ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: 550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ।ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਮਓਪੀ ਅਤੇ ਐਨਜੀ, ਭਾਰਤ ਸਰਕਾਰ ਨੂੰ ਸਾਲ 2019-20 ਵਿਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕਰਦਿਆਂ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀਡੀਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਸਿਨਹਾ ਨੇ ਦੱਸਿਆ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਕਰਵਾਏ ਜਾ ਰਹੇ ਹਨ।

ਸੰਗਤ ਇਨ੍ਹਾਂ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ ਜਿਸ ਕਰਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿਚ ਤੇਲ ਦੀ ਲੋੜ ਹੈ ਕਿਉਂਕਿ ਵੱਡੇ ਪੱਧਰ 'ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿਚ ਪ੍ਰਦੂਸ਼ਣ ਵਧੇਗਾ ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ।

ਜ਼ਿਲ੍ਹਾ ਵਾਰ ਵੰਡ ਮੁਤਾਬਕ ਅੰਮਿ੍ਤਸਰ ਲਈ 636 ਕਿਲੋ ਲੀਟਰ, ਬਰਨਾਲਾ ਲਈ 96 ਕਿਲੋ ਲੀਟਰ, ਬਠਿੰਡਾ ਲਈ 444 ਕਿਲੋ ਲੀਟਰ, ਫਰੀਦਕੋਟ ਲਈ 156 ਕਿਲੋ ਲੀਟਰ, ਫਤਹਿਗੜ੍ਹ ਸਾਹਿਬ ਲਈ 72 ਕਿਲੋ ਲੀਟਰ, ਫਾਜ਼ਿਲਕਾ ਲਈ 588 ਕਿਲੋ ਲੀਟਰ, ਫਿਰੋਜ਼ਪੁਰ ਲਈ 480 ਕਿਲੋ ਲੀਟਰ, ਗੁਰਦਾਸਪੁਰ ਲਈ 480 ਕਿਲੋ ਲੀਟਰ, ਹੁਸ਼ਿਆਰਪੁਰ ਲਈ 288 ਕਿਲੋ ਲੀਟਰ, ਜਲੰਧਰ ਲਈ 252 ਕਿਲੋ, ਕਪੂਰਥਲਾ ਲਈ 240 ਕਿਲੋ ਲੀਟਰ, ਲੁਧਿਆਣਾ ਲਈ 180 ਕਿਲੋ ਲੀਟਰ, ਮਾਨਸਾ ਲਈ 204 ਕਿਲੋ ਲੀਟਰ, ਮੋਗਾ ਲਈ 180 ਕਿਲੋ ਲੀਟਰ, ਪਠਾਨਕੋਟ ਲਈ 216 ਕਿਲੋ ਲੀਟਰ, ਪਟਿਆਲਾ ਲਈ 228 ਕਿਲੋ ਲੀਟਰ, ਰੂਪਨਗਰ ਲਈ 96 ਕਿਲੋ ਲੀਟਰ, ਸੰਗਰੂਰ ਲਈ 300 ਕਿਲੋ ਲੀਟਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ , ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਲਈ ਕ੍ਮਵਾਰ 72, 48, 360 ਅਤੇ 576 ਕਿੱਲੋ ਲੀਟਰ ਗੈਰ-ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।

ਧਾਰਮਿਕ ਸਰਗਰਮੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ ਅਤੇ ਲੰਗਰ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਸੁਖਮਨੀ ਸੁਸਾਇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਿੱਖ ਮਿਸ਼ਨਰੀ ਕਾਲਜ ਆਦਿ ਰਾਹੀਂ ਕਰਵਾਏ ਜਾਣਗੇ।

ਇਸ ਤੋਂ ਇਲਾਵਾ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਵੱਖ-ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਿਨਾਂ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਅਲਾਟਮੈਂਟ ਲਈ ਕੋਈ ਸਬਸਿਡੀ ਨਹੀਂ ਹੁੰਦੀ, ਇਸ ਲਈ ਮਿੱਟੀ ਦੇ ਤੇਲ ਦੀ ਅਲਾਟਮੈਂਟ ਮੌਜੂਦਾ ਥੋਕ ਵਿਕਰੇਤਾਵਾਂ ਵਲੋਂ ਉਕਤ ਅਦਾਰਿਆਂ ਨੂੰ ਸਿੱਧੇ ਹੀ ਕੀਤੀ ਜਾਵੇਗੀ ਅਤੇ ਰਾਸ਼ਨ ਡਿੱਪੂ ਇਸ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਪੀਐਸਯੂ ਤੇਲ ਕੰਪਨੀ ਡਿੱਪੂਆਂ ਦੁਆਰਾ ਥੋਕ ਵਿਕਰੇਤਾਵਾਂ ਨੂੰ ਤੇਲ ਦੀ ਸਿੱਧੀ ਚੁਕਾਈ ਕਰਵਾਈ ਜਾਵੇਗੀ।