ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਆਰੰਭੇ ਗਏ ਸਮਾਗਮਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਾਈ ਗਈ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀਆਂ ਪੇਂਟਿੰਗਾਂ ਤੇ ਸੁੰਦਰ ਲਿਖਤਾਂ ਆਦਿ ਦੀ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਪੇਂਟਿੰਗਾਂ ਵੇਖੀਆਂ ਅਤੇ ਮੌਕੇ 'ਤੇ ਪੇਂਟਿੰਗ ਬਣਾ ਰਹੇ ਅਤੇ ਸੁੰਦਰ ਲਿਖਤਾਂ ਲਿਖ ਰਹੇ ਵਿਦਿਆਰਥੀਆਂ ਪ੍ਰਤੀ ਉਚੇਚੀ ਦਿਲਚਸਪੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ।

ਉਦਘਾਟਨ ਮਗਰੋਂ ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰਕਾਂਤ ਕਲੋਹੀਆ ਆਈਏਐੱਸ (ਰਿਟਾ:) ਨੇ ਮੁੱਖ ਮੰਤਰੀ ਨੂੰ ਪ੍ਰਦਰਸ਼ਨੀ ਹਾਲ ਦਾ ਦੌਰਾ ਕਰਵਾਇਆ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਆਈਏਐੱਸ, ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਉੱਚ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ।

ਪ੍ਰਦਰਸ਼ਨੀ 'ਚ ਰੱਖੀਆਂ ਗਈਆਂ ਪੇਂਟਿੰਗਾਂ ਅਤੇ ਲਿਖਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ 'ਚ ਮੁਕੰਮਲ ਕੀਤੇ ਗਏ ਅਕਾਦਮਿਕ ਸਾਲ ਦੇ ਸਹਿ-ਅਕਾਦਮਿਕ ਮੁਕਾਬਲਿਆਂ 'ਚ ਜੇਤੂ ਰਹੀਆਂ ਕਿਰਤਾਂ ਹਨ। ਬੋਰਡ ਮੁਕਾਬਲਿਆਂ ਦੌਰਾਨ ਭੰਗੜਾ, ਗਿੱਧਾ ਅਤੇ ਲੋਕ ਨਾਚ ਤੋਂ ਇਲਾਵਾ ਬਾਕੀ ਸਾਰੀਆਂ 17 ਵੰਨਗੀਆਂ ਦੇ ਮੁਕਾਬਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਫ਼ਲਸਫੇ ਦੇ ਵਿਸ਼ਿਆਂ 'ਤੇ ਹੀ ਤਿਆਰ ਕਰਵਾਏ ਗਏ ਸਨ। ਪੰਜਾਬ ਭਰ ਦੇ 5000 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ 'ਚ ਨਿੱਜੀ ਦਿਲਚਸਪੀ ਲੈ ਕੇ ਪਹਿਲੀ ਪਾਤਸ਼ਾਹੀ ਦੇ ਕਿਰਤ ਕਰਨ, ਨਾਮ ਜਪਣ ਅਤੇ ਕੁਦਰਤ ਦੀ ਕਦਰ ਕਰਨ ਵਰਗੇ ਫ਼ਲਸਫਿਆਂ ਵਿਚ ਆਪਣੀ ਸ਼ਰਧਾ ਅਤੇ ਇੱਛਾ ਦਾ ਵਿਲੱਖਣ ਮੁਜ਼ਾਹਰਾ ਕੀਤਾ।

ਮੁਕਾਬਲਿਆਂ ਦੌਰਾਨ ਕਵੀਸ਼ਰੀ, ਵਾਰ ਗਾਇਨ, ਭਾਸ਼ਣ ਆਦਿ ਵੰਨਗੀਆਂ ਦੀ ਪੇਸ਼ਕਾਰੀ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਵੱਲੋਂ ਬੁੱਧਵਾਰ 6 ਨਵੰਬਰ, ਵੀਰਵਾਰ 7 ਨਵੰਬਰ ਅਤੇ ਬੁੱਧਵਾਰ 13 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਟੇਜ 'ਤੇ ਪੇਸ਼ ਕੀਤੀ ਜਾਵੇਗੀ।