ਜੇਐੱਨਐੱਨ, ਪਟਨਾ ਸਿਟੀ : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੰਜ ਰੋਜ਼ਾ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ 6 ਨਵੰਬਰ ਤੋਂ ਹੋਵੇਗੀ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 12 ਨਵੰਬਰ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਹੋਵੇਗਾ। 9 ਨਵੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ੍ਰੀ ਅਖੰਡ ਪਾਠ ਆਰੰਭ ਹੋਵੇਗਾ। 11 ਨਵੰਬਰ ਨੂੰ ਪਾਠ ਦੇ ਭੋਗ ਉਪਰੰਤ ਬਾਅਦ ਦੁਪਹਿਰ ਇਕ ਵਜੇ ਗੁਰੂ ਕਾ ਬਾਗ ਤੋਂ ਨਗਰ ਕੀਰਤਨ ਨਿਕਲੇਗਾ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ 10 ਨਵੰਬਰ ਨੂੰ ਸ਼ੁਰੂ ਹੋਵੇਗਾ ਜਿਸ ਦੇ ਭੋਗ 12 ਨਵੰਬਰ ਨੂੰ ਪੈਣਗੇ। ਪ੍ਰਕਾਸ਼ ਪੁਰਬ ਵਾਲੇ ਦਿਨ ਵਿਸ਼ੇਸ਼ ਕੀਰਤਨ ਅਤੇ ਕਵੀ ਦਰਬਾਰ ਵੀ ਹੋਵੇਗਾ। ਪ੍ਰਬੰਧਕ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਪਹਿਲੀ ਪ੍ਰਭਾਤ ਫੇਰੀ 6 ਨਵੰਬਰ ਨੂੰ ਸਵੇਰੇ ਪੰਜ ਵਜੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਤੋਂ ਨਿਕਲੇਗੀ। 10 ਨਵੰਬਰ ਨੂੰ ਕੱਢੀ ਜਾਣ ਵਾਲੀ ਆਖਰੀ ਪ੍ਰਭਾਤ ਫੇਰੀ ਅਸ਼ੋਕ ਰਾਜਪਥ, ਚਮਡੋਰੀਆ, ਪੂਰਬੀ ਦਰਵਾਜ਼ਾ, ਮੋਰਚਾ ਰੋਡ, ਪਟਨਾ ਸਾਹਿਬ ਸਟੇਸ਼ਨ, ਚੌਕ ਸ਼ਿਕਾਰਪੁਰ ਤੋਂ ਹੁੰਦੀ ਹੋਈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਮਾਪਤ ਹੋਵੇਗੀ। 12 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਹੋਵੇਗਾ।