ਰਾਜੇਸ਼ ਢੱਲ, ਚੰਡੀਗੜ੍ਹ : ਤੁਲਸੀ ਸ਼ਰਮਾ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਵੱਲੋਂ ਡਿਜ਼ਾਈਨ ਕੀਤਾ ਗਿਆ ਲੋਗੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕਰਵਾਏ ਜਾ ਰਹੇ ਸਮਾਗਮਾਂ 'ਚ ਪੂਰੀ ਦੁਨੀਆ ਵਿਚ ਚਮਕੇਗਾ।

ਜੀ ਹਾਂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਜੋ ਵੀ ਬੈਨਰ, ਪੈਂਫਲਿਟ ਤੇ ਬੋਰਡ ਬਣਵਾਏ ਹਨ ਉਨ੍ਹਾਂ ਵਿਚ ਇਸ ਲੋਗੋ ਦੀ ਹੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਜੋ ਸਿੱਕੇ ਲਾਂਚ ਕੀਤੇ ਗਏ ਹਨ ਉਨ੍ਹਾਂ 'ਤੇ ਵੀ ਇਸ ਲੋਗੋ ਦੀ ਵਰਤੋਂ ਕੀਤੀ ਗਈ ਹੈ। ਪੰਜਾਬ ਦੇ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਪ੍ਰਕਾਸ਼ ਪੁਰਬ 'ਤੇ ਇਕ ਬੈਚ ਵੀ ਲਾਂਚ ਕੀਤਾ ਹੈ।


ਇਸ ਵਿਚ ਵੀ ਚੰਡੀਗੜ੍ਹ ਦੇ ਸੈਕਟਰ-56 ਸਥਿਤ ਪਲਸੌਰਾ 'ਚ ਰਹਿਣ ਵਾਲੀ ਤੁਲਸੀ ਵੱਲੋਂ ਡਿਜ਼ਾਈਨ ਕੀਤੇ ਗਏ ਲੋਗੋ ਦੀ ਵਰਤੋਂ ਕੀਤੀ ਗਈ ਹੈ। ਤੁਲਸੀ ਦੇ ਪਿਤਾ ਕਿਸ਼ੋਰ ਸ਼ਰਮਾ ਤਰਖਾਣੇ ਦਾ ਕੰਮ ਕਰਦੇ ਹਨ ਤੇ ਮਾਤਾ ਮੰਜੂ ਦੇਵੀ ਗਹਿਣੀ ਹੈ। ਵਿਦਿਆਰਥਣ ਦਾ ਪਰਿਵਾਰ ਮੂਲ ਰੂਪ 'ਚ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਹੈ।

ਚੰਡੀਗੜ੍ਹ ਵਿਚ ਆਪਣੇ ਪਰਿਵਾਰ ਰਹਿੰਦੀ ਤੁਲਸੀ ਸੈਕਟਰ-10 ਸਥਿਤ ਆਰਟ ਕਾਲਜ ਦੀ ਵਿਦਿਆਰਥਣ ਰਹਿ ਚੁੱਕੀ ਹੈ ਤੇ ਹੁਣ ਉਹ ਆਈਆਈਟੀ ਦੀ ਤਿਆਰੀ ਕਰ ਰਹੀ ਹੈ। ਤੁਲਸੀ ਸ਼ਰਮਾ ਨੇ ਆਰਟ ਕਾਲਜ ਤੋਂ ਇਸੇ ਸਾਲ ਹੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜੋ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਉਨ੍ਹਾਂ ਵਿਚ ਤੁਲਸੀ ਵੱਲੋਂ ਤਿਆਰ ਕੀਤੇ ਗਏ ਲੋਗੋ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਇਸ 'ਤੇ ਤੁਲਸੀ ਤੇ ਉਸ ਦਾ ਪਰਿਵਾਰ ਬਹੁਤ ਮਾਣ ਮਹਿਸੂਸ ਕਰਦਾ ਹੈ।

ਸੀਐੱਮ ਤੋਂ ਮਿਲ ਚੁੱਕਾ ਹੈ ਨਕਦ ਇਨਾਮ

ਇਸ ਲੋਗੋ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਲਸੀ ਸ਼ਰਮਾ ਨੂੰ 21 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਵੀ ਦੇ ਚੁੱਕੇ ਹਨ। ਉਸ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਉਸ ਦੇ ਕਾਲਜ 'ਚ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਮੁਖੀ ਆਏ ਸਨ।

ਉਨ੍ਹਾਂ ਨੇ ਮੁਕਾਬਲਾ ਕਰਵਾਇਆ ਸੀ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਥੀਮ ਦਿੱਤਾ ਗਿਆ ਸੀ। ਇਸ ਮੁਕਾਬਲੇ ਵਿਚ ਸਾਰਿਆਂ ਨੇ ਲੋਗੋ ਤਿਆਰ ਕੀਤੇ ਸਨ ਪਰ ਚੋਣ ਤੁਲਸ ਸ਼ਰਮਾ ਵੱਲੋਂ ਬਣਾਏ ਗਏ ਲੋਗੋ ਦੀ ਕੀਤੀ ਗਈ। ਬਾਅਦ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਤੁਲਸੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਚੰਡੀਗੜ੍ਹ ਵਿਚ ਕਾਫ਼ੀ ਸਾਲ ਪਹਿਲਾਂ ਰੁਜ਼ਗਾਰ ਦੇ ਸਿਲਸਿਲੇ ਵਿਚ ਆਏ ਸਨ। ਉਹ ਚਾਰ ਭੈਣ-ਭਰਾ ਹਨ।