ਪ੍ਰਸ਼ਾਂਤ ਸਿੰਘ, ਨਾਲੰਦਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਤੀਜੇ ਤੇ ਆਖਰੀ ਦਿਨ ਐਤਵਾਰ ਨੂੰ ਰਾਜਗੀਰ ਵਿਚ ਸ਼ੀਤਲ ਕੁੰਡ ਇਮਾਰਤ ਵਿਚ ਬਣੇ ਨਵੇਂ ਗੁਰਦੁਆਰੇ ਵਿਚ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਦੀਆਂ 10 ਸਿੱਖਿਆਵਾਂ ਦੀ ਵਿਸਥਾਰ ਨਾਲ ਚਰਚਾ ਕਰਦੇ ਹੋਏ ਉਨ੍ਹਾਂ ਮੁਤਾਬਿਕ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।

ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੂੰ ਕਿਹਾ ਕਿ ਅਸੀਂ ਜਦੋਂ ਤਕ ਹਾਂ, ਜੋ ਵੀ ਸੰਭਵ ਹੋਵੇਗਾ ਸਿੱਖ ਸਮਾਜ ਲਈ ਕਰਦੇ ਰਹਾਂਗੇ। ਅਗਲੇ ਸਾਲ ਤਕ ਗੁਰੂ ਨਾਨਕ ਦੇਵ ਜੀ ਦੇ ਰਾਜਗੀਰ ਆਗਮਨ ਦੇ ਪ੍ਰਤੀਕ ਸ਼ੀਤਲ ਕੁੰਡ ਇਮਾਰਤ ਵਿਚ ਗੁਰਦੁਆਰੇ ਦਾ ਨਿਰਮਾਣ ਪੂਰਾ ਹੋ ਜਾਏਗਾ। ਇਸ ਦੇ ਦਰਸ਼ਨ ਲਈ ਹਰ ਧਰਮ ਦੇ ਲੋਕ ਪੂਰਾ ਸਾਲ ਆਉਣਗੇ। ਰਾਜਗੀਰ ਵਿਚ ਪਹਿਲੀ ਵਾਰ ਪ੍ਰਕਾਸ਼ ਪੁਰਬ ਅਤੇ ਲੰਗਰ ਦੀ ਸ਼ੁਰੂਆਤ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਨੂੰ ਹਰ ਸਾਲ ਪ੍ਰਕਾਸ਼ ਪੁਰਬ ਵਿਚ ਆਉਣ ਦਾ ਸੱਦਾ ਦਿੱਤਾ।

ਨਿਤੀਸ਼ ਨੇ ਗੁਰੂ ਨਾਨਕ ਦੇ ਇਕ ਓਂਕਾਰ ਸਤਿਨਾਮ ਦਾ ਵਾਰ-ਵਾਰ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚਾਹੇ ਕੋਈ ਧਰਮ ਜਾਂ ਪੰਥ ਹੋਵੇ ਸਭ ਦਾ ਈਸ਼ਵਰ ਇਕ ਹੈ। ਗੁਰੂ ਨਾਨਕ ਦੀ ਸਰਬ ਧਰਮ ਸਦਭਾਵਨਾ ਦੀ ਇਹ ਸਭ ਤੋਂ ਵੱਡੀ ਸਿੱਖਿਆ ਸੀ। ਬਿਹਾਰ ਦਾ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨਾਲ ਡੂੰਘਾ ਸਬੰਧ ਹੈ। ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਗੰਗਾ ਕਿਨਾਰੇ ਬਕਸਰ ਹੁੰਦੇ ਹੋਏ ਪਟਨਾ ਆਏ। ਪਟਨਾ ਵਿਚ ਦੈਤਾਮਲ ਉਨ੍ਹਾਂ ਦੇ ਪੱਕੇ ਭਗਤ ਸਨ। ਉਨ੍ਹਾਂ ਦੇ ਦੁਬਾਰਾ ਆਉਣ ਦੀ ਆਸ ਵਿਚ ਜੈਤਾਮਲ ਗੰਗਾ ਕਿਨਾਰੇ ਹੀ ਰਹਿਣ ਲੱਗੇ।

ਰੋਜ਼ ਗੰਗਾ ਇਸ਼ਨਾਨ ਅਤੇ ਗੁਰੂ ਨਾਨਕ ਦੀ ਪੂਜਾ ਉਨ੍ਹਾਂ ਦਾ ਨਿਯਮ ਬਣ ਗਿਆ। ਜਦੋਂ ਉਹ ਚੱਲਣ-ਫਿਰਨ ਤੋਂ ਅਸਮਰਥ ਹੋ ਗਏ ਤਾਂ ਉਨ੍ਹਾਂ ਤੋਂ ਖ਼ੁਦ ਝੌਪੜੀ ਵਿਚ ਆ ਕੇ ਇਸ਼ਨਾਨ ਕਰਵਾਉਣ ਦੀ ਬੇਨਤੀ ਕੀਤੀ ਤਾਂਕਿ ਉਹ ਗੁਰੂ ਸਾਹਿਬ ਦੀ ਪੂਜਾ ਕਰ ਸਕਣ। ਮਾਂ ਗੰਗਾ ਨੇ ਭਗਤ ਜੈਤਾਮਲ ਦੀ ਪੁਕਾਰ ਸੁਣ ਲਈ ਅਤੇ ਗਾਂ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਨੂੰ ਰੋਜ਼ ਇਸ਼ਨਾਨ ਕਰਵਾਉਣ ਲੱਗੀ। ਤਦ ਤੋਂ ਇਹ ਸਥਾਨ ਗਊ ਘਾਟ ਕਹਿਲਾਉਣ ਲੱਗਾ।

ਮੁੱਖ ਮੰਤਰੀ ਕੋਲੋਂ ਇਹ ਸਾਖੀ ਅਤੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਸਿੱਖ ਸ਼ਰਧਾਲੂਆਂ ਨਾਲ ਭਰਿਆ ਹਾਲ ਵਾਰ-ਵਾਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ।