ਸੁਖਪਾਲ ਸਿੰਘ ਹੁੰਦਲ ਸੁਲਤਾਨਪੁਰ ਲੋਧੀ : ਮੂਲ ਮੰਤਰ ਦੀ ਉਤਪਤੀ ਦਾ ਆਧਾਰ ਪਵਿੱਤਰ ਕਾਲੀ ਵੇਈਂ ਵਿਚ ਸੰਗਤ ਵਲੋਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ਼ਨਾਨ ਕਰਨ ਦਾ ਸੁਪਨਾ ਦਹਾਕਿਆਂ ਬਾਅਦ ਸੰਪੂਰਨ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਂਈ ਵਿਚ ਸੰਗਤ ਦੇ ਇਸ਼ਨਾਨ ਲਈ ਪੁਖਤਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ, ਜੋ ਹਕੀਕਤ ਵਿਚ ਬਦਲ ਗਿਆ ਹੈ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਮੱਥਾ ਟੇਕਣ ਤੋਂ ਪਹਿਲਾਂ ਪਵਿੱਤਰ ਵੇਈਂ ਵਿਚ ਇਸ਼ਨਾਨ ਕਰਨ ਤੇ ਚੂਲਾ ਲੈਣ ਨੂੰ ਆਪਣਾ ਸੁਭਾਗ ਸਮਝਦੀ ਹੈ।

ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਲੈ ਕੇ ਬੂਸੋਵਾਲ ਮੋੜ ਤੱਕ 4 ਕਿਲੋਮੀਟਰ ਦੇ ਖੇਤਰ ਵਿਚ ਵੇਈਂ ਦੇ ਕੰਢਿਆਂ ਉੱਪਰ ਬਣੇ ਘਾਟਾਂ ਰਾਹੀਂ ਸ਼ਰਧਾਲੂ ਇਸ਼ਨਾਨ ਕਰਕੇ ਆਪਣਾ ਤਨ, ਮਨ ਪਵਿੱਤਰ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਕੁੱਲ ਲੋਕਾਈ ਦੀ ਸ਼ਰਧਾ ਦੀ ਕੇਂਦਰ ਇਸ ਵੇਈਂ ਦੇ ਕੰਢਿਆਂ ਨੂੰ 4.96 ਕਰੋੜ ਰੁਪਏ ਨਾਲ ਪੱਕਾ ਕਰਕੇ ਮੁਕੇਰੀਆਂ ਹਾਈਡਲ ਤੋਂ ਰੋਜ਼ਾਨਾ 500 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਵੇਈਂ ਦਾ ਪਾਣੀ ਨਿਰਮਲ ਹੋ ਗਿਆ ਹੈ।

Posted By: Susheel Khanna