ਸੰਤ ਸਮਾਜ, ਧਾਰਮਿਕ ਕਲੱਬਾਂ ਦੇ ਆਗੂਆਂ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।