ਡੇਰਾ ਬਾਬਾ ਨਾਨਕ ਇਤਿਹਾਸਕ ਕਸਬਾ ਹੈ। ਇਹ ਸਿੱਖ ਇਤਿਹਾਸ ਨਾਲ ਗੂੜ੍ਹੇ ਰੂਪ ਵਿਚ ਜੁੜਿਆ ਹੋਇਆ ਹੈ। ਇਸ ਕਸਬੇ ਦੇ ਹੋਂਦ ਵਿਚ ਆਉਣ ਦੀ ਕਹਾਣੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਦੁਆਲੇ ਹੀ ਘੁੰਮਦੀ ਹੈ। ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਇੱਥੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿ ਸਰਹੱਦ ਅਤੇ ਦਰਿਆ ਰਾਵੀ ਤੋਂ ਪਾਰ ਸਥਿਤ ਹੈ। ਯਾਦ ਰਹੇ ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਅਠਾਰਾਂ ਸਾਲ ਗੁਜ਼ਾਰੇ ਅਤੇ ਇੱਥੇ ਹੀ ਉਨ੍ਹਾਂ ਦਾ ਮਿਲਾਪ (ਭਾਈ ਲਹਿਣਾ) ਗੁਰੂ ਅੰਗਦ ਦੇਵ ਜੀ ਨਾਲ ਹੋਇਆ ਸੀ।

ਕਰਤਾਰਪੁਰ ਰਹਿੰਦਿਆਂ ਉਨ੍ਹਾਂ ਨੇ ਕਿਰਤ ਕਰਨ, ਨਾਮ ਜੱਪਣ ਅਤੇ ਵੰਡ ਕੇ ਛਕਣ ਦਾ ਆਪਣਾ ਧਰਮ ਸਿਧਾਂਤ ਅਮਲ ਵਿਚ ਲਿਆਂਦਾ।

ਇਸ ਤੋਂ ਪਹਿਲਾਂ ਆਪਣੀ ਇਕ ਉਦਾਸੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਇਸ ਖੇਤਰ ਵਿਚ ਆਏ ਸਨ। ਇਸ ਦੌਰਾਨ ਡੇਰਾ ਬਾਬਾ ਨਾਨਕ ਦੀ ਧਰਤੀ ਨੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਕੀਤੀ ਸੀ। ਕੁਝ ਇਤਿਹਾਸਕਾਰਾਂ ਅਨੁਸਾਰ ਇਹ ਸਾਲ 1515 ਦਾ ਵਾਕਿਆ ਹੈ। ਅਸਲ ਵਿਚ ਇਸ ਮੌਕੇ ਉਹ ਇੱਥੋਂ ਨਜ਼ਦੀਕ ਪੈਂਦੇ ਪਿੰਡ ਪੱਖੋਕੇ ਰੰਧਾਵੇ ਆਏ ਸਨ। ਇਸ ਪਿੰਡ ਵਿਚ ਉਨ੍ਹਾਂ ਦਾ ਸਹੁਰਾ ਪਰਿਵਾਰ ਰਹਿੰਦਾ ਸੀ। ਗੁਰੂ ਨਾਨਕ ਸਾਹਿਬ ਦੇ ਸਹੁਰਾ ਮੂਲ ਚੰਦ ਜੀ ਇਥੇ ਪਟਵਾਰੀ ਦਾ ਕੰਮ ਕਰਦੇ ਸਨ।

ਪੱਖੋਕੇ ਪਿੰਡ ਦਾ ਚੌਧਰੀ ਅਜਿੱਤਾ ਰੰਧਾਵਾ ਗੁਰੂ ਸਾਹਿਬ ਦਾ ਪ੍ਰੇਮੀ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਦੇ ਖੂਹ 'ਤੇ ਡੇਰਾ ਲਾਇਆ। ਉਨ੍ਹਾਂ ਦੇ ਪਹੁੰਚਣ ਦੀ ਖ਼ਬਰ ਜਦੋਂ ਆਲੇ ਦੁਆਲੇ ਦੇ ਪਿੰਡਾਂ ਵਿਚ ਅਤੇ ਸਹੁਰਾ ਪਰਿਵਾਰ ਨੂੰ ਪਹੁੰਚੀ ਤਾਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ। ਅਸਲ ਵਿਚ ਗੁਰੂ ਜੀ ਇੱਥੇ ਆਪਣੇ ਬੱਚਿਆਂ, ਮਾਤਾ ਸੁਲੱਖਣੀ ਅਤੇ ਸਹੁਰਾ ਪਰਿਵਾਰ ਨੂੰ ਮਿਲਣ ਲਈ ਹੀ ਆਏ ਸਨ। ਗੁਰੂ ਕੀ ਸੰਗਤ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਇਥੇ ਹੀ ਵਸ ਜਾਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਆਪਣੇ ਆਖ਼ਰੀ ਵਸੇਬੇ ਲਈ ਕਰਤਾਰਪੁਰ ਨੂੰ ਚੁਣਿਆ। ਕਰਤਾਰਪੁਰ ਵਿਚ ਹੀ ਉਹ ਜੋਤੀ-ਜੋਤ ਸਮਾਏ ਅਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਤੋਂ ਬਾਅਦ ਉਨ੍ਹਾਂ ਦੇ ਫੁੱਲ ਇਥੇ ਹੀ ਦਬਾਏ ਗਏ ਸਨ ਅਤੇ ਇਥੇ ਇਕ ਸਮਾਧ ਬਣਾ ਦਿੱਤੀ ਗਈ ਸੀ। ਪਰ ਕੁਝ ਦੇਰ ਬਾਅਦ ਹੀ ਇਹ ਸਮਾਧ ਰਾਵੀ ਵਿਚ ਆਏ ਹੜ੍ਹ ਦੀ ਭੇਟ ਚੜ੍ਹ ਗਈ ਸੀ।

ਇਸ ਘਟਨਾ ਤੋਂ ਬਾਅਦ ਗੁਰੂ ਨਾਨਕ ਜੀ ਦੇ ਸਪੁੱਤਰ ਸ੍ਰੀਚੰਦ ਜੀ ਗੁਰੂ ਨਾਨਕ ਸਾਹਿਬ ਦੇ ਫੁੱਲਾਂ ਵਾਲੀ ਗਾਗਰ ਕਰਤਾਰਪੁਰ ਤੋਂ ਕਢਵਾ ਕੇ ਡੇਰਾ ਸਾਹਿਬ ਲੈ ਆਏ ਸਨ। ਡੇਰਾ ਸਾਹਿਬ ਵਿਚ ਜਿੱਥੇ ਗੁਰੂ ਨਾਨਕ ਸਾਹਿਬ ਦੇ ਫੁੱਲ ਦਬਾਏ ਗਏ ਉੱਥੇ ਇਕ ਥੜਾ ਮੌਜੂਦ ਹੈ। ਅਜਿੱਤਾ ਰੰਧਾਵਾ ਵਾਲੇ ਖੂਹ ਦੇ ਲਾਗੇ ਇਸ ਥੜ੍ਹੇ 'ਤੇ ਗੁਰੂ ਨਾਨਕ ਸਾਹਿਬ ਬਿਰਾਜਿਆ ਕਰਦੇ ਸਨ। ਸਮਾਂ ਬੀਤਣ ਨਾਲ ਇਥੇ ਇਕ ਸਮਾਧ ਉਸਰ ਆਈ। ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਡੇਰਾ (ਜਾਂ ਸਮਾਧ) ਆਖਣ ਲੱਗੇ।

ਇਸ ਅਸਥਾਨ ਦੇ ਦੁਆਲੇ ਨੂੰ ਮਨੁੱਖੀ ਵਸੋਂ ਨਾਲ ਆਬਾਦ ਕਰਨ ਦਾ ਸਿਹਰਾ ਗੁਰੂ ਨਾਨਕ ਸਾਹਿਬ ਦੇ ਪੋਤਰੇ ਅਤੇ ਬਾਬਾ ਲਖਮੀ ਦਾਸ ਦੇ ਪੁੱਤਰ ਧਰਮ ਚੰਦ ਨੂੰ ਜਾਂਦਾ ਹੈ। ਉਦਾਸੀ ਮੱਤ ਨੂੰ ਅਪਣਾਉਣ ਕਾਰਨ ਗੁਰੂ ਨਾਨਕ ਸਾਹਿਬ ਦੇ ਵੱਡੇ ਬੇਟੇ ਸ੍ਰੀਚੰਦ ਨੇ ਵਿਆਹ ਨਹੀਂ ਸੀ ਕਰਵਾਇਆ ਪਰ ਬਾਬਾ ਲਖਮੀ ਦਾਸ ਵਿਆਹੇ ਹੋਏ ਸਨ। ਉਨ੍ਹਾਂ ਦਾ ਵਿਆਹ ਦੀਵਾਨ ਉੱਤਮ ਚੰਦ ਦੀ ਧੀ ਨਾਲ ਹੋਇਆ ਸੀ।

ਅਜੋਕੇ ਸਮੇਂ ਦੇ ਸਾਰੇ ਬੇਦੀ ਬਾਬਾ ਧਰਮ ਚੰਦ ਦੇ ਦੋ ਪੁੱਤਰਾਂ ਮਿਹਰ ਚੰਦ ਅਤੇ ਮਾਨਕ ਚੰਦ ਦੀ ਹੀ ਔਲਾਦ ਮੰਨੇ ਜਾਂਦੇ ਹਨ। ਡੇਰਾ ਬਾਬਾ ਨਾਨਕ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਸਾਹਮਣੇ ਸ਼ਹਿਰ ਦੀ ਵੰਡ ਰੇਖਾ ਬਣਦਾ ਬਾਜ਼ਾਰ ਹੈ। ਇਸ ਦੇ ਪੂਰਬੀ ਪਾਸੇ ਮਿਹਰਚੰਦੀਏ ਵਸਦੇ ਹਨ ਅਤੇ ਪੱਛਮੀ ਪਾਸੇ ਮਾਨਕਚੰਦੀਏ। ਮਿਹਰਚੰਦੀਆਂ 'ਤੇ ਅਧਾਰਤ ਬੇਦੀ ਫਾਊਂਡੇਸ਼ਨ ਵਲੋਂ ਗਲੀ ਕਿਲਿਆਂਵਾਲੀ ਵਸਾ ਲਈ ਗਈ ਹੈ।

ਡੇਰਾ ਬਾਬਾ ਨਾਨਕ ਅਸਲ ਵਿਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਤੋਂ ਫੁੱਟਦੀਆਂ ਦੋ ਧਾਰਾਵਾਂ, 10 ਗੁਰੂ ਸਾਹਿਬਾਨ ਵਾਲੀ ਸਿੱਖ ਮੁੱਖ ਧਾਰਾ ਅਤੇ ਸ੍ਰੀਚੰਦ ਵਾਲੀ ਰਵਾਇਤੀ ਧਾਰਮਿਕ ਵਿਰਸੇ ਵੱਲ ਮੂੰਹ ਕਰੀ ਖਲੋਤੀ ਉਦਾਸੀ ਧਾਰਾ, ਦੋਹਾਂ ਨੂੰ ਸਮੋਈ ਬੈਠਾ ਹੈ। ਭਾਵੇਂ ਕਿ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਨੂੰ ਸੌਂਪ ਦਿੱਤੀ ਸੀ ਪਰ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਖ਼ਾਸ ਕਰਕੇ ਬਾਬਾ ਸ੍ਰੀਚੰਦ ਦਾ ਸਤਿਕਾਰ ਗੁਰੂ ਸਾਹਿਬਾਨ ਵਲੋਂ ਬਰਾਬਰ ਕੀਤਾ ਜਾਂਦਾ ਰਿਹਾ। ਇਹ ਇਕ ਕਿਸਮ ਦਾ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦਾ ਸਤਿਕਾਰ ਸੀ।

ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਅਤੇ ਗੁਰੂ ਤੇਗ ਬਹਾਦਰ ਜੀ ਦੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀਚੰਦ ਦੇ ਉੱਤਰਾਧਿਕਾਰੀ ਬਣੇ ਸਨ। ਇਸ ਦੌਰ ਵਿਚ ਉਦਾਸੀ ਧਾਰਾ ਨੂੰ ਗੁਰਮਤਿ ਦੀ ਮੁੱਖ ਧਾਰਾ ਵੱਲ ਮੋੜਨ ਦਾ ਯਤਨ ਕੀਤਾ ਗਿਆ। ਯਾਦ ਰਹੇ ਬਾਬਾ ਸ੍ਰੀਚੰਦ ਦਾ ਮੁੱਖ ਕੇਂਦਰ ਸ੍ਰੀਨਗਰ ਵਿਚ ਹੈ।

ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਚੋਹਲਾ ਸਾਹਿਬ (ਬੇਦੀ ਪਰਿਵਾਰ) ਵਿਚ ਗੁਰੂ ਨਾਨਕ ਸਾਹਿਬ ਦਾ ਇਕ ਚੋਹਲਾ ਸਾਂਭਿਆ ਹੋਇਆ ਹੈ। ਇਸ ਚੋਹਲਾ ਸਾਹਿਬ ਦੇ ਇਥੇ ਆਉਣ ਵਾਲੀ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਚੋਹਲਾ ਸਾਹਿਬ ਗੁਰਦੁਆਰੇ ਦੇ ਕੰਟਰੋਲ ਮਾਨਕਚੰਦੀਏ ਬੇਦੀਆਂ ਨਾਲ ਸਬੰਧਤ ਅਨੂਪ ਸਿੰਘ ਬੇਦੀ ਦੇ ਪਰਿਵਾਰ ਕੋਲ ਹੈ। ਚੋਹਲਾ ਸਾਹਿਬ ਨੂੰ ਹੁਣ ਤਿੰਨ ਬੇਦੀ ਪਰਿਵਾਰ ਵਾਰੋ-ਵਾਰੀ ਸਾਂਭਦੇ ਅਤੇ ਸੰਗਤਾਂ ਦੇ ਦਰਸ਼ਨ ਲਈ ਰੱਖਦੇ ਹਨ। ਇਸ ਤੋਂ ਆਉਣ ਵਾਲਾ ਚੜ੍ਹਾਵਾ ਵੀ ਸਬੰਧਤ ਪਰਿਵਾਰ ਵੱਲੋਂ ਹੀ ਰੱਖਿਆ ਜਾਂਦਾ ਹੈ। 21 ਫੱਗਣ ਤੋਂ 25 ਫੱਗਣ ਤਕ ਹਰ ਸਾਲ ਇਥੇ ਮੇਲਾ ਚੋਹਲਾ ਸਾਹਿਬ ਲਗਦਾ ਹੈ।

ਇਸ ਮੇਲੇ ਵਿਚ ਸੰਗਤ, ਵਿਸ਼ੇਸ਼ ਕਰ ਕੇ ਦੁਆਬੇ ਇਲਾਕੇ ਨਾਲ ਸਬੰਧਤ ਸੰਗਤ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਲਈ ਪਹੁੰਚਦੀ ਹੈ। ਇਹ ਸੰਗਤ ਸੰਗ ਦੇ ਰੂਪ ਵਿਚ ਪੈਦਲ ਚਲ ਕੇ ਆਉਂਦੀ ਹੈ। ਪਹੁੰਚਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਹੁੰਮ-ਹੁਮਾ ਕੇ ਪਹੁੰਚਦੇ ਹਨ। ਸਮੂਹ ਗੁਰਦੁਆਰਿਆਂ ਵਿਚ ਦੀਵਾਨ ਸਜਦੇ ਹਨ ਅਤੇ ਸੰਗਤ ਦੀ ਸੇਵਾ ਲਈ ਲੰਗਰ ਚਲਦੇ ਹਨ।

ਦੂਜੇ ਪਾਸੇ ਖੂਹ ਸਰਜੀ (ਅਜਿੱਤੇ ਰੰਧਾਵੇ ਵਾਲਾ ਖੂਹ ਜਿਸ ਨੂੰ ਹੁਣ ਬਾਉਲੀ ਦਾ ਰੂਪ ਦਿੱਤਾ ਹੋਇਆ ਹੈ) ਲਾਗੇ ਮੌਜੂਦ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਅਧੀਨ ਹੈ। ਗੁਰਦੁਆਰਾ ਦਰਬਾਰ ਸਾਹਿਬ 'ਤੇ ਮਹਾਰਾਜਾ ਰਣਜੀਤ ਸਿੰਘ ਨੇ 1827 ਵਿਚ ਸੋਨੇ ਦੀ ਸੇਵਾ ਕਰਵਾਈ ਸੀ।

ਇਸ ਦੇ ਨਾਲ ਹੀ ਗੁਰਦੁਆਰਾ 'ਲੰਗਰ ਮੰਦਰ ਚੋਹਲਾ ਸਾਹਿਬ' ਵੀ ਹੈ। ਇਸ ਅਸਥਾਨ 'ਤੇ ਬਾਬਾ ਕਾਬਲੀ ਮੱਲ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਚੋਲਾ ਲੈ ਕੇ ਆਏ ਸਨ। ਪਹਿਲਾਂ ਇਥੇ ਹੀ ਚੋਹਲਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਸਨ ਬਾਅਦ ਵਿਚ ਚੋਹਲਾ ਸਾਹਿਬ ਬੇਦੀਆਂ ਦੇ ਅਧੀਨ ਚਲਾ ਗਿਆ ਅਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੀ ਰਿਹਾ। ਇਸ ਗੁਰਦੁਆਰਾ ਸਾਹਿਬ ਦੇ ਨਾਂ 88 ਕਨਾਲ 3 ਮਰਲੇ ਜ਼ਮੀਨ ਹੈ ਅਤੇ ਪੁਰਾਤਨ ਸਮੇਂ ਦਾ ਇਕ ਅੱਠ ਨੁੱਕਰਾ ਖੂਹ ਵੀ ਮੌਜੂਦ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਕਥਾ ਕੀਰਤਨ ਦਾ ਪ੍ਰਵਾਹ ਸਵੇਰੇ ਸ਼ਾਮ ਚਲਦਾ ਹੈ।

1646 ਵਿਚ ਬਾਬਾ ਧਰਮ ਚੰਦ ਜੀ ਦੇ ਅਕਾਲ ਚਲਾਣੇ ਤੋਂ ਪਿਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਆਏ ਸਨ। ਉਨ੍ਹਾਂ ਦੀ ਯਾਦ ਵਿਚ ਕੀਰਤਨ ਅਸਥਾਨ ਸਥਾਪਤ ਹੈ। ਲੰਗਰ ਹਰ ਵਕਤ ਚਲਦਾ ਰਹਿੰਦਾ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਹੈੱਡ ਗ੍ਰੰਥੀ ਸਾਹਿਬ ਕਥਾ ਕਰਦੇ ਹਨ। ਲੰਗਰ ਦੀ ਸੇਵਾ ਅਤੇ ਪ੍ਰਬੰਧ ਕਾਰਸੇਵਾ ਖਡੂਰ ਸਾਹਿਬ ਕੋਲ ਹੈ।

ਇਥੇ ਬਣ ਰਹੀਆਂ ਨਵੀਆਂ ਇਮਾਰਤਾਂ ਦੀ ਸੇਵਾ ਵੀ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਕਾਰਸੇਵਾ ਖਡੂਰ ਸਾਹਿਬ ਵਲੋਂ ਕਰਵਾਈ ਜਾ ਰਹੀ ਹੈ। ਸਰੋਵਰ ਅਤੇ ਦੀਵਾਨ ਹਾਲ ਦੀ ਇਮਾਰਤ ਤਿਆਰ ਹੋ ਚੁੱਕੀ ਹੈ ਜਦਕਿ ਲੰਗਰ ਹਾਲ ਅਤੇ ਸਰਾਂ ਦੀ ਸੇਵਾ ਚੱਲ ਰਹੀ ਹੈ। ਇਸ ਅਸਥਾਨ ਵਿਖੇ ਪਹਿਲੇ ਪਾਤਸ਼ਾਹ ਦਾ ਆਗਮਨ ਪੁਰਬ ਅਤੇ ਜੋਤੀ ਜੋਤ ਸਮਾਉਣ ਦਿਵਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਪੂਰਬਕ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ ਹਰ ਮੱਸਿਆ 'ਤੇ ਦੀਵਾਨ ਲਗਦਾ ਹੈ। ਕਰਤਾਰਪੁਰ 'ਚ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਡੇਰਾ ਬਾਬਾ ਨਾਨਕ ਤੋਂ ਕੀਤੇ ਜਾਂਦੇ ਹਨ।

ਬਾਬਾ ਸ੍ਰੀਚੰਦ ਅਤੇ ਲਖਮੀ ਦਾਸ ਨੇ ਉਦਮ ਕਰ ਕੇ ਗੁਰੂ ਨਾਨਕ ਦੇਵ ਜੀ ਦਾ ਨਵਾਂ ਦੇਹਰਾ ਰਾਵੀ ਦਰਿਆ ਦੇ ਉਰਲੇ ਕੰਢੇ ਅਜਿੱਤੇ ਰੰਧਾਵੇ ਦੇ ਖੂਹ ਕੋਲ ਬਣਾਇਆ। ਬਾਅਦ ਵਿਚ ਲਖਮੀ ਦਾਸ ਦੇ ਪੁੱਤਰ ਧਰਮ ਦਾਸ ਨੇ ਉਥੇ ਨਗਰ ਵਸਾਇਆ ਉਸ ਦਾ ਨਾਂ ਡੇਰਾ ਬਾਬਾ ਨਾਨਕ (ਦੇਹਰਾ ਬਾਬਾ ਨਾਨਕ) ਪ੍ਰਚਲਤ ਹੋ ਗਿਆ। ਇਸ ਨਗਰ ਵਿਚ ਦੋ ਗੁਰੂ ਧਾਮ ਵਿਸ਼ੇਸ਼ ਜ਼ਿਕਰਯੋਗ ਹਨ ਇਕ ਹੈ ਗੁਰਦੁਆਰਾ ਦਰਬਾਰ ਸਾਹਿਬ ਜੋ ਨਗਰ ਦੇ ਮੱਧ ਵਿਚ ਸਥਿਤ ਹੈ। ਇਸ ਦੇ ਪਰਿਸਰ ਵਿਚ ਤਿੰਨ ਸਮਾਰਕ ਹਨ। ਇਕ ਅਜਿੱਤੇ ਰੰਧਾਵੇ ਦਾ ਉਹ ਖੂਹ ਜਿਸ ਕੋਲ ਆਣ ਕੇ ਗੁਰੂ ਜੀ ਬਿਰਾਜੇ ਸਨ। ਦੂਜਾ ਕੀਰਤਨ ਅਸਥਾਨ ਜਿੱਥੇ ਬਾਬਾ ਧਰਮ ਚੰਦ ਦੇ ਅਫਸੋਸ ਲਈ ਆਏ ਗੁਰੂ ਅਰਜਨ ਦੇਵ ਜੀ ਨੇ ਵਿਸਮਾਦੀ ਅਵਸਥਾ ਵਿਚ ਕੀਰਤਨ ਸੁਣਿਆ ਸੀ। ਤੀਜਾ ਥੜਾ ਸਾਹਿਬ ਜਿੱਥੇ ਅਜਿੱਤੇ ਰੰਧਾਵੇ ਕੋਲ ਆਉਣ ਸਮੇਂ ਗੁਰੂ ਜੀ ਬਿਰਾਜੇ ਸਨ ਅਤੇ ਜਿੱਥੇ ਬਾਅਦ ਵਿਚ ਉਨ੍ਹਾਂ ਦੇ ਪੁੱਤਰਾਂ ਨੇ ਕਰਤਾਰਪੁਰ ਤੋਂ ਬਾਬਾ ਜੀ ਦੇ ਸਿਵੇ ਦੀ ਰਾਖ ਲਿਆ ਕਿ ਸਮਾਧ (ਦੇਹਰਾ) ਬਣਾਈ ਸੀ।

ਡੇਰਾ ਬਾਬਾ ਨਾਨਕ ਦਾ ਦੂਜਾ ਗੁਰਦੁਆਰਾ ਹੈ ਚੋਹਲਾ ਸਾਹਿਬ। ਇਸ ਗੁਰਦੁਆਰੇ ਦਾ ਸਬੰਧ ਉਸ ਚੋਹਲੇ ਨਾਲ ਹੈ ਜੋ ਬਗ਼ਦਾਦ ਦੀ ਫੇਰੀ ਵੇਲੇ ਕਿਸੇ ਮੁਸਲਮਾਨ ਨੇ ਗੁਰੂ ਸਾਹਿਬ ਨੂੰ ਭੇਟ ਕੀਤਾ ਸੀ। ਇਸ ਚੋਹਲੇ 'ਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਦੀ ਕਢਾਈ ਕੀਤੀ ਹੋਈ ਹੈ। ਇਹ ਚੋਹਲਾ ਗੁਰੂ ਜੀ ਦੇ ਇਕ ਵੰਸ਼ਜ਼ ਕਾਬਲੀ ਮੱਲ ਨੇ 1 ਮਾਰਚ 1828 ਨੂੰ ਬਗ਼ਦਾਦ ਤੋਂ ਲਿਆਂਦਾ ਸੀ। ਇਸ ਗੁਰਦੁਆਰਾ ਸਾਹਿਬ ਵਿਚ ਸਦਾ ਹੀ ਲੰਗਰ ਚਲਦੇ ਰਹਿਣ ਕਾਰਨ ਇਸ ਨੂੰ ਗੁਰਦੁਆਰਾ 'ਲੰਗਰ ਮੰਦਰ ਚੋਹਲਾ ਸਾਹਿਬ' ਕਿਹਾ ਜਾਣ ਲੱਗਾ। ਗੁਰਦੁਆਰਾ ਐਕਟ ਪਾਸ ਹੋ ਜਾਣ ਤੋਂ ਬਾਅਦ ਬੇਦੀ ਪਰਿਵਾਰ ਨੇ ਗੁਰਦੁਆਰਾ ਲੰਗਰ ਮੰਦਰ ਭਾਵੇਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਪਰ ਚੋਹਲਾ ਆਪਣੇ ਕੋਲ ਹੀ ਰੱਖਿਆ। ਇਹ ਚੋਲਾ ਹੁਣ ਬਾਬਾ ਕਾਬਲੀ ਮੱਲ ਜੀ ਦੇ ਪਰਿਵਾਰਕ ਉਤਰਾਧਿਕਾਰੀਆਂ ਨੇ ਆਪਣੇ ਆਪਣੀ ਨਿੱਜੀ ਗੁਰਦੁਆਰਾ ਨੁਮਾ ਇਮਾਰਤ (ਚੋਹਲਾ ਸਾਹਿਬ) ਵਿਚ ਰੱਖਿਆ ਹੋਇਆ ਹੈ। ਗੁਰਦੁਆਰਾ ਲੰਗਰ ਮੰਦਰ ਦੇ ਪਰਿਸਰ ਵਿਚ ਬਾਬਾ ਕਾਬਲੀ ਮੱਲ ਦੀ ਸਮਾਧ ਵੀ ਬਣੀ ਹੋਈ ਹੈ।

ਜਸਵੀਰ ਸਿੰਘ

62805-74657

Posted By: Harjinder Sodhi