ਮਨੁੱਖ ਦਾ ਜਨਮ ਪ੍ਰਕਿਰਤੀ ਦੀ ਗੋਦ ਵਿਚੋਂ ਹੀ ਸਾਕਾਰ ਹੋਇਆ। ਹਰੇ-ਭਰੇ ਘਾਹ, ਸਹਾਵਣੇ ਤੇ ਖ਼ੂਬਸੂਰਤ ਜੰਗਲ, ਫੁੱਲ-ਫਲ ਤੇ ਦਰੱਖ਼ਤ ਮਨੁੱਖ ਦੇ ਨਾਲ-ਨਾਲ ਹੀ ਵਿਚਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਪਾਰਦਰਸ਼ਕ ਦੂਰ-ਦ੍ਰਿਸ਼ਟੀ ਵਿਚ ਬਨਸਪਤੀ ਵਿਗਿਆਨ ਦੇ ਅਮੁੱਲ ਭੰਡਾਰ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਪੇੜ-ਪੌਦਿਆਂ, ਫਲ-ਫੁੱਲਾਂ, ਜੜ੍ਹੀ-ਬੂਟੀਆਂ ਦੇ ਸੁਭਾਅ ਨੂੰ ਪ੍ਰਭੂ ਮਿਲਾਪ ਦੇ ਪ੍ਰਤੀਕਾਂ ਵਜੋਂ ਆਪਣੀ ਬਾਣੀ ਵਿਚ ਅਜਿਹੀ ਢੁੱਕਵੀਂ ਵਰਤੋਂ ਕੀਤੀ ਹੈ ਕਿ ਹਰ ਬਿੰਬ ਜੀਵੰਤ ਸਰੂਪ ਧਾਰ ਕੇ ਧਰਮ ਸਦਾਚਾਰ ਦੇ ਸਰੋਤ ਬਣ ਗਏ ਹਨ। ਧਰਮ ਸਦਾਚਾਰ ਮਨੁੱਖ ਨੂੰ ਰੂਹਾਨੀ ਅਨੁਭਵ ਤੇ ਰੱਬੀ ਦੀਦਾਰ ਨਾਲ ਜੋੜੀ ਰੱਖਦਾ ਹੈ।

ਕਮਲ

ਕਮਲ ਦਾ ਫੁੱਲ ਭਾਰਤ ਦਾ ਸਭ ਤੋਂ ਪ੍ਰਸਿੱਧ ਫੁੱਲ ਹੈ, ਜਿਸ ਦੇ ਅਨੇਕਾਂ ਨਾਂ ਪ੍ਰਚਲਿਤ ਹਨ, ਜਿਵੇਂ ਪੰਕਜ, ਕੰਵਲ, ਪਦਮ, ਪੰਕਰੂਹ, ਸਰਸਿਜ, ਜਲਜਾਤ, ਨੀਰਜ, ਅਰਵਿੰਜ, ਵਨਜ ਆਦਿ। ਫ਼ਾਰਸੀ ਵਿਚ ਕਮਲ ਨੂੰ ਨੀਲੋਫ਼ਰ ਆਖਦੇ ਹਨ ਅਤੇ ਅੰਗਰੇਜ਼ੀ ਵਿਚ ਇੰਡੀਅਨ ਲੋਟਸ ਜਾਂ ਸੈਕਰਡ ਲੋਟਸ। ਬਨਸਪਤੀ ਵਿਗਿਆਨ ਵਿਚ ਇਸ ਨੂੰ ਨੀਲੰਬੋ ਨਾਊਸੀਫੇਰਾ ਆਖਦੇ ਹਨ।

ਇਹ ਕੋਮਲ ਸਫ਼ੈਦ ਰੰਗ ਦਾ ਫੁੱਲ ਪਾਣੀ ਵਿਚ ਹੁੰਦਾ ਹੈ। ਇਸ ਦੀਆਂ ਅਨੇਕਾਂ ਕਿਸਮਾਂ ਮਿਸਰ, ਈਰਾਨ, ਭਾਰਤੀ ਕਸ਼ਮੀਰ ਵਿਚ ਮਿਲਦੀਆਂ ਹਨ। ਇਸ ਦੇ ਫੁੱਲਾਂ ਦੀ ਉਮਰ ਸਾਰੇ ਫੁੱਲਾਂ ਨਾਲੋਂ ਵਧੀਕ ਮੰਨੀ ਜਾਂਦੀ ਹੈ। ਕੰਵਲ ਦਾ ਚਿੰਨ 'ਗਰਮੀ ਤੇ ਸੱਚ' ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਫੁੱਲ ਸਫ਼ੈਦ ਜਾਂ ਗੁਲਾਬੀ ਰੰਗ ਦੀ ਹੁੰਦਾ ਹੈ ਅਤੇ ਪੱਤੇ ਲਗਪਗ ਗੋਲ, ਢਾਲ ਵਰਗੇ ਹੁੰਦੇ ਹਨ। ਪੱਤਿਆਂ ਦੀਆਂ ਲੰਬੀਆਂ ਡੰਡੀਆਂ ਤੇ ਨਾਲੋਂ ਤੋਂ ਇਕ ਤਰ੍ਹਾਂ ਦਾ ਰੇਸ਼ਾ ਕੱਢਿਆ ਜਾਂਦਾ ਹੈ, ਜਿਸ ਤੋਂ ਮੰਦਰਾਂ ਦੇ ਦੀਵਿਆਂ ਦੀਆਂ ਬੱਤੀਆਂ ਬਣਾਈਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਦੇ ਰੇਸ਼ੇ ਤੋਂ ਤਿਆਰ ਕੀਤਾ ਗਿਆ ਕੱਪੜਾ ਪਹਿਨਣ ਨਾਲ ਕਈ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ। ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਹੇਠਾਂ ਚਿੱਕੜ ਵਿਚ ਹਰ ਪਾਸੇ ਫ਼ੈਲਦੀਆਂ ਰਹਿੰਦੀਆਂ ਹਨ। ਤਣਿਆਂ ਦੀਆਂ ਗੰਢਾਂ 'ਤੇ ਵੀ ਜੜ੍ਹਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ।

ਕੰਮਲ ਦੇ ਪੌਦੇ ਹੇ ਹਰੇਕ ਭਾਗ ਦੇ ਵੱਖ-ਵੱਖ ਨਾਂ ਹਨ ਅਤੇ ਇਨ੍ਹਾਂ ਦੀ ਵਰਤੋਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਚੀਨ ਅਤੇ ਮਲਾਇਆ ਦੇ ਲੋਕ ਵੀ ਕਮਲ ਦੀ ਵਰਤੋਂ ਦਵਾਈ ਦੇ ਤੌਰ 'ਤੇ ਕਰਦੇ ਹਨ। ਇਸ ਦੇ ਬੀਜਾਂ ਦੀ ਵੀ ਦਵਾਈਆਂ 'ਚ ਵਰਤੋਂ ਕੀਤੀ ਜਾਂਦੀ ਹੈ ਤੇ ਇਨ੍ਹਾਂ ਨੂੰ ਭੁੰਨ ਕੇ ਮਖਾਣੇ ਬਣਾਏ ਜਾਂਦੇ ਹਨ। ਮਿਸਰ ਦੇਸ਼ ਦੀਆਂ ਪੁਰਾਣੀਆਂ ਪੁਸਤਕਾਂ ਤੇ ਮੰਦਰਾਂ ਦੀ ਚਿੱਤਰਕਾਰੀ ਵਿਚ ਕਮਲ ਦੇ ਫੁੱਲ ਵਿਸ਼ੇਸ਼ ਸਥਾਨ ਹੈ। ਭਾਰਤੀ ਕਾਵਿਤਾ ਵਿਚ ਵੀ ਕਮਲ ਦੇ ਫੁੱਲ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਸ਼ਾਮਲ ਹੈ। ਭਾਰਤੀ ਕਵੀਆਂ ਦਾ ਮੰਨਣਾ ਹੈ ਕਿ ਕਮਲ ਦਾ ਫੁੱਲ ਸੂਰਜ ਚੜ੍ਹਨ ਨਾਲ ਖਿੜਦਾ ਹੈ ਅਤੇ ਸੂਰਜ ਛਿਪਣ ਨਾਲ ਬੰਦ ਹੋ ਜਾਂਦਾ ਹੈ। ਗੁਰੂ ਨਾਨਕ ਬਾਣੀ ਵਿਚ ਇਸ ਦਾ ਜ਼ਿਕਰ ਕਮਲ, ਕਵਲ ਅਤੇ ਕਉਲੁ ਕਰਕੇ ਆਇਆ ਹੈ :

- ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ (24)

- ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ (23)

- ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ (263)

- ਏਕੋ ਸਰਵਰੁ ਕਮਲ ਅਨੂਪ (352)

- ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ (938)

- ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ (59)

- ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਿਦਿਨੋ ਮੋਹਿ ਆਹੀ ਪਿਆਸਾ (13)

- ਡਾ. ਜਸਬੀਰ ਸਿੰਘ ਸਰਨਾ

99065-66604

Posted By: Harjinder Sodhi